ਬਠਿੰਡਾ: ਇੱਕ ਪਾਸੇ ਕੈਨੇਡਾ ਤੇ ਭਾਰਤ ਵਿਚਕਾਰ ਆਪਸੀ ਰਿਸ਼ਤਿਆਂ ਵਿੱਚ ਤਕਰਾਰ ਰੁੱਕਣ ਦਾ ਨਾਂ ਨਹੀਂ ਲੈ ਰਹੀ, ਦੂਜੇ ਪਾਸੇ ਕੈਨੇਡਾ ਤੇ ਭਾਰਤ ਵਿਚਕਾਰ ਆਪਸੀ ਰਿਸ਼ਤਿਆਂ ਦੇ ਨਤੀਜੇ ਆਉਂਣੇ ਸ਼ੁਰੂ ਹੋ ਗਏ ਹਨ। ਭਾਰਤ ਸਰਕਾਰ ਵੱਲੋਂ ਕੈਨੇਡਾ ਵਿੱਚ ਰਹਿੰਦੇ ਐਨਆਰਆਈਜ਼ ਨੂੰ ਵੀਜ਼ਾ ਦੇਣ ਉੱਤੇ ਲਗਾਈ ਗਈ ਰੋਕ ਕਾਰਨ ਇਸ ਦਾ ਅਸਰ ਪੰਜਾਬ ਦੇ ਕਾਰੋਬਾਰੀਆਂ ਉੱਤੇ ਦੇਖਣ ਨੂੰ ਮਿਲ ਰਿਹਾ ਹੈ ਤੇ ਕਾਰੋਬਾਰੀਆਂ ਨੂੰ ਕਰੋੜਾਂ ਰੁਪਏ ਦੇ ਨੁਕਸਾਨ ਦਾ ਡਰ ਸਤਾ ਰਿਹਾ ਹੈ।
ਪੰਜਾਬ ਦਾ ਕਾਰੋਬਾਰ ਬੁਰੀ ਤਰਾਂ ਪ੍ਰਭਾਵਿਤ:ਅਖਿਲ ਭਾਰਤੀ ਸਵਰਨ ਕਾਰ ਸੰਘ ਭਾਰਤ ਦੇ ਪ੍ਰਧਾਨ ਕਰਤਾਰ ਸਿੰਘ ਜੌੜਾ ਨੇ ਕਿਹਾ ਕਿ ਭਾਰਤ ਤੇ ਕੈਨੇਡਾ ਦਾ ਰਿਸ਼ਤਾ ਬਹੁਤ ਗੂੜਾ ਹੈ, ਖਾਸ ਕਰ ਪੰਜਾਬ ਦਾ ਤਾਂ ਰਿਸ਼ਤਾ ਬਹੁਤ ਜ਼ਿਆਦਾ ਗੂੜਾ ਹੈ। ਕਿਉਂਕਿ ਵੱਡੀ ਗਿਣਤੀ ਵਿੱਚ ਲੋਕ ਤੇ ਵਿਦਿਆਰਥੀ ਪੰਜਾਬ ਤੋਂ ਕੈਨੇਡਾ ਗਏ ਹੋਏ ਹਨ। ਪ੍ਰਧਾਨ ਜੌੜਾ ਨੇ ਕਿਹਾ ਕਿ ਕੈਨੇਡਾ ਵਿੱਚ ਰਹਿ ਰਹੇ ਪੰਜਾਬੀਆਂ ਵੱਲੋਂ ਇਹਨਾਂ ਦਿਨਾਂ ਵਿੱਚ ਪੰਜਾਬ ਆ ਕੇ ਆਪਣੇ ਬੱਚਿਆਂ ਦੇ ਵਿਆਹ ਕੀਤੇ ਜਾਂਦੇ ਹਨ, ਪਰ ਭਾਰਤ ਸਰਕਾਰ ਵੱਲੋਂ ਕੈਨੇਡਾ ਵਾਸੀਆਂ ਨੂੰ ਵੀਜ਼ੇ ਦੇਣ ਉੱਤੇ ਲਗਾਈ ਗਈ ਰੋਕ ਕਾਰਨ, ਭਾਰਤ ਖ਼ਾਸਕਰ ਪੰਜਾਬ ਦਾ ਕਾਰੋਬਾਰ ਬੁਰੀ ਤਰਾਂ ਪ੍ਰਭਾਵਿਤ ਹੋ ਰਿਹਾ ਹੈ। ਕਿਉਂਕਿ ਵਿਆਹ ਸ਼ਾਦੀਆਂ ਦੇ ਦਿਨਾਂ ਵਿੱਚ ਕਰੋੜਾਂ ਰੁਪਏ ਦਾ ਕਾਰੋਬਾਰ ਪੰਜਾਬ ਵਿੱਚ ਸਿਰਫ ਐਨ.ਆਰ.ਆਈ ਵੱਲੋਂ ਹੀ ਵਿਆਹ ਕਰਨ ਉੱਤੇ ਹੁੰਦਾ ਹੈ।
ਕਰੋੜਾਂ ਦੇ ਨੁਕਸਾਨ ਦਾ ਖਦਸ਼ਾ:ਪ੍ਰਧਾਨ ਕਰਤਾਰ ਸਿੰਘ ਜੌੜਾ ਨੇ ਕਿਹਾ ਕਿ ਵਿਆਹਾਂ ਦੇ ਸੀਜ਼ਨ ਵਿੱਚ ਵੱਡੀ ਗਿਣਤੀ ਵਿੱਚ ਲੋਕਾਂ ਵੱਲੋਂ ਐਡਵਾਂਸ ਵਿੱਚ ਸੋਨੇ ਤੇ ਚਾਂਦੀ ਦੇ ਗਹਿਣਿਆਂ ਦੀ ਬੁਕਿੰਗ ਕੀਤੀ ਜਾਂਦੀ ਹੈ, ਜਿਸ ਕਾਰਨ ਕਰੋੜਾਂ ਰੁਪਏ ਦਾ ਕਾਰੋਬਾਰ ਹੁੰਦਾ ਹੈ ਤੇ ਇਸ ਵਿੱਚੋਂ ਵੱਡੀ ਹਿੱਸਾ ਸਰਕਾਰ ਨੂੰ ਜੀਐਸਟੀ ਤੇ ਇਨਕਮ ਟੈਕਸ ਦੇ ਰੂਪ ਵਿੱਚ ਰੈਵਨਿਊ ਜਾਂਦਾ ਸੀ। ਪਰ ਭਾਰਤ ਸਰਕਾਰ ਵੱਲੋਂ ਵੀਜ਼ੇ ਬੰਦ ਕੀਤੇ ਜਾਣ ਕਾਰਨ, ਜਿੱਥੇ ਸਵਰਨਕਾਰ ਨਾਲ ਜੁੜੇ ਹੋਏ ਲੋਕਾਂ ਦਾ ਨੁਕਸਾਨ ਹੋ ਰਿਹਾ ਹੈ, ਉੱਥੇ ਹੀ ਭਾਰਤ ਸਰਕਾਰ ਨੂੰ ਵੀ ਕਰੋੜਾਂ ਰੁਪਏ ਦਾ ਨੁਕਸਾਨ ਹੋਣ ਦੇ ਆਸਾਰ ਹਨ।