ਲੁਧਿਆਣਾ : ਉਤਰੀ ਭਾਰਤ ਦੇ ਵੱਡੇ ਸ਼ਰਾਬ ਕਾਰੋਬਾਰੀ ਅਤੇ ਫਰੀਦਕੋਟ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਟਿਕਟ 'ਤੇ ਪੰਜ ਸਾਲ ਵਿਧਾਇਕ ਰਹਿ ਚੁੱਕੇ ਦੀਪ ਮਲਹੋਤਰਾ ਤੇ ਆਮਦਨ ਕਰ ਵਿਭਾਗ ਵੱਲੋਂ ਸ਼ਿਕੰਜਾ ਕਸਿਆ ਜਾ ਰਿਹਾ। ਵਿਭਾਗ ਵੱਲੋਂ ਬੀਤੇ ਕਰੀਬ 26 ਘੰਟਿਆਂ ਤੋਂ ਦੀਪ ਮਲਹੋਤਰਾ ਦੇ ਫਰੀਦਕੋਟ ਸਥਿਤ ਘਰ, ਦਫ਼ਤਰ ਅਤੇ ਸਹਿਯੋਗੀਆਂ ਦੇ ਠਿਕਾਣਿਆਂ 'ਤੇ ਰੇਡ ਕਰ ਕੇ ਜਾਂਚ ਕੀਤੀ ਜਾ ਰਹੀ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਿਕ ਸ਼ੱਕ ਜਤਾਇਆ ਜਾ ਰਿਹਾ ਹੈ ਕਿ ਦੀਪ ਮਲਹੋਤਰਾ ਇਨਕਮ ਟੈਕਸ ਵਿਚ ਚੋਰੀ ਕਰ ਰਹੇ ਹਨ ਜਿਸ ਕਾਰਨ ਇਹ ਕਾਰਵਾਈ ਕੀਤੀ ਜਾ ਰਹੀ ਹੈ। ਇੰਨੀ ਲੰਬੀ ਚੱਲ ਰਹੀ ਜਾਂਚ ਤੋਂ ਇਹ ਸ਼ੰਕਾ ਪ੍ਰਗਟਾਈ ਜਾ ਰਹੀ ਹੈ ਕਿ ਆਮਦਨ ਕਰ ਵਿਭਾਗ ਦੀਪ ਮਲਹੋਤਰਾ ਖਿਲਾਫ ਕਿਸੇ ਵੱਡੀ ਕਾਰਵਾਈ ਦੀ ਤਿਆਰੀ ਵਿਚ ਹੈ। ਵਿਭਾਗੀ ਸੂਤਰਾਂ ਅਨੁਸਾਰ ਵਿਭਾਗ ਨੇ ਗੁਪਤ ਸੂਚਨਾ ਦੇ ਆਧਾਰ 'ਤੇ ਕਾਰਵਾਈ ਅਮਲ ਵਿਚ ਲਿਆਉਂਦੀ ਹੈ,ਕਾਰੋਬਾਰੀ ਉੱਤੇ ਟੈਕਸ ਚੋਰੀ ਦੇ ਸ਼ੱਕ ਦੇ ਚਲਦਿਆਂ ਇਸ ਕਾਰਵਾਈ ਨੂੰ ਅਮਲ ਵਿਚ ਲਿਆਉਂਦਾ ਗਿਆ ਹੈ। ਕਾਰੋਬਾਰੀ ਦੇ ਬੈਂਕ ਖਾਤਿਆਂ ਤੋਂ ਲੈਕੇ ਹਰ ਇਕ ਚੀਜ਼ ਦੀ ਜਾਂਚ ਕੀਤੀ ਜਾ ਰਹੀ ਹੈ।
ਸਗੇ ਸਬੰਧੀਆਂ ਦੇ ਘਰਾਂ ਵਿਚ ਵੀ ਹੋਈ ਰੇਡ :ਜ਼ਿਕਰਯੋਗ ਹੈ ਕਿ ਟੈਕਸ ਚੋਰੀ ਮਾਮਲੇ 'ਚ ਫਸੇ ਕਾਰੋਬਾਰੀ ਦੇ ਠਿਕਾਣਿਆਂ ਸਣੇ ਉੰਨਾ ਦੇ ਸਗੇ ਸਬੰਧੀਆਂ ਦੇ ਘਰ ਵੀ ਛਾਪੇਮਾਰੀ ਕੀਤੀ ਜਾ ਰਹੀ ਹੈ, ਜਿਨ੍ਹਾਂ ਦਾ ਇਸ ਮਾਮਲੇ ਵਿਚ ਸ਼ਾਮਿਲ ਹੋਣ ਦਾ ਸ਼ੱਕ ਜਤਾਇਆ ਜਾ ਰਿਹਾ ਹੈ। ਇਸ ਤੋਂ ਪਹਿਲਾਂ ਵੀ ਕਰੀਬ 2 ਮਹੀਨੇ ਪਹਿਲਾਂ ਈ.ਡੀ. ਵੱਲੋ ਵੀ ਦੀਪ ਮਲਹੋਤਰਾ ਦੀ ਫਰੀਦਕੋਟ ਸਥਿਤ ਰਿਹਾਇਸ਼ 'ਤੇ ਰੇਡ ਕੀਤੀ ਗਈ ਸੀ ਅਤੇ ਉਸ ਤੋਂ ਬਾਅਦ ਦੀਪ ਮਲਹੋਤਰਾ ਦੇ ਪੁੱਤਰ ਗੌਤਮ ਮਲਹੋਤਰਾ ਤੇ ਦਿੱਲੀ ਸਰਕਾਰ ਦੀ ਨਵੀਂ ਸ਼ਰਾਬ ਨੀਤੀ ਨੂੰ ਲੈ ਕੇ ਕਥਿਤ ਮੁਕੱਦਮਾਂ ਵੀ ਦਰਜ ਕੀਤਾ ਗਿਆ ਸੀ ਅਤੇ ਉਹਨਾਂ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਸੀ। ਉਸ ਤੋਂ ਬਾਅਦ ਬੀਤੇ ਕੱਲ੍ਹ ਸਵੇਰ ਤੋਂ ਹੀ ਦੀਪ ਮਲਹੋਤਰਾ ਦੇ ਫਰੀਦਕੋਟ ਦੇ ਅਦਰਸ਼ ਨਗਰ ਸਥਿਤ ਘਰ ਅਤੇ ਮੁਹੱਲਾ ਖੋਖਰਾਂ ਸਥਿਤ ਦਫਤਰ ਦੇ ਨਾਲ ਨਾਲ ਉਹਨਾਂ ਦੇ ਸਹਿਯੋਗੀ ਫਰੀਦਕੋਟ ਦੇ ਅਦਰਸ਼ ਨਗਰ ਵਾਸੀ ਅਸ਼ੋਕ ਸੇਠੀ, ਡੋਗਰ ਬਸਤੀ ਵਾਸੀ ਹੈਪੀ ਠੇਕੇਦਾਰ ਅਤੇ ਇਕ ਹੋਰ ਨਜਦੀਕੀ ਅਤੇ ਵੱਡੇ ਬਿਜਨੈਸਮੈਨ ਅਸ਼ੋਕ ਸੱਚਰ ਦੇ ਘਰ ਰੇਡ ਕੀਤੀ ਗਈ। ਜਿੰਨਾਂ ਵਿਚੋਂ ਅਸ਼ੋਕ ਸੇਠੀ ਅਤੇ ਅਸ਼ੋਕ ਸੱਚਰ ਦੇ ਘਰਾਂ 'ਚ ਅਤੇ ਦੀਪ ਮਲਹੋਤਰਾ ਦੇ ਮੁਹੱਲਾ ਖੋਖਰਾਂ ਸਥਿਤ ਦਫਤਰ ਵਿਚ ਹਾਲੇ ਵੀ ਰੇਡ ਚੱਲ ਰਹੀ ਹੈ ।