ਲੁਧਿਆਣਾ:ਈਟੀਵੀ ਭਾਰਤ ਵੱਲੋਂ ਨਸ਼ਰ ਕੀਤੀ ਗਈ ਖ਼ਬਰ ਦਾ ਵੱਡਾ ਅਸਰ ਇਕ ਵਾਰ ਫਿਰ ਵੇਖਣ ਨੂੰ ਮਿਲਿਆ ਹੈ, ਦਰਅਸਲ ਬੀਤੇ ਦਿਨੀ ਈਟੀਵੀ ਭਾਰਤ ਲੁਧਿਆਣਾ ਦੀ ਟੀਮ ਵੱਲੋਂ 12 ਸਾਲ ਦੇ ਪ੍ਰਿੰਸ ਨਾਂਅ ਦੇ ਬੱਚੇ ਦੀ ਖ਼ਬਰ ਨਸ਼ਰ ਕੀਤੀ ਗਈ ਸੀ ਜੋ ਸੜਕਾਂ ਉੱਤੇ ਗੁਜ਼ਾਰੇ ਲਈ ਜ਼ੁਰਾਬਾਂ ਵੇਚ ਰਿਹਾ ਸੀ। ਖ਼ਬਰ ਨਸ਼ਰ ਹੋਣ ਤੋਂ ਬਾਅਦ ਮਾਮਲਾ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਗਿਆ ਅਤੇ ਇਸ ਤੋਂ ਬਾਅਦ ਇਹ ਮਾਮਲਾ ਬਾਲ ਸੁਰੱਖਿਆ ਵਿਭਾਗ ਲੁਧਿਆਣਾ ਦੇ ਧਿਆਨ ਵਿੱਚ ਵੀ ਆ ਗਿਆ। ਇਸ ਤੋਂ ਬਾਅਦ ਬਾਲ ਸੁਰੱਖਿਆ ਵਿਭਾਗ ਵੱਲੋਂ ਬੱਚੇ ਦੀ ਸਾਂਭ ਸੰਭਾਲ ਅਤੇ ਪੜ੍ਹਾਈ ਦੀ ਜ਼ਿੰਮੇਵਾਰੀ ਚੁੱਕੀ ਗਈ ਹੈ। ਹੁਣ ਪ੍ਰਿੰਸ ਨੂੰ ਸਕੂਲ ਲਗਾਇਆ ਜਾਵੇਗਾ ਅਤੇ ਉਸ ਦੇ ਪਰਿਵਾਰ ਦੀ ਮਦਦ ਕੀਤੀ ਜਾਵੇਗੀ। ਇਸ ਤੋਂ ਇਲਾਵਾ ਉਸ ਨੂੰ ਪੈਨਸ਼ਨ ਵੀ ਲਗਾਈ ਜਾਵੇਗੀ ਅਤੇ ਨਾਲ ਹੀ ਉਸ ਦੀ ਭੈਣ ਜੋ ਕਿ ਉਸਦੇ ਨਾਲ ਜੁਰਾਬਾ ਵੇਚਦੀ ਸੀ ਉਸ ਨੂੰ ਵੀ ਸਿਲਾਈ ਦਾ ਕੰਮ ਸਿਖਾਇਆ ਜਾਵੇਗਾ।
ਬੱਚੇ ਦੀ ਜ਼ਿੰਮੇਵਾਰੀ ਚੁੱਕੀ: ਬਾਲ ਸੁਰੱਖਿਆ ਕਮੇਟੀ ਲੁਧਿਆਣਾ ਦੀ ਮੈਂਬਰ ਰਸ਼ਮੀ ਸੈਣੀ ਨੇ ਦੱਸਿਆ ਕਿ ਸਾਨੂੰ ਖਬਰ ਦੇਖਣ ਤੋਂ ਬਾਅਦ ਚੰਡੀਗੜ੍ਹ ਤੋਂ ਬਾਅਦ ਸੁਰੱਖਿਆ ਵਿਭਾਗ ਦੀ ਡਾਇਰੈਕਟਰ ਮਾਧੁਰੀ ਕਟਾਰੀਆ ਅਤੇ ਉਪ ਨਿਰਦੇਸ਼ਕ ਲਿੱਲੀ ਦਾ ਫੋਨ ਆਇਆ ਸੀ ਕਿ ਬੱਚੇ ਨੂੰ ਲੱਭਿਆ ਜਾਵੇ ਅਤੇ ਉਸ ਦੀ ਹਰ ਤਰ੍ਹਾਂ ਦੀ ਮਦਦ ਕੀਤੀ ਜਾਵੇ। ਜਿਸ ਤੋਂ ਬਾਅਦ ਕਾਫੀ ਜੱਦੋਜਹਿਦ ਤੋਂ ਬਾਅਦ ਉਨ੍ਹਾਂ ਨੇ ਬੱਚੇ ਨੂੰ ਲੱਭਿਆ ਅਤੇ ਉਸ ਦੇ ਘਰ ਗਏ। ਇਸ ਤੋਂ ਅਧਿਕਾਰੀਆਂ ਨੇ ਉਸ ਦੇ ਪਰਿਵਾਰ ਦੇ ਹਲਾਤ ਜਾਣੇ ਅਤੇ ਹੁਣ ਉਸ ਦੀ ਮਦਦ ਕਰਨ ਲਈ ਦਸਤਾਵੇਜ਼ ਦੀ ਕਾਰਵਾਈ ਕੀਤੀ ਜਾ ਰਹੀ ਹੈ। ਉਹਨਾਂ ਦੱਸਿਆ ਕਿ ਸਾਡੇ ਵੱਲੋਂ ਬੱਚਿਆਂ ਨੂੰ ਹੋਸਟਲ ਵਿੱਚ ਰਹਿਣ ਦੀ ਵੀ ਅਪੀਲ ਕੀਤੀ ਗਈ ਹੈ ਪਰ ਬੱਚਾ ਆਪਣੀ ਦਾਦੀ ਨਾਲ ਰਹਿਣਾ ਚਾਹੁੰਦੇ ਹੈ।