ਲੁਧਿਆਣਾ:ਉੱਤਰ-ਭਾਰਤ ਦੇ ਵਿੱਚ ਲਗਾਤਾਰ ਕਈ ਦਿਨਾਂ ਤੋਂ ਪੈ ਰਹੀ ਬਰਸਾਤ ਕਾਰਣ ਹੜ੍ਹ ਜਿਹੇ ਹਾਲਾਤ ਪੈਦਾ ਹੋਣ ਤੋਂ ਬਾਅਦ ਸਬਜ਼ੀਆਂ ਦੀਆਂ ਕੀਮਤਾਂ ਦੇ ਵਿੱਚ ਭਾਰੀ ਉਛਾਲ ਵੇਖਣ ਨੂੰ ਮਿਲ ਰਿਹਾ ਹੈ। ਖਾਸ ਕਰਕੇ ਹਰੀਆਂ ਸਬਜ਼ੀਆਂ ਦੀਆਂ ਕੀਮਤਾਂ ਅਸਮਾਨੀ ਚੜ੍ਹ ਗਈਆਂ ਨੇ, ਸਬਜ਼ੀਆਂ ਦੀ ਸਪਲਾਈ ਗੁਆਂਢੀ ਸੂਬਿਆਂ ਤੋਂ ਬੰਦ ਹੋ ਚੁੱਕੀ ਹੈ। ਹਿਮਾਚਲ ਤੋਂ ਆਉਣ ਵਾਲੀ ਸਬਜ਼ੀ ਬੰਦ ਹੈ, ਜਿਸ ਕਰਕੇ ਟਮਾਟਰ ਦੀ ਕੀਮਤ 250 ਰੁਪਏ ਕਿਲੋ, ਤੋਰੀ 80 ਰੁਪਏ ਕਿੱਲੋ, ਮਟਰ 150 ਰੁਪਏ, ਸ਼ਿਮਲਾ ਮਿਰਚ 80 ਰੁਪਏ ਕਿੱਲੋ, ਕਰੇਲਾ 80, ਭਿੰਡੀ 80 ਅਤੇ ਬੀਨਸ 100 ਰੁਪਏ ਕਿੱਲੋ ਤੱਕ ਪਹੁੰਚ ਗਏ ਨੇ। ਹਰ ਸਬਜ਼ੀ ਦੀ ਕੀਮਤ 80 ਰੁਪਏ ਪ੍ਰਤੀ ਕਿੱਲੋਂ ਤੋਂ ਪਾਰ ਹੋ ਚੁੱਕੀ ਹੈ। ਹਾਲਾਤ ਇਹ ਨੇ ਕਿ ਸਬਜ਼ੀਆਂ ਲੈਣ ਆਏ ਲੋਕ ਕਿੱਲੋ ਦੀ ਥਾਂ ਅੱਧਾ ਕਿੱਲੋ ਸਬਜ਼ੀਆਂ ਹੀ ਲੈਕੇ ਜਾ ਰਹੇ ਨੇ।
ਬਰਸਾਤ ਕਾਰਣ ਬਣੇ ਮਾੜੇ ਹਾਲਾਤ: ਸਬਜ਼ੀ ਲੈਣ ਆਏ ਲੋਕਾਂ ਨੇ ਕਿਹਾ ਕਿ ਅਜਿਹੇ ਹਾਲਾਤ ਪਹਿਲਾਂ ਨਹੀਂ ਵੇਖੇ, ਇੰਨੀ ਜ਼ਿਆਦਾ ਸਬਜ਼ੀ ਮਹਿੰਗੀ ਕਦੀ ਨਹੀਂ ਹੋਈ। ਉਨ੍ਹਾਂ ਕਿਹਾ ਕਿ ਜਿਹੜੇ ਲੋਕ ਦਿਹਾੜੀ ਕਰਕੇ ਆਪਣਾ ਗੁਜ਼ਾਰਾ ਕਰਦੇ ਨੇ ਉਨ੍ਹਾਂ ਲਈ ਸਬਜ਼ੀ ਖਰੀਦਣੀ ਬਜਟ ਤੋਂ ਬਾਹਰ ਹੋ ਗਈ ਹੈ। ਲੋਕਾਂ ਨੇ ਕਿਹਾ ਨੇ 1000 ਰੁਪਏ ਦੀ ਸਬਜ਼ੀ ਆਉਂਦੀ ਹੈ ਜੋਕਿ ਪਹਿਲਾਂ 200 ਰੁਪਏ ਤੋਂ 300 ਰੁਪਏ ਵਿੱਚ ਆ ਜਾਂਦੀ ਸੀ। ਬਰਸਾਤ ਕਰਕੇ ਅਜਿਹੇ ਹਾਲਾਤ ਬਣੇ ਹਨ। ਲੋਕਾਂ ਨੇ ਕਿਹਾ ਕਿ ਇਸ ਮੁਸ਼ਕਿਲ ਵੱਲ ਸਰਕਾਰ ਨੂੰ ਧਿਆਨ ਦੇਣ ਦੀ ਲੋੜ ਹੈ।
