ਲੁਧਿਆਣਾ: ਲੁਧਿਆਣਾ ਨੂੰ ਮੈਨਚੈਸਟਰ ਆਫ਼ ਇੰਡੀਆ ਵੀ ਕਿਹਾ ਜਾਂਦਾ ਹੈ, ਲੁਧਿਆਣਾ ਅੰਦਰ ਵੱਡੀ ਤਦਾਦ ਵਿੱਚ ਇੱਥੇ ਇੰਡਸਟਰੀਆਂ ਹਨ। ਮੁੱਖ ਤੌਰ ਤੇ ਸਾਈਕਲ ਇੰਡਸਟਰੀ ਆਟੋ ਪਾਰਟਸ ਇੰਡਸਟਰੀ, ਹੌਜ਼ਰੀ ਇੰਡਸਟਰੀ, ਸਿਲਾਈ ਮਸ਼ੀਨ ਇੰਡਸਟਰੀ ਵੱਡੀ ਤਦਾਦ ਵਿੱਚ ਹੈ। ਇਹੀ ਕਾਰਨ ਹੈ ਕਿ ਲੁਧਿਆਣਾ ਨੂੰ ਬੀਤੇ 5 ਸਾਲ ਦੇ ਕਾਰਜਕਾਲ ਦੌਰਾਨ ਦੋ-ਦੋ ਕੈਬਿਨਟ ਮੰਤਰੀ ਵੀ ਮਿਲੇ ਹਨ। ਗੁਰਕੀਰਤ ਕੋਟਲੀ ਨੂੰ ਵਿਸ਼ੇਸ਼ ਤੌਰ ਤੇ ਇੰਡਸਟਰੀ ਮੰਤਰੀ ਵੀ ਬਣਾਇਆ ਗਿਆ ਪਰ ਕਾਂਗਰਸ ਦੇ ਆਪਣੇ ਹੀ ਚੇਅਰਮੈਨ ਨੇ ਕਿਹਾ ਕਿ ਮਨਪ੍ਰੀਤ ਬਾਦਲ ਨੇ ਲੁਧਿਆਣਾ ਦੀ ਇੰਡਸਟਰੀ ਦੇ ਵਿਕਾਸ ਲਈ ਕੋਈ ਰਾਹਤ ਨਹੀਂ ਦਿੱਤੀ, ਇਸ ਪੂਰੇ ਮਾਮਲੇ ਨੂੰ ਲੈ ਕੇ ਸਾਬਕਾ ਅਤੇ ਮੌਜੂਦਾ ਕਾਂਗਰਸੀ ਉਮੀਦਵਾਰ ਆਹਮੋ-ਸਾਹਮਣੇ ਹਨ।
ਚੋਣਾਂ ਦੌਰਾਨ ਬਿਜਲੀ ਸਸਤੀ ਕਰਨੀ ਪਰ ਉਹ ਵੀ ਇੱਕ ਚੁਣਾਵੀ ਸਟੰਟ
ਲੁਧਿਆਣਾ ਦੇ ਵਪਾਰੀਆਂ ਨਾਲ ਜਦੋਂ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਬੀਤੇ ਸਾਲਾਂ ਦੇ ਵਿੱਚ ਜਿੰਨੀਆਂ ਵੀ ਸਰਕਾਰਾਂ ਰਹੀਆਂ ਹਨ, ਉਨ੍ਹਾਂ ਨੇ ਲਾਰਿਆਂ ਤੋਂ ਇਲਾਵਾ ਹੋਰ ਕੋਈ ਰਾਹਤ ਸਨਅਤ ਨੂੰ ਨਹੀਂ ਦਿੱਤੀ। ਚੋਣਾਂ ਦੇ ਦੌਰਾਨ ਬਿਜਲੀ ਜ਼ਰੂਰ ਸਸਤੀ ਕੀਤੀ ਹੈ ਪਰ ਉਹ ਵੀ ਇੱਕ ਚੁਣਾਵੀ ਸਟੰਟ ਸੀ। ਉਨ੍ਹਾਂ ਕਿਹਾ ਕਿ ਮੰਤਰੀ ਲੀਡਰ ਚੋਣਾਂ ਦੇ ਦੌਰਾਨ ਤਾਂ ਜ਼ਰੂਰ ਉਨ੍ਹਾਂ ਦੇ ਦਰਾਂ ਤੱਕ ਆਉਂਦੇ ਹਨ ਪਰ ਜਦੋਂ ਇੱਕ ਵਾਰ ਸਰਕਾਰ ਬਣ ਜਾਂਦੀ ਹੈ ਤਾਂ ਮੁੜ ਤੋਂ ਇੰਡਸਟਰੀ ਵੱਲ ਕੋਈ ਧਿਆਨ ਨਹੀਂ ਦਿੰਦਾ। ਉਨ੍ਹਾਂ ਨੇ ਕਿਹਾ ਕਿ ਲਗਾਤਾਰ ਇੰਡਸਟਰੀਆਂ ਘਾਟੇ ਵੱਲ ਜਾ ਰਹੀਆਂ ਹਨ। ਖਾਸ ਕਰਕੇ ਲੁਧਿਆਣਾ ਦੀ ਸਮਾਲ ਇੰਡਸਟਰੀ ਜੋ ਲੋਕ ਘਰਾਂ ਦੇ ਵਿੱਚ ਚਲਾ ਰਹੇ ਹਨ। ਉਨ੍ਹਾਂ ਨੂੰ ਸਰਕਾਰ ਨੇ ਨਾ ਤਾਂ ਅੱਜ ਤੱਕ ਕੋਈ ਸਬਸਿਡੀ ਦਿੱਤੀ ਅਤੇ ਨਾ ਹੀ ਉਨ੍ਹਾਂ ਦੇ ਇਲਾਕੇ ਨੂੰ ਕੋਈ ਰਾਹਤ ਦਿੱਤੀ ਹੈ ਤਾਂ ਜੋ ਉਹ ਆਸਾਨੀ ਨਾਲ ਆਪਣੇ ਘਰਾਂ ਦੇ ਵਿੱਚ ਕੰਮਕਾਰ ਕਰ ਸਕਣ।