ਅਧਿਕਾਰੀ ਨੇ ਕਹੀ ਕਾਰਵਾਈ ਦੀ ਗੱਲ ਲੁਧਿਆਣਾ: ਇੱਕ ਪ੍ਰਾਈਵੇਟ ਸਕੂਲ ਵਿੱਚ ਐਲ ਕੇ ਜੀ 'ਚ ਪੜ੍ਹਨ ਵਾਲੇ ਵਿਦਿਆਰਥੀ ਦੀ ਸਕੂਲ ਦੇ ਹੀ ਅਧਿਆਪਕ ਵੱਲੋਂ ਬੁਰੀ ਤਰਾਂ ਕੁੱਟਮਾਰ ਕਰਨ ਦੇ ਮਾਮਲੇ ਵਿਚ ਪਰਚਾ ਦਰਜ ਕਰ ਦਿੱਤਾ ਹੈ। ਬੱਚੇ ਦੀ ਉਮਰ ਨੂੰ ਵੇਖਦਿਆਂ ਹੋਇਆ ਨਾਬਾਲਿਗ ਐਕਟ ਤਹਿਤ ਪਰਚਾ ਦਰਜ ਕੀਤਾ ਗਿਆ। ਪੁਲਿਸ ਨੇ ਬੱਚੇ ਨਾਲ ਕੁੱਟਮਾਰ ਕਰਨ ਵਾਲੇ ਅਧਿਆਪਕ ਨੂੰ ਗ੍ਰਿਫਤਾਰ ਵੀ ਕਰ ਲਿਆ। ਵਿਦਿਆਰਥੀ ਦੀ ਮਾਤਾ ਦੇ ਬਿਆਨਾਂ ਦੇ ਅਧਾਰ 'ਤੇ ਪੁਲਿਸ ਨੇ ਮੁਲਜ਼ਮ 'ਤੇ 323, 342, 75 ਅਤੇ 82 ਧਾਰਾ ਦੇ ਤਹਿਤ ਥਾਣਾ ਮੋਤੀ ਨਗਰ 'ਚ ਮਾਮਲਾ ਦਰਜ ਕੀਤਾ ਹੈ। ਏ ਸੀ ਪੀ ਲੁਧਿਆਣਾ ਵਲੋਂ ਇਸ ਦੀ ਪੁਸ਼ਟੀ ਕੀਤੀ ਗਈ ਹੈ। ਉਨ੍ਹਾ ਕਿਹਾ ਕਿ ਸਕੂਲ ਮਾਨਤਾ ਪ੍ਰਾਪਤ ਸੀ ਜਾਂ ਨਹੀਂ ਇਸ ਦੀ ਸਾਡੇ ਵੱਲੋਂ ਜਾਂਚ ਕੀਤੀ ਜਾ ਰਹੀ ਹੈ।
ਐਲਕੇਜੀ ਦੇ ਬੱਚੇ ਦੀ ਕੁੱਟਮਾਰ ਕਰਨ ਵਾਲੇ ਅਧਿਆਪਕ 'ਤੇ ਮਾਮਲਾ ਦਰਜ ਕੀ ਸੀ ਮਾਮਲਾ?: ਜ਼ਿਲ੍ਹੇ ਦੀ ਮੁਸਲਿਮ ਕਾਲੋਨੀ ਦੇ ਇੱਕ ਪ੍ਰਾਈਵੇਟ ਸਕੂਲ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ, ਜਿਸ ਵਿੱਚ ਇੱਕ ਨਿੱਜੀ ਸਕੂਲ ਦਾ ਪ੍ਰਿੰਸੀਪਲ LKG ਦੇ ਵਿਦਿਆਰਥੀ ਨੂੰ ਛੋਟੀ ਜਿਹੀ ਗਲਤੀ 'ਤੇ ਡੰਡਿਆਂ ਨਾਲ ਕੁੱਟਦਾ ਦਿਖਾਈ ਦੇ ਰਿਹਾ ਹੈ ਅਤੇ ਦੋ ਸੀਨੀਅਰ ਕਲਾਸ ਦੇ ਵਿਦਿਆਰਥੀ ਛੋਟੇ ਬੱਚੇ ਨੂੰ ਆਪਣੇ ਹੱਥਾਂ ਵਿੱਚ ਚੁੱਕੀ ਖੜ੍ਹੇ ਨੇ। ਇਹ ਸਾਰੀ ਘਟਨਾ ਦੀ ਵੀਡੀਓ ਕਿਸੇ ਨੇ ਬਣਾ ਕੇ ਸੋਸ਼ਲ ਮੀਡੀਆ 'ਤੇ ਵਾਇਰਲ ਕਰ ਦਿੱਤੀ।
ਹਸਪਤਾਲ 'ਚ ਬੱਚੇ ਨੂੰ ਦਾਖਿਲ ਕਰਵਾਇਆ ਗਿਆ:ਇਹ ਵੀਡੀਓ ਲੁਧਿਆਣਾ ਦੀ ਮੁਸਲਿਮ ਕਾਲੋਨੀ ਸਥਿਤ ਬਾਲ ਵਿਕਾਸ ਸਕੂਲ ਦੀ ਹੈ। ਵੀਡੀਓ ਸਾਹਮਣੇ ਆਉਣ ਤੋਂ ਬਾਅਦ ਬੱਚਿਆਂ ਦੇ ਮਾਪੇ ਵੀ ਅੱਗੇ ਆ ਗਏ ਹਨ ਅਤੇ ਇਨਸਾਫ ਦੀ ਮੰਗ ਕੀਤੀ ਹੈ। ਉਹ ਬੱਚੇ ਨੂੰ ਲੈ ਕੇ ਦੇਰ ਰਾਤ ਲੁਧਿਆਣਾ ਦੇ ਸਿਵਲ ਹਸਪਤਾਲ ਪਹੁੰਚੇ। ਬੱਚਿਆਂ ਦੇ ਮਾਪਿਆਂ ਨੇ ਦੱਸਿਆ ਕਿ ਉਨ੍ਹਾਂ ਦੇ ਲੜਕੇ ਮੁਹੰਮਦ ਨੇ ਕਿਸੇ ਬੱਚੇ ਨੂੰ ਪੈਨਸਿਲ ਮਾਰ ਦਿੱਤੀ ਸੀ, ਜਿਸ ਕਾਰਨ ਉਸ ਨੂੰ ਸਕੂਲ ਵਿੱਚ ਦੋ ਦਿਨ ਲਗਾਤਾਰ ਕੁੱਟਿਆ ਜਾਂਦਾ ਰਿਹਾ। ਮਾਪਿਆਂ ਨੇ ਕਿਹਾ ਕਿ ਉਨ੍ਹਾ ਦੇ ਬੱਚੇ ਨੂੰ ਡੰਡਿਆਂ ਨਾਲ ਕੁੱਟਿਆ ਗਿਆ, ਜਿਸ ਕਾਰਨ ਉਸ ਨੂੰ ਇਲਾਜ ਲਈ ਸਿਵਲ ਹਸਪਤਾਲ ਆਉਣਾ ਪਿਆ। ਉਸ ਦੇ ਪੈਰ ਲਾਲ ਹੋ ਗਏ ਨੇ, ਉਸ ਤੋਂ ਸਹੀ ਤਰ੍ਹਾਂ ਖੜਿਆ ਨਹੀਂ ਜਾ ਰਿਹਾ ਸੀ। ਵੀਡਿਓ ਵਿੱਚ ਬਚਾ ਚੀਕਦਾ ਹੋਇਆ ਵਿਖਾਈ ਦੇ ਰਿਹਾ ਹੈ।
ਬੱਚੇ ਦੇ ਭਲੇ ਲਈ ਕੀਤੀ ਸਖ਼ਤੀ: ਫਿਲਹਾਲ ਇਸ ਮਾਮਲੇ ਨੂੰ ਲੈ ਕੇ ਸਕੂਲ ਦੇ ਪ੍ਰਿੰਸੀਪਲ ਦਾ ਬਿਆਨ ਵੀ ਸਾਹਮਣੇ ਆਇਆ ਹੈ। ਫੋਨ 'ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਉਨ੍ਹਾਂ ਸਪੱਸ਼ਟ ਕੀਤਾ ਕਿ ਇਹ ਬੱਚੇ ਦੇ ਪਰਿਵਾਰਕ ਮੈਂਬਰਾਂ ਨੇ ਹੀ ਕਿਹਾ ਸੀ ਕਿ ਉਹ ਨਸ਼ੇ ਦਾ ਆਦੀ ਸੀ ਅਤੇ ਇਸ ਤੋਂ ਛੁਟਕਾਰਾ ਪਾਉਣ ਲਈ ਉਸ ਨਾਲ ਸਖਤੀ ਨਾਲ ਨਜਿੱਠਿਆ ਜਾਵੇ ਲੋੜ ਪੈਣ ਉੱਤੇ ਉਸ ਦੀ ਪਿਟਾਈ ਵੀ ਕਰ ਦਿੱਤੀ ਜਾਵੇ, ਤਾਂ ਜ਼ੋ ਉਸ ਦੀ ਚੇਣੀ ਖੇਨੀ ਦੀ ਆਦਤ ਹਟ ਸਕੇ। ਪ੍ਰਿੰਸੀਪਲ ਨੇ ਦੱਸਿਆ ਹੈ ਕਿ ਇੰਨਾ ਨਹੀਂ ਮਾਰਿਆ ਗਿਆ ਜਿੰਨਾ ਦਿਖਾਇਆ ਅਤੇ ਦੱਸਿਆ ਜਾ ਰਿਹਾ ਹੈ। ਜਦੋਂ ਉਹ ਜ਼ਮੀਨ 'ਤੇ ਲੇਟਿਆ ਹੋਇਆ ਸੀ ਤਾਂ ਉਸ ਨੂੰ ਫੜਨ ਲਈ ਦੋ ਵਿਦਿਆਰਥੀਆਂ ਨੂੰ ਬੁਲਾਇਆ ਗਿਆ ਸੀ। ਉਨ੍ਹਾਂ ਕਿਹਾ ਕਿ ਬੱਚੇ ਦੇ ਭਲੇ ਲਈ ਹੀ ਉਸ ਨਾਲ ਸਖਤੀ ਵਰਤੀ ਗਈ ਸੀ।