ਲੁਧਿਆਣਾ: ਦੇਸ਼ ਵਿੱਚ ਵੰਦੇ ਭਾਰਤ ਟ੍ਰੇਨ ਦੇ ਬਹੁਤ ਚਰਚੇ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਇਹ ਸੁਪਨਾ ਸਕਾਰ ਹੋ ਕੇ ਪੂਰੇ ਦੇਸ਼ ਵਿੱਚ ਆਪਣਾ ਜਲਵਾ ਦਿਖਾ ਰਿਹਾ ਹੈ। ਪਰ ਤੁਹਾਨੂੰ ਇਸ ਬਾਰੇ ਇਕ ਖਾਸ ਗੱਲ ਜਾਣ ਕੇ ਹੈਰਾਨੀ ਹੋਵੇਗੀ ਕਿ ਪੂਰੇ ਦੇਸ਼ ਵਿੱਚ ਚਰਚਾ ਦਾ ਵਿਸ਼ਾ ਬਣੀ ਇਸ ਟ੍ਰੇਨ ਦੇ ਕੁਝ ਖ਼ਾਸ ਪੁਰਜੇ ਪੰਜਾਬੀਆਂ ਵੱਲੋਂ ਤਿਆਰ ਕੀਤੇ ਜਾ ਰਹੇ ਹਨ। ਇਹ ਪੁਰਜੇ ਇਸ ਟ੍ਰੇਨ ਦੀ ਸਪੀਡ ਵਧਾਉਣ ਵਿੱਚ ਖ਼ਾਸ ਭੂਮਿਕਾ ਨਿਭਾਉਂਦੇ ਹਨ। ਮੇਕ ਇਨ ਇੰਡੀਆ ਯੋਜਨਾ ਤੇ ਤਹਿਤ ਸ਼ਹਿਰ ਦੀ ਇਕ ਕੰਪਨੀ ਨੂੰ ਇਹ ਕੰਮ ਮਿਲਿਆ ਹੈ।
ਲੁਧਿਆਣਾ ਦੀ ਇੰਡਸਟਰੀ ਨੂੰ ਅਕਸਰ ਹੀ ਸਾਈਕਲ ਅਤੇ ਹੋਜਰੀ ਕਰਕੇ ਜਾਣਿਆ ਜਾਂਦਾ ਹੈ, ਦੋਰਾਹਾ ਦੇ ਨੇੜੇ ਸਰੀਤਾ ਫੋਰਜਿਸ ਇੰਡਸਟਰੀ ਦਾ ਵੰਦੇ ਭਾਰਤ ਟ੍ਰੇਨ ਦੇ ਪੁਰਜ਼ੇ ਬਣਾ ਰਹੀ ਹੈ। ਹੁਣ ਤੱਕ ਭਾਰਤ ਵਿਚ 16 ਵੰਦੇ ਭਾਰਤ ਟ੍ਰੇਨਾਂ ਚੱਲ ਰਹੀਆਂ ਨੇ ਜਿਨ੍ਹਾਂ ਦੇ ਪੁਰਜ਼ੇ ਲੁਧਿਆਣਾ ਵਿੱਚ ਤਿਆਰ ਕੀਤੇ ਗਏ ਹਨ। ਇਸ ਦੇ ਨਾਲ ਹੀ 40 ਨਵੀਆਂ ਵੰਦੇ ਭਾਰਤ ਟ੍ਰੇਨਾਂ ਦੇ ਪੁਰਜ਼ੇ ਤਿਆਰ ਕੀਤੇ ਜਾ ਰਹੇ ਹਨ ਵੰਦੇ ਭਾਰਤ ਟ੍ਰੇਨ ਦੇ 21 ਹਿੱਸੇ ਲੁਧਿਆਣਾ ਦੀ ਇਹ ਫੈਕਟਰੀ ਬਣਾ ਰਹੀ ਹੈ।
ਪਾਰਟਸ ਹੋ ਰਹੇ ਤਿਆਰ:ਸਰੀਤਾ ਫੋਰਜਿਸ ਕੰਪਨੀ 20 ਸਾਲ ਪੁਰਾਣੀ ਹੈ ਅਤੇ ਉਨ੍ਹਾਂ ਨੂੰ ਰੇਲ ਗੱਡੀਆਂ ਦੇ ਪੁਰਜ਼ੇ ਬਨਾਉਣ ਦਾ ਪੁਰਾਣਾ ਤਜ਼ੁਰਬਾ ਹੈ। ਜਦੋਂ ਸਾਲ 2018 'ਚ ਵੰਦੇ ਭਾਰਤ ਟ੍ਰੇਨ ਚਲਾਉਣ ਦਾ ਸੁਪਨਾ ਦੇਖਿਆ ਗਿਆ ਤਾਂ ਉਸ ਨੂੰ ਭਾਰਤ ਵਿੱਚ ਬਣਾਉਣ ਦਾ ਫੈਸਲਾ ਲਿਆ ਗਿਆ। ਜਿਸ ਲਈ ਵੱਖ-ਵੱਖ ਪੁਰਜ਼ੇ ਭਾਰਤ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਬਣਦੇ ਹਨ। ਕਸਟਿੰਗ ਅਤੇ ਫੋਰਜਿਸ ਦੀ ਪੂਰੀ ਕਿੱਟ ਤਿਆਰ ਹੋ ਰਹੀ ਹੈ ਜਿਸ ਵਿੱਚ 21 ਪਾਰਟਸ ਆਉਂਦੇ ਹਨ। ਇਹ ਪੂਰੀ ਕਿੱਟ ਤਿਆਰ ਕਰਕੇ ਅੱਗੇ ਭੇਜੀ ਜਾਂਦੀ ਹੈ ਜਿਥੇ ਵੰਦੇ ਭਾਰਤ ਟ੍ਰੇਨ ਦੀਆਂ ਬੋਗੀਆਂ ਤਿਆਰ ਹੁੰਦੀਆਂ ਹਨ ਉਥੇ ਇਨ੍ਹਾਂ ਨੂੰ ਫਿੱਟ ਕੀਤਾ ਜਾਂਦਾ ਹੈ।
2021 'ਚ ਮਿਲਿਆ ਪ੍ਰੋਜੈਕਟ: ਸਰਿਤਾ ਇੰਡਸਟਰੀ ਨੂੰ ਇਹ ਪ੍ਰਾਜੈਕਟ ਸਾਲ 2021 ਦੇ ਵਿੱਚ ਪ੍ਰਾਪਤ ਹੋਇਆ ਪਰ ਇਸ ਤੋਂ ਪਹਿਲਾਂ ਕੰਪਨੀ ਦੇ ਵਿੱਚ ਤਿਆਰ ਹੋਏ ਕਈ ਪੁਰਜੇ ਫੇਲ੍ਹ ਹੋ ਗਏ ਕਿਉਂਕਿ ਵੰਦੇ ਭਾਰਤ ਟ੍ਰੇਨ ਤੇਜ਼ ਰਫ਼ਤਾਰ ਰੇਲ ਗੱਡੀ ਹੈ ਇਸ ਕਰਕੇ ਇਸ ਦੇ ਪੁਰਜ਼ੇ ਵੀ ਤੇਜ਼ ਰਫ਼ਤਾਰ ਅਤੇ ਸੁਰੱਖਿਆ ਦੇ ਲਿਹਾਜ਼ ਤੋਂ ਬਿਲਕੁੱਲ ਨਿਪੁੰਨ ਹੋਣੇ ਚਾਹੀਦੇ ਸਨ। ਇਸ ਕਰਕੇ ਸਰੀਤਾ ਇੰਡਸਟਰੀ ਦੇ ਐਮਡੀ ਅਨਿਲ ਜੈਨ ਵੱਲੋਂ ਇਸ ਦੇ ਬਕਾਇਦਾ ਰਿਸਰਚ ਕੀਤੀ ਗਈ, ਇਕ ਵਿਸ਼ੇਸ਼ ਟੀਮ ਦਾ ਗਠਨ ਕੀਤਾ ਗਿਆ। ਇਸ ਦੀ ਗੁਣਵੱਤਾ ਅਤੇ ਇਸ ਦੀ ਸੁਰੱਖਿਆ ਦਾ ਵਿਸ਼ੇਸ਼ ਧਿਆਨ ਰੱਖਦਿਆਂ ਇਸ ਦੇ ਟੈਸਟ ਕੀਤੇ ਗਏ ਜਿਸ ਤੋਂ ਬਾਅਦ ਇਹ ਸਾਰੇ ਪੁਰਜ਼ੇ ਵੰਦੇ ਭਾਰਤ ਟ੍ਰੇਨ ਦੇ ਲਈ ਪਾਸ ਹੋਏ ਅਤੇ ਹੁਣ ਇਹ ਟਰੇਨ ਜਦੋਂ ਲਈਨਾਂ 'ਤੇ ਦੌੜਦੀ ਹੈ ਤਾਂ ਅਨਿਲ ਜੈਨ ਨੂੰ ਫਕਰ ਮਹਿਸੂਸ ਹੁੰਦਾ ਹੈ।
16 ਟ੍ਰੇਨਾਂ ਤਿਆਰ 40 ਦੇ ਆਰਡਰ: ਵੰਦੇ ਭਾਰਤ ਦੀਆਂ ਹੁਣ ਤੱਕ 16 ਕਰੀਬ ਰੇਲ ਗੱਡੀਆਂ ਦੇਸ਼ ਭਰ ਦੇ ਵੱਖ ਵੱਖ ਹਿੱਸਿਆਂ ਦੇ ਵਿੱਚ ਜਾ ਰਹੀ ਹੈ। ਸਾਡੇ ਦੇਸ਼ ਵਿਚ ਬੀਤੇ ਸਾਲਾਂ ਦੇ ਅੰਦਰ ਮੇਲ ਐਕਸਪ੍ਰੈਸ ਰੇਲ ਗੱਡੀਆਂ ਤੋਂ ਬਾਅਦ ਰਾਜਧਾਨੀ ਐਕਸਪ੍ਰੈਸ ਅਤੇ ਸ਼ਤਾਬਦੀ ਐਕਸਪ੍ਰੈਸ ਰੇਲ ਗੱਡੀਆਂ ਨੂੰ ਸਭ ਤੋਂ ਆਰਾਮਦਾਇਕ ਮੰਨਿਆ ਜਾਂਦਾ ਸੀ। ਪਰ ਹੁਣ ਦੇਸ਼ ਦੇ ਵਿਚ ਬਣਾਈ ਗਈ ਪਹਿਲੀ ਸੇਮੀ ਰਫਤਾਰ ਟਰੇਨ ਵੰਦੇ ਭਾਰਤ ਦਾ ਨਾਮ ਤੇਜੀ ਦੇ ਨਾਲ ਅੱਗੇ ਵਧ ਰਿਹਾ ਹੈ। ਇਹ ਰੇਲਗੱਡੀ ਅਰਾਮਦਾਇਕ ਦੇ ਨਾਲ ਤੇਜ਼ ਰਫ਼ਤਾਰ ਵੀ ਹੈ। ਹੁਣ ਤਕ 16 ਟਰੇਨਾਂ ਬਣ ਚੁੱਕੀਆਂ ਹਨ ਅਤੇ 40 ਦੇ ਹੋਰ ਆਰਡਰ ਆ ਰਹੇ ਹਨ ਹਰ ਮਹੀਨੇ 5 ਵੰਦੇ ਭਾਰਤ ਟ੍ਰੇਨ ਨੂੰ ਪੀ ਐੱਮ ਨਰਿੰਦਰ ਮੋਦੀ ਵੱਲੋਂ ਹਰੀ ਝੰਡੀ ਦਿੱਤੀ ਜਾ ਰਹੀ ਹੈ। 2024 ਤੱਕ ਦੇਸ਼ ਵਿਚ 200 ਵੰਦੇ ਭਾਰਤ ਟ੍ਰੇਨ ਚਲਾਉਣ ਦਾ ਟੀਚਾ ਕੇਂਦਰ ਸਰਕਾਰ ਵੱਲੋਂ ਮਿਥਿਆ ਗਿਆ ਹੈ। ਜਿਸ ਨੂੰ ਪੂਰਾ ਕਰਨ ਲਈ ਲੁਧਿਆਣਾ ਦੇ ਕਾਰੋਬਾਰੀ ਵੀ ਅਹਿਮ ਰੋਲ ਅਦਾ ਕਰ ਰਹੇ ਹਨ।
ਕਿਹੜੇ ਰੂਟ 'ਤੇ ਚੱਲ ਰਹੀ ਵੰਦੇ ਭਾਰਤ:ਪੰਜਾਬ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਵੰਦੇ ਭਾਰਤ ਟਰੇਨ ਫਿਲਹਾਲ ਦਿੱਲੀ ਤੋਂ ਕਟਰਾ ਜਾ ਰਹੀ ਹੈ, ਇਸ ਦੇ ਮੁੱਖ ਸਟਾਪ ਪੰਜਾਬ ਦੇ ਵਿੱਚ ਲੁਧਿਆਣਾ, ਜਲੰਧਰ ਤੇ ਅੰਮ੍ਰਿਤਸਰ ਹੈ। ਇਸ ਤੋਂ ਇਲਾਵਾ ਵਾਰਾਨਸੀ ਤੋਂ ਦਿੱਲੀ, ਮੁੰਬਈ ਤੋਂ ਗਾਂਧੀ ਨਗਰ, ਮੈਸੂਰ ਤੋਂ ਚੇਨਈ, ਵਿਸ਼ਾਖਾਪਟਨਮ ਤੋਂ ਸਿਕੰਦਰਾਬਾਦ, ਨਵੀਂ ਦਿੱਲੀ ਤੋਂ ਅਨੰਦੌਰਾ, ਨਿਉ ਜਲਪਾਈ ਗੁੜੀ ਤੋਂ ਹਾਵੜਾ, ਮਾਤਾ ਵੈਸ਼ਣੋ ਦੇਵੀ ਕੱਟੜਾ ਤੋਂ ਨਵੀਂ ਦਿੱਲੀ ਆਦਿ ਵਰਗੇ ਰੂਟਾਂ ਤੇ ਵੰਦੇ ਭਾਰਤ ਟਰੇਨ ਚੱਲ ਰਹੀ ਹੈ। ਇਸ ਟ੍ਰੇਨ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਡਰੀਮ ਪ੍ਰੋਜੈਕਟ ਵੀ ਕਿਹਾ ਜਾਂਦਾ ਹੈ ਕਿਉਂਕਿ ਇਸ ਦੇ ਹਰ ਪੁਰਜੇ ਨੂੰ ਭਾਰਤ ਵਿੱਚ ਤਿਆਰ ਕਰਨ ਦਾ ਸੁਪਨਾ ਲਿਆ ਗਿਆ ਸੀ ਜਿਸ ਨੂੰ ਸਾਕਾਰ ਕੀਤਾ ਗਿਆ ਹੈ।
ਸੁਰੱਖਿਆ ਅਤੇ ਰਫਤਾਰ ਦਾ ਸੁਮੇਲ: ਕਸਟਿੰਗ ਅਤੇ ਫੋਰਜਿਸ ਦੀ ਪੂਰੀ ਕਿੱਟ ਨੂੰ ਸੁਰੱਖਿਆ ਅਤੇ ਰਫਤਾਰ ਨੂੰ ਧਿਆਨ ਵਿੱਚ ਰੱਖ ਕੇ ਬਣਾਈ ਜਾਂਦੀ ਹੈ। ਇਸ ਦੇ ਜ਼ਿਆਦਾਤਰ ਆਟੋਮੈਟਿਕ ਮਸ਼ੀਨਾਂ ਕੰਮ ਕਰਦੀਆਂ, ਜਿਸ ਵਿਚ ਗੁਣਵੱਤਾ ਅਤੇ ਮਜਬੂਤੀ ਨੂੰ ਧਿਆਨ ਵਿਚ ਰੱਖਿਆ ਜਾਂਦਾ ਹੈ। ਵੰਦੇ ਭਾਰਤ ਟ੍ਰੇਨ ਦੀ ਰਫਤਾਰ 100 ਕਿਲੋਮੀਟਰ ਪ੍ਰਤੀ ਘੰਟੇ ਦੇ ਹਿਸਾਬ ਤੋਂ ਜ਼ਿਆਦਾ ਹੁੰਦੀ ਹੈ ਇਸ ਕਰਕੇ ਇਸ ਦੀ ਤੇਜ਼ ਰਫਤਾਰ ਅਤੇ ਸੁਰੱਖਿਆ ਨੂੰ ਯਕੀਨੀ ਬਣਾਉਣ ਦੇ ਲਈ ਲੁਧਿਆਣਾ ਦੀ ਸਰੀਤਾ ਫੋਰਜਿਸ ਵੱਲੋਂ ਇਸ ਦੀ ਖੋਜ ਕਰਨ ਤੋਂ ਬਾਅਦ ਇਸ ਨੂੰ ਤਿਆਰ ਕੀਤਾ ਗਿਆ ਹੈ।