ਲੁਧਿਆਣਾ: ਪੰਜਾਬ ਵਿੱਚ ਨਗਰ ਨਿਗਮ ਚੋਣਾਂ ਸਬੰਧੀ ਐਲਾਨ ਹੋ ਚੁੱਕਾ ਹੈ ਅਤੇ ਲੁਧਿਆਣਾ ਦੇ ਵਿੱਚ ਬੀਤੇ ਦਿਨੀ ਵਾਰਡ ਬੰਦੀ ਵੀ ਕਰ ਦਿੱਤੀ ਗਈ ਹੈ। ਜਿਸ ਨੂੰ ਲੈ ਕੇ ਪਹਿਲਾਂ ਕਾਂਗਰਸ ਅਤੇ ਹੁਣ ਅਕਾਲੀ ਦਲ ਨੇ ਸਵਾਲ ਖੜ੍ਹੇ ਕੀਤੇ ਨੇ। ਅਕਾਲੀ ਦਲ ਦੇ ਕਈ ਵੱਡੇ ਲੀਡਰਾਂ ਅਤੇ ਕਾਂਗਰਸ ਦੇ ਮਜ਼ਬੂਤ ਉਮੀਦਵਾਰਾਂ ਦੇ ਵਾਰਡਾਂ ਨੂੰ ਐਸ ਸੀ ਕੋਟੇ ਵਿੱਚ ਸ਼ਾਮਿਲ ਕਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਅਵਾਰਡ ਬੰਦੀ ਦੇ ਦੌਰਾਨ ਵੰਡੇ ਗਏ ਇਲਾਕਿਆਂ ਨੂੰ ਲੈ ਕੇ ਵੀ ਅਕਾਲੀ ਦਲ ਵੱਲੋਂ ਅੱਜ ਆਪਣਾ ਵਿਰੋਧ ਦਰਜ ਕਰਵਾਇਆ ਗਿਆ ਹੈ ਅਤੇ ਨਿਗਮ ਕਮਿਸ਼ਨਰ ਨੂੰ ਮਿਲ ਕੇ ਆਪਣੀ ਗੱਲ ਰੱਖੀ ਗਈ ਹੈ।
ਧੱਕੇਸ਼ਾਹੀ ਵਿਰੁੱਧ ਕਾਨੂੰਨੀ ਚਾਰਾਜੋਈ: ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਦੇ ਮੁਤਾਬਿਕ ਕਈ ਵਾਰਡ ਜਿੱਥੇ ਐਸ ਸੀ ਵਸੋਂ ਘੱਟ ਹੈ। ਉਨ੍ਹਾਂ ਨੂੰ ਐਸ ਸੀ ਵਾਰਡ ਐਲਾਨ ਦਿੱਤਾ ਗਿਆ ਹੈ। ਅਕਾਲੀ ਦਲ ਦੇ ਸੀਨੀਅਰ ਆਗੂ ਮਹੇਸ਼ਇੰਦਰ ਸਿੰਘ ਗਰੇਵਾਲ ਨੇ ਕਿਹਾ ਕਿ ਜੇਕਰ ਅਜਿਹਾ ਹੀ ਧੱਕਾ ਕਰਨਾ ਹੈ ਤਾਂ ਚੋਣਾਂ ਕਰਵਾਉਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਇਸ ਧੱਕੇਸ਼ਾਹੀ ਵਿਰੁੱਧ ਕਾਨੂੰਨੀ ਚਾਰਾਜੋਈ ਕਰੇਗੀ। ਉਨ੍ਹਾਂ ਨੇ ਨਕਸ਼ੇ ਨੂੰ ਲੈਕੇ ਵੀ ਸਵਾਲ ਖੜ੍ਹੇ ਕੀਤੇ ਕੇ ਨਕਸ਼ਾ ਸਪੱਸ਼ਟ ਨਹੀਂ ਹੈ। ਵਾਰਡਾਂ ਨੂੰ ਆਪਣੀ ਲੋੜ ਦੇ ਮੁਤਾਬਿਕ ਵੰਡ ਲਿਆ ਗਿਆ ਹੈ।
ਨਿਗਮ ਚੋਣਾਂ ਨੂੰ ਲੈ ਕੇ ਭਖੀ ਸਿਆਸਤ, ਵਾਰਡਬੰਦੀ 'ਤੇ ਵਿਰੋਧੀ ਪਾਰਟੀਆਂ ਨੇ ਚੁੱਕੇ ਸਵਾਲ, ਕਿਹਾ-ਸਰਕਾਰ ਬਿਨ੍ਹਾਂ ਚੋਣਾਂ ਕਰਵਾਏ ਹੀ ਐਲਾਨ ਦੇਵੇ ਮੇਅਰ - ਲੁਧਿਆਣਾ ਨਿਗਮ ਕਮਿਸ਼ਨਰ
ਪੰਜਾਬ ਵਿੱਚ ਨਗਰ ਨਿਗਮ ਚੋਣਾਂ ਦੇ ਐਲਾਨ ਤੋਂ ਬਾਅਦ ਲੁਧਿਆਣਾ ਅੰਦਰ ਸਿਆਸਤ ਗਰਮਾ ਗਈ ਹੈ। ਸ਼੍ਰੋਮਣੀ ਅਕਾਲੀ ਦਲ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਇਸ ਚੋਣਾਂ ਦੌਰਾਨ ਹਰ ਮੋਰਚੇ ਉੱਤੇ ਧੱਕੇਸ਼ਾਹੀ ਕਰ ਰਹੀ ਹੈ ਅਤੇ ਆਪਣਾ ਮੇਅਰ ਹਰ ਕੀਮਤ ਉੱਤੇ ਲਾਉਣ ਲਈ ਵੀ ਤਿਆਰ ਹੈ। ਦੂਜੇ ਪਾਸੇ ਆਪ ਵਿਧਾਇਕ ਨੇ ਸਾਰੇ ਇਲਜ਼ਾਮਾਂ ਨੂੰ ਨਕਾਰਿਆ।
ਇਲਜ਼ਾਮਾਂ ਦੀ ਸਫ਼ਾਈ: ਇਸ ਸਬੰਧੀ ਲੁਧਿਆਣਾ ਨਿਗਮ ਕਮਿਸ਼ਨਰ ਨੇ ਕਿਹਾ ਹੈ ਕਿ ਅਸੀਂ ਸਾਰਿਆਂ ਦੇ ਇਤਰਾਜ ਵੇਖ ਰਹੇ ਹਾਂ। ਇਸ ਸਬੰਧੀ ਢੁੱਕਵੀਂ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਉਨ੍ਹਾਂ ਕੋਲ ਹੁਣ ਤੱਕ ਕਈ ਸੁਝਾਅ ਆ ਚੁੱਕੇ ਹਨ ਅਤੇ ਉਹ ਇਸ ਉੱਤੇ ਸਭ ਦੀ ਸਲਾਹ ਲੈਕੇ ਕਾਰਵਾਈ ਕਰਨਗੇ। ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਜਿੱਥੇ ਨਗਰ ਨਿਗਮ ਦੇ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਸਬੰਧੀ ਗੱਲਬਾਤ ਕੀਤੀ ਗਈ। ਉੱਥੇ ਹੀ ਅਕਾਲੀ ਦਲ ਵੱਲੋਂ ਚੁੱਕੇ ਜਾ ਰਹੇ ਵਾਰਡਬੰਦੀ ਦੇ ਸਵਾਲਾਂ ਨੂੰ ਲੈ ਕੇ ਵੀ ਜਵਾਬ ਦਿੱਤਾ ਅਤੇ ਕਿਹਾ ਕਿ ਅਕਾਲੀ ਦਲ ਵਾਲੇ ਕਹਿ ਰਹੇ ਨੇ ਕਿ ਨਕਸ਼ੇ ਦੇ ਵਿੱਚ ਉਨ੍ਹਾਂ ਨੂੰ ਵਾਰਡ ਨਹੀਂ ਦਿਖਾਈ ਦੇ ਰਹੇ। ਨਕਸ਼ੇ ਵੇਖਣ ਲਈ ਉਨ੍ਹਾਂ ਨੂੰ ਦੂਰਬੀਨ ਲਾਉਣੀ ਪੈਂਦੀ ਹੈ। ਜਦੋਂ ਕਿ ਵਿਧਾਇਕ ਅਸ਼ੋਕ ਪਰਾਸ਼ਰ ਨੇ ਕਿਹਾ ਕਿ ਲੋਕ ਅਕਾਲੀ ਦਲ ਵਾਲਿਆਂ ਨੂੰ ਦੂਰਬੀਨ ਲਾ ਕੇ ਲੱਭ ਰਹੇ ਨੇ। ਮੀਡੀਆ ਨੇ ਜਦੋਂ ਸਵਾਲ ਕੀਤਾ ਕੇ ਜਿਵੇਂ ਦਿੱਲੀ ਵਿੱਚ ਗਠਜੋੜ ਹੋਇਆ ਉਸੇ ਤਰ੍ਹਾਂ ਕੀ ਨਿਗਮ ਚੋਣਾਂ ਕਾਂਗਰਸ ਨਾਲ ਗਠਜੋੜ ਕੀਤਾ ਜਾਵੇਗਾ ਤਾਂ ਆਪ ਆਗੂਆਂ ਨੇ ਕਿਹਾ ਕਿ ਹਾਈਕਮਾਨ ਇਸ ਸਬੰਧੀ ਫੈਸਲਾ ਕਰੇਗੀ।