250 ਰੁਪਏ ਕਿੱਲੋ ਹੋਇਆ ਟਮਾਟਰ, ਬਾਕੀ ਸਬਜ਼ੀਆਂ ਦੀਆਂ ਕੀਮਤਾਂ ਵੀ ਚੜੀਆਂ ਅਸਮਾਨੀ, ਜਾਣੋ ਕਾਰਣ... - ਲੁਧਿਆਣਾ ਦੀ ਖ਼ਬਰ ਪੰਜਾਬੀ ਵਿੱਚ
ਇੱਕ ਪਾਸੇ ਜਿੱਥੇ ਪੰਜਾਬ ਸਮੇਤ ਪੂਰੇ ਉੱਤਰ-ਭਾਰਤ ਵਿੱਚ ਇਸ ਸਮੇਂ ਪਾਣੀ ਤਬਾਹੀ ਮਚਾ ਰਿਹਾ ਹੈ ਤਾਂ ਦੂਜੇ ਪਾਸੇ ਲੋਕਾਂ ਦੀ ਰਸੋਈ ਦਾ ਬਜਟ ਸਬਜ਼ੀਆਂ ਦੇ ਭਾਅ ਵਿਗਾੜ ਰਹੇ ਨੇ। ਲੁਧਿਆਣਾ ਵਿੱਚ ਇਸ ਸਮੇਂ ਟਮਾਟਰ ਜਿੱਥੇ 250 ਰੁਪਏ ਪ੍ਰਤੀ ਕਿੱਲੋ ਵਿਕ ਰਿਹਾ ਹੈ ਉੱਥੇ ਹੀ ਬਾਕੀ ਸਬਜ਼ੀਆਂ ਦੇ ਭਾਅ ਵੀ ਅਸਮਾਨੀ ਪਹੁੰਚੇ ਹੋਏ ਨੇ।
ਮੰਡੀ ਦੇ ਵਿੱਚ ਸਬਜ਼ੀਆਂ ਉਪਲਬਧ ਨਹੀਂ: ਸਬਜ਼ੀ ਵਿਕ੍ਰੇਤਾਵਾਂ ਨੇ ਕਿਹਾ ਕਿ ਇੰਨੀ ਮਹਿੰਗੀ ਸਬਜ਼ੀ ਕਦੇ ਨਹੀਂ ਹੋਈ। ਉਹ 15 ਸਾਲ ਤੋਂ ਸਬਜ਼ੀ ਦਾ ਕੰਮ ਕਰ ਰਹੇ ਨੇ, ਟਮਾਟਰ 250 ਰੁਪਏ ਕਿੱਲੋ ਹੈ ਮੰਡੀ ਦੇ ਵਿੱਚ ਸਬਜ਼ੀਆਂ ਹੀ ਉਪਲਬਧ ਨਹੀਂ ਹਨ। ਬਰਸਾਤ ਕਰਕੇ ਆਏ ਹੜ੍ਹ ਕਾਰਨ ਸਬਜ਼ੀਆਂ ਖਰਾਬ ਹੋ ਚੁੱਕੀਆਂ ਹਨ, ਜਿਸ ਕਰਕੇ ਸਬਜ਼ੀਆਂ ਉਪਲਬਧ ਨਹੀਂ ਹਨ ਅਤੇ ਜਿਹੜੀਆਂ ਸਬਜ਼ੀਆਂ ਮਿਲ ਵੀ ਰਹੀਆਂ ਹਨ ਉਹਨਾਂ ਦੀ ਕੀਮਤ ਬਹੁਤ ਜ਼ਿਆਦਾ ਵਧ ਗਈ ਹੈ। ਉਨ੍ਹਾਂ ਦੱਸਿਆ ਕਿ ਇਸ ਤਰ੍ਹਾਂ ਦੇ ਹਾਲਾਤ ਦੋ ਮਹੀਨੇ ਤੱਕ ਰਹਿਣਗੇ। ਹਾਲਾਂਕਿ ਬਰਸਾਤ ਘੱਟ ਹੋਣ ਨਾਲ ਸਬਜ਼ੀ ਦੀਆਂ ਕੀਮਤਾਂ ਵੀ ਘੱਟ ਹੋਣੀਆਂ ਸ਼ੁਰੂ ਹੋ ਜਾਣਗੀਆਂ। ਉਨ੍ਹਾਂ ਕਿਹਾ ਕਿ ਗ੍ਰਾਹਕ ਬਹੁਤ ਘੱਟ ਗਿਆ ਹੈ ਅਤੇ ਲੋਕ ਸਬਜ਼ੀਆਂ ਨਹੀਂ ਖਰੀਦ ਰਹੇ, ਜਿਸ ਦਾ ਕਾਰਨ ਮੀਂਹ ਹੈ।