ਬਜਟ ਤੋਂ ਉਮੀਦਾਂ, ਹਜ਼ਾਰ ਰੁਪਏ ਦੇ ਨਾਲ-ਨਾਲ ਪੜ੍ਹੋ ਕੀ ਮੰਗ ਕਰ ਰਹੀਆਂ ਨੇ ਘਰੇਲੂ ਤੇ ਨੌਕਰੀਪੇਸ਼ਾ ਬੀਬੀਆਂ ਲੁਧਿਆਣਾ:ਪੰਜਾਬ ਸਰਕਾਰ ਵੱਲੋਂ ਬਜਟ ਪੇਸ਼ ਕੀਤਾ ਜਾਣਾ ਹੈ ਅਤੇ ਇਸਨੂੰ ਲੈ ਕੇ ਹੁਣ ਪੰਜਾਬ ਦੇ ਲੋਕਾਂ ਨੂੰ ਵੀ ਕਾਫ਼ੀ ਉਮੀਦਾਂ ਹਨ। ਖਾਸ ਕਰਕੇ ਮਹਿਲਾਵਾਂ ਨੇ ਵੀ ਅਜੋਕੇ ਸਮੇਂ ਵਿਚ ਵੱਧ ਰਹੀ ਮਹਿੰਗਾਈ ਨੂੰ ਲੈ ਕੇ ਚਿੰਤਾ ਪ੍ਰਗਟ ਕਰਦਿਆਂ ਬਜਟ ਤੋਂ ਵਿਸ਼ੇਸ਼ ਉਮੀਦਾਂ ਜਤਾਈਆਂ ਹਨ। ਬਜਟ ਨੂੰ ਲੈ ਕੇ ਵੱਖ-ਵੱਖ ਖੇਤਰ ਨਾਲ ਸੰਬੰਧਤ ਮਹਿਲਾਵਾਂ ਨਾਲ ਈਟੀਵੀ ਭਾਰਤ ਦੀ ਟੀਮ ਨੇ ਗੱਲਬਾਤ ਕੀਤੀ, ਜਿਨ੍ਹਾਂ ਕਿਹਾ ਕਿ ਸਿੱਖਿਆ, ਸੁਰੱਖਿਆ ਅਤੇ ਸਿਹਤ ਦੇ ਖੇਤਰ ਦੇ ਵਿੱਚ ਵਧੇਰੇ ਸੁਧਾਰ ਦੀ ਲੋੜ ਹੈ...
ਹਜ਼ਾਰ ਰੁਪਏ ਵਾਅਦੇ ਦੀ ਗੱਲ:ਲੁਧਿਆਣਾ ਵਿਖੇ ਨੌਕਰੀਪੇਸ਼ਾ ਮਹਿਲਾਵਾਂ ਦੇ ਨਾਲ਼ ਸਵਾਣੀਆਂ ਨੇ ਸਭ ਤੋਂ ਪਹਿਲਾਂ ਸਰਕਾਰ ਵੱਲੋਂ ਇੱਕ ਹਜ਼ਾਰ ਰੁਪਏ ਦੇ ਕੀਤੇ ਗਏ ਵਾਅਦੇ ਦੀ ਗੱਲ ਕਰਦਿਆਂ ਕਿਹਾ ਕਿ ਸਰਕਾਰ ਨੂੰ ਹੁਣ ਇਸ ਬਜਟ ਵਿੱਚ ਮਹਿਲਾਵਾਂ ਨੂੰ ਹਜ਼ਾਰ ਰੁਪਏ ਪ੍ਰਤੀ ਮਹੀਨਾ ਪੈਨਸ਼ਨ ਦੇਣ ਦੀ ਤਜ਼ਵੀਜ਼ ਨੂੰ ਸ਼ਾਮਿਲ ਕਰਨਾ ਚਾਹੀਦਾ ਹੈ। ਸਰਕਾਰ ਨੂੰ ਇਸ ਸਬੰਧੀ ਬਜਟ ਵਿੱਚ ਤਜਵੀਜ਼ਾਂ ਰੱਖਣੀਆਂ ਚਾਹੀਦੀਆਂ ਹਨ ਅਤੇ ਜਲਦ ਇਸਦਾ ਐਲਾਨ ਕਰਕੇ ਮਹਿਲਾਵਾਂ ਨੂੰ ਇਹ ਪੈਸੇ ਦੇਣੇ ਚਾਹੀਦੇ ਹਨ। ਮਹਿਲਾਵਾਂ ਨੇ ਕਿਹਾ ਕਿ ਮਹਿੰਗਾਈ ਲਗਾਤਾਰ ਵੱਧਦੀ ਜਾ ਰਹੀ ਹੈ। ਉਹਨਾਂ ਦੇ ਰਸੋਈ ਦਾ ਬਜਟ ਪੂਰੀ ਤਰ੍ਹਾਂ ਹਿੱਲ ਚੁੱਕਾ ਹੈ ਜਦੋਂ ਸਰਕਾਰ ਉਨ੍ਹਾਂ ਨੂੰ ਪ੍ਰਤੀ ਮਹੀਨਾ ਹਜ਼ਾਰ ਰੁਪਏ ਦਿੰਦੀ ਹੈ ਤਾਂ ਉਹਨਾਂ ਨੂੰ ਕਾਫੀ ਫਾਇਦਾ ਹੋਵੇਗਾ।
ਸੁਰੱਖਿਆ ਉੱਤੇ ਜੋਰ:ਨੌਕਰੀਪੇਸ਼ਾ ਮਹਿਲਾਵਾਂ ਨੇ ਸਰਕਾਰ ਨੂੰ ਸੁਰੱਖਿਆ ਉੱਤੇ ਜ਼ੋਰ ਦੇਣ ਦੀ ਅਪੀਲ ਕੀਤੀ ਹੈ। ਲੁਧਿਆਣਾ ਨੌਕਰੀ ਕਰਨ ਵਾਲੀ ਮਨਦੀਪ ਕੌਰ ਨੇ ਕਿਹਾ ਕਿ ਹੁਣ ਰਾਤ ਨੂੰ ਹੀ ਨਹੀਂ ਸਗੋਂ ਦਿਨੇਂ ਵੀ ਮਹਿਲਾਵਾਂ ਸੁਰੱਖਿਅਤ ਨਹੀਂ ਨੇ। ਉਹਨਾ ਕਿਹਾ ਕਿ ਸਰਕਾਰ ਨੇ ਸਰਕਾਰੀ ਬੱਸਾਂ ਦੇ ਵਿੱਚ ਮਹਿਲਾਵਾਂ ਲਈ ਮੁਫ਼ਤ ਸਫ਼ਰ ਦਾ ਤਾਂ ਇੱਕ ਚੰਗਾ ਕਦਮ ਚੁੱਕਿਆ ਹੈ ਪਰ ਮਹਿਲਾਵਾਂ ਲਈ ਬੱਸ ਵਿੱਚ ਸੁਰੱਖਿਆ ਵੀ ਹੋਣੀ ਚਾਹੀਦੀ ਹੈ, ਉਨ੍ਹਾਂ ਨੇ ਕਿਹਾ ਕਿ ਪੁਲਿਸ ਦੀ ਪੈਟਰੋਲਿੰਗ ਨੂੰ ਵਧਣੀ ਚਾਹੀਦੀ ਹੈ। ਚੌਂਕਾ ਦੇ ਵਿਚ ਅਤੇ ਸੜਕਾਂ ਦੇ ਉੱਤੇ ਵੱਧ ਤੋਂ ਵੱਧ ਸੀਸੀਟੀਵੀ ਕੈਮਰੇ ਹੋਣੇ ਚਾਹੀਦੇ ਹਨ। ਇਸ ਤੋਂ ਇਲਾਵਾ ਮਹਿਲਾਵਾਂ ਲਈ ਹੈਲਪਲਾਈਨ ਨੰਬਰ ਹੋਣੇ ਚਾਹੀਦੇ ਹਨ ਜੋ ਕੇ 24 ਘੰਟੇ ਚਲਦੇ ਹੋਣ ਅਤੇ ਕਿਸੇ ਵੀ ਮੁਸ਼ਕਿਲ ਦੇ ਵਿੱਚ ਮਹਿਲਾਵਾਂ ਉਸ ਤੇ ਫੋਨ ਕਰਕੇ ਮਦਦ ਲੈ ਸਕਣ।
ਇਹ ਵੀ ਪੜ੍ਹੋ:Punjab Vidhan Sabha Session: ਮੂਸੇਵਾਲਾ ਕਤਲ ਕਾਂਡ ਸਮੇਤ ਸੂਬਾ ਮਸਲਿਆਂ ਨੂੰ ਦਰਸਾਉਂਦੀ ਟੀ-ਸ਼ਰਟ ਪਾ ਕੇ ਵਿਧਾਨ ਸਭਾ ਪਹੁੰਚੇ ਰਾਜਾ ਵੜਿੰਗ
ਸਿੱਖਿਆ ਅਤੇ ਸਿਹਤ:ਮਹਿਲਾਵਾਂ ਨੇ ਸਿੱਖਿਆ ਅਤੇ ਸਿਹਤ ਦੇ ਖੇਤਰ ਦੇ ਵਿੱਚ ਵੀ ਬਜਟ ਦੇ ਅੰਦਰ ਵੱਧ ਤੋਂ ਵੱਧ ਤਜਵੀਜ਼ ਰੱਖਣ ਦੀ ਮੰਗ ਕੀਤੀ ਹੈ, ਗੱਲਬਾਤ ਕਰਦੇ ਹੋਏ ਮਹਿਲਾਵਾਂ ਨੇ ਕਿਹਾ ਕਿ ਸਰਕਾਰੀ ਸਕੂਲਾਂ ਦੇ ਵਿੱਚ ਤਾਂ ਫੀਸ ਨਹੀਂ ਹੈ ਪਰ ਨਿੱਜੀ ਸਕੂਲਾਂ ਵੱਲੋਂ ਲੁੱਟ ਖਸੁੱਟ ਕੀਤੀ ਜਾ ਰਹੀ ਹੈ, ਮਨਮਰਜ਼ੀ ਦੀਆਂ ਫੀਸਾਂ ਵਸੂਲੀਆਂ ਜਾ ਰਹੀਆਂ ਹਨ, ਜਿਨ੍ਹਾਂ ਤੇ ਸਰਕਾਰ ਦੀ ਨਕੇਲ ਹੋਣੀ ਚਾਹੀਦੀ ਹੈ। ਮਹਿਲਾਵਾਂ ਨੇ ਕਿਹਾ ਇਸ ਤੋਂ ਇਲਾਵਾ ਨਿੱਜੀ ਹਸਪਤਾਲਾਂ ਦੇ ਵਿੱਚ ਇਲਾਜ ਬਹੁਤ ਮਹਿੰਗਾ ਹੋ ਚੁੱਕਾ ਹੈ ਜਦੋਂ ਕਿ ਸਰਕਾਰੀ ਹਸਪਤਾਲਾਂ ਦੇ ਵਿੱਚ ਸੁਵਿਧਾਵਾਂ ਦੀ ਵਧੇਰੇ ਘਾਟ ਹੈ। ਮਹਿਲਾਵਾਂ ਨੇ ਕਿਹਾ ਕਿ ਜੇਕਰ ਸਰਕਾਰੀ ਹਸਪਤਾਲਾਂ ਵਿਚ ਹੀ ਹਰ ਤਰਾਂ ਦੇ ਟੈਸਟ, ਇਲਾਜ, ਅਪ੍ਰੇਸ਼ਨ ਆਦਿ ਦਵਾਈਆਂ ਆਦਿ ਮਿਲਣਗੀਆਂ ਤਾਂ ਉਹਨਾਂ ਨੂੰ ਨਿੱਜੀ ਹਸਪਤਾਲਾਂ ਵਿਚ ਲੱਖਾਂ ਰੁਪਿਆ ਖਰਚ ਨਹੀਂ ਕਰਨੇ ਪੈਣਗੇ, ਉਨ੍ਹਾਂ ਨੇ ਕਿਹਾ ਕਿ ਹਸਪਤਾਲਾਂ ਦੇ ਵਿੱਚ ਵਧੇਰੇ ਸੁਧਾਰ ਦੀ ਲੋੜ ਹੈ।