ਲੁਧਿਆਣਾ:ਜ਼ਿਲ੍ਹਾ ਲੁਧਿਆਣਾ ਐਸਟੀਐੱਫ ਰੇਂਜ (Ludhiana STF Range) ਨੂੰ ਇੱਕ ਵੱਡੀ ਸਫਲਤਾ ਹਾਸਿਲ ਹੋਈ ਹੈ। ਐੱਸਟੀਐੱਫ ਨੇ ਜੇਲ੍ਹ ਵਿੱਚੋਂ ਚਲਾਏ ਜਾ ਰਹੇ ਨਸ਼ਾ ਤਸਕਰੀ ਕਾਰੋਬਾਰੀ ਦੇ ਨੈਟਵਰਕ ਨੂੰ ਬੇਨਕਾਬ ਕਰਦਿਆਂ ਤੋੜ ਦਿੱਤਾ ਹੈ। ਐੱਸਟੀਐੱਫ ਦੇ ਡੀਐੱਸਪੀ ਨੇ ਦੱਸਿਆ ਕਿ ਬੀਤੇ ਦਿਨੀਂ ਲੁਧਿਆਣਾ ਐਸਟੀਐੱਫ ਵੱਲੋਂ ਕੁੱਝ ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਛਗਿੱਛ ਦੌਰਾਨ ਇਨ੍ਹਾਂ ਤਸਕਰਾਂ ਨੇ ਜੇਲ੍ਹ ਵਿੱਚ ਬੰਦ ਮੁਲਜ਼ਮ ਦੀ ਪਤਨੀ ਦਾ ਨਾਮ ਉਜਾਗਰ ਕੀਤਾ। ਇਸ ਨਿਸ਼ਾਨਦੇਹੀ ਦੇ ਉਧਾਰ ਉੱਤੇ ਐੱਸਟੀਐੱਫ ਨੇ ਇੱਕ ਹੋਰ ਤਸਕਰ ਗ੍ਰਿਫ਼ਤਾਰ ਕੀਤਾ ਜਿਸ ਕੋਲੋਂ 700 ਗ੍ਰਾਮ ਹੀਰੋਇਨ ਬਰਾਮਦ ਹੋਈ ਅਤੇ ਉਸ ਨੇ ਬਾਅਦ ਵਿੱਚ ਪੁੱਛਗਿਛ ਦੌਰਾਨ ਪੂਰੇ ਨੈਕਸਸ ਦੇ ਕਿੰਗਪਿਨ ਜੇਲ੍ਹ ਵਿੱਚ ਬੰਦ ਅਕਸ਼ੇ ਛਾਬੜਾ ਦਾ ਨਾਮ ਸਾਹਮਣੇ ਲਿਆਂਦਾ, ਜਿਸ ਨੂੰ ਐਨਸੀਬੀ ਵੱਲੋਂ 20 ਕਿਲੋਗ੍ਰਾਮ ਹੈਰੋਇਨ ਦੇ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਇਹ ਮੁਲਜ਼ਮ ਹੁਣ ਲੁਧਿਆਣਾ ਜੇਲ੍ਹ ਵਿੱਚ ਬੰਦ ਹੈ।
ਨਸ਼ੇ ਦਾ ਨੈਕਸਸ:ਇਸ ਮਾਮਲੇ ਬਾਰੇ ਹੋਰ ਜਾਣਕਾਰੀ ਦਿੰਦੇ ਹੋਏ ਐਸਟੀਐੱਫ ਦੇ ਡੀਐੱਸਪੀ ਅਜੇ ਕੁਮਾਰ (DSP Ajay Kumar of STF) ਨੇ ਅੱਗੇ ਦੱਸਿਆ ਕਿ ਕੁੱਝ ਦਿਨ ਪਹਿਲਾਂ ਲੁਧਿਆਣਾ ਐਸਟੀਐਫ ਨੂੰ ਵੱਡੀ ਸਫਲਤਾ ਮਿਲੀ ਸੀ, ਜਿਸ ਵਿੱਚ ਇੱਕ ਮਹਿਲਾ ਸਮੇਤ ਕੁਝ ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਜਿਨ੍ਹਾਂ ਤੋਂ ਪੁੱਛਗਿੱਛ ਵਿੱਚ ਸਾਹਮਣੇ ਆਇਆ ਕਿ ਜੇਲ੍ਹ ਵਿੱਚ ਬੈਠ ਕੇ ਫੋਨ ਦੇ ਰਾਹੀਂ ਨਸ਼ਾ ਤਸਕਰੀ ਦਾ ਕਾਰੋਬਾਰ ਚਲਾਇਆ ਜਾ ਰਿਹਾ ਸੀ। ਇਸ ਤੋਂ ਬਾਅਦ ਜੇਲ੍ਹ ਅੰਦਰੋਂ ਕਈ ਕੈਦੀਆਂ ਕੋਲੋਂ ਮੋਬਾਇਲ ਫੋਨ ਵੀ ਬਰਾਮਦ ਕੀਤੇ ਗਏ ਅਤੇ ਫਿਰ ਕੜੀਆਂ ਜੁੜਨ ਤੋਂ ਬਾਅਦ ਪੂਰੇ ਮਾਮਲੇ ਦੇ ਸੰਚਾਲਕ ਅਕਸ਼ੇ ਛਾਬੜਾ ਦਾ ਨਾਮ ਸਾਹਮਣੇ ਆਇਆ।