The life journey of blind musician Chaman Lal Bhalla ਲੁਧਿਆਣਾ : ਚਮਨ ਲਾਲ ਭੱਲਾ ਸ਼ਾਸਤਰੀ ਸੰਗੀਤ ਦੇ ਧਨੀ ਹਨ। 6 ਮਹੀਨੇ ਦੀ ਉਮਰ ਵਿਚ ਉਨ੍ਹਾਂ ਦੀ ਅੱਖਾਂ ਦੀ ਰੋਸ਼ਨੀ ਚਲੀ ਗਈ ਸੀ ਪਰ ਇਸ ਦੇ ਬਾਵਜੂਦ ਉਹਨਾਂ ਨੇ ਕਦੇ ਇਸ ਨੂੰ ਆਪਣੀ ਕਮਜ਼ੋਰੀ ਨਹੀਂ ਬਣਨ ਦਿੱਤਾ। ਸਗੋਂ ਇਸ ਨੂੰ ਆਪਣੀ ਸ਼ਕਤੀ ਬਣਾਇਆ ਅਤੇ ਸੰਗੀਤ ਦੇ ਨਾਲ ਇਸ ਤਰਾਂ ਜੁੜ ਗਏ ਕਿ ਅੱਜ ਪੰਜਾਬ ਦੇ ਵਿੱਚ ਉਹ ਇਕਲੌਤੇ ਕਲਾਸੀਕਲ ਸਿੰਗਰ ਹਨ ਜੋ ਬਿਨਾਂ ਅੱਖਾਂ ਦੀ ਰੌਸ਼ਨੀ ਤੋਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿੱਚ ਬਤੌਰ ਪ੍ਰੋਫੈਸਰ ਵਿਦਿਆਰਥੀਆਂ ਨੂੰ ਸੰਗੀਤ ਦੀ ਸਿੱਖਿਆ ਦਿੰਦੇ ਰਹੇ ਹਨ।
ਇਹ ਹੀ ਨਹੀਂ ਉਹ ਰੇਡੀਓ ਤੇ ਆਪਣੇ ਸੰਗੀਤ ਗ਼ਜ਼ਲਾਂ ਨਾਲ, ਗਾਣਿਆਂ ਨਾਲ ਸਰੋਤਿਆਂ ਨੂੰ ਮੰਤਰ ਮੁਗਧ ਕਰ ਚੁੱਕੇ ਹਨ। ਉਹ ਹੁਣ ਨੌਜਵਾਨ ਪੀੜੀ ਨੂੰ ਸ਼ਾਸਤਰੀ ਸੰਗੀਤ ਦੀ ਸਿੱਖਿਆ ਵੀ ਦੇ ਰਹੇ ਹਨ। ਕਈ ਵੱਡੇ ਵੱਡੇ ਗਾਇਕਾਂ ਨੂੰ ਵੀ ਉਹ ਸੰਗੀਤ ਦੀ ਸਿੱਖਿਆ ਦੇ ਚੁੱਕੇ ਹਨ।
ਵੰਡ ਸਮੇਂ ਆਏ ਭਾਰਤ: ਚਮਨ ਲਾਲ ਭੱਲਾ ਵੰਡ ਦੇ ਸਮੇਂ ਆਪਣੇ ਪਰਿਵਾਰ ਦੇ ਨਾਲ ਭਾਰਤ ਆਏ ਸਨ। ਰਾਹ ਵਿੱਚ ਹੀ ਉਹਨਾਂ ਨੂੰ ਇਨਫੈਕਸ਼ਨ ਹੋਣ ਕਰਕੇ ਉਨ੍ਹਾਂ ਦੀਆਂ ਅੱਖਾਂ ਦੀ ਰੋਸ਼ਨੀ ਚਲੀ ਗਈ। ਜਿਸ ਤੋਂ ਬਾਅਦ ਉਹਨਾਂ ਨੇ ਜਲੰਧਰ ਆ ਕੇ ਰਹਿਣਾ ਸ਼ੁਰੂ ਕੀਤਾ। ਇਕ ਦਿਨ ਉਨ੍ਹਾਂ ਦੇ ਪਰਿਵਾਰ ਨੂੰ ਕਿਸੇ ਨੇ ਦੱਸਿਆ ਕਿ ਅੰਮ੍ਰਿਤਸਰ ਦੇ ਵਿੱਚ ਨੇਤਰਹੀਣਾਂ ਦਾ ਸਕੂਲ ਹੈ ਜਿਥੇ ਉਹਨਾਂ ਨੇ ਪੜ੍ਹਾਈ ਕੀਤੀ। ਉਨ੍ਹਾਂ ਪੜਾਈ ਦੇ ਨਾਲ ਸੰਗੀਤ ਸਿੱਖਿਆ ਫਿਰ ਪ੍ਰਾਈਵੇਟ ਗ੍ਰੈਜੂਏਸ਼ਨ ਅਤੇ ਸੰਗੀਤ ਤੇ ਵੋਕਲ ਦੇ ਵਿੱਚ ਪੋਸਟ ਗਰੈਜੂਏਸ਼ਨ ਕੀਤੀ। ਉਸ ਤੋਂ ਬਾਅਦ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਿੱਚ ਬਤੌਰ ਪ੍ਰੋਫੈਸਰ 33 ਸਾਲ ਤੱਕ ਸੰਗੀਤ ਸਿਖਾਉਂਦੇ ਰਹੇ।
ਸੰਗੀਤ ਦਾ ਸਫ਼ਰ:ਚਮਨ ਲਾਲ ਜੀ ਨੇ ਦੱਸਿਆ ਕਿ ਉਹਨਾਂ ਨੂੰ ਸ਼ੁਰੂ ਤੋਂ ਹੀ ਗਾਣੇ ਸੁਨਣ ਦਾ ਕਾਫੀ ਸ਼ੌਂਕ ਸੀ, ਉਹ ਖੁਦ ਮੰਦਿਰ ਜਾ ਕੇ ਭਜਨ ਸੁਣਿਆ ਕਰਦੇ ਸਨ। ਜਿਸ ਤੋਂ ਬਾਅਦ ਉਹਨਾਂ ਦਾ ਸੰਗੀਤ ਵੱਲ ਰੁਝਾਨ ਵਧਿਆ ਅਤੇ ਉਹਨਾਂ ਨੇ ਆਪਣੇ ਸਕੂਲ ਵਿਚ ਹੀ ਸੰਗੀਤ ਦੀ ਸਿੱਖਿਆ ਪ੍ਰਾਪਤ ਕੀਤੀ। ਫਿਰ ਉਨ੍ਹਾਂ ਨੇ ਸੰਗੀਤ ਨੂੰ ਹੀ ਆਪਣਾ ਪੇਸ਼ਾ ਬਣਾਇਆ ਅਤੇ ਇਸ ਵਿੱਚ ਮੁਹਾਰਤ ਹਾਸਲ ਕੀਤੀ। ਫਿਰ ਉਹ ਆਲ ਇੰਡੀਆ ਰੇਡੀਓ ਤੇ ਦੂਰਦਰਸ਼ਨ ਲਈ ਵੀ ਸ਼ਾਸਤਰੀ ਸੰਗੀਤ ਅਤੇ ਭਜਨ ਗਾਉਂਦੇ ਰਹੇ। ਉਹਨਾਂ ਨੇ ਕਈ ਵੱਡੇ ਸੰਗੀਤਕ ਮੁਕਾਬਲਿਆਂ ਦੇ ਵਿਚ ਬਤੌਰ ਜੱਜ ਦੀ ਭੂਮਿਕਾ ਵੀ ਅਦਾ ਕੀਤੀ। ਬੇਹੱਦ ਗਰੀਬ ਘਰ ਦੇ ਹੋਣ ਦੇ ਬਾਵਜੂਦ ਉਨ੍ਹਾਂ ਨੇ ਆਪਣੀ ਮਿਹਨਤ ਦੇ ਸਦਕਾ ਇਕ ਮੁਕਾਮ ਹਾਸਲ ਕੀਤਾ ਅਤੇ ਹੁਣ ਉਹ ਨੌਜਵਾਨਾਂ ਲਈ ਪ੍ਰੇਰਨਾ ਬਣੇ ਹੋਏ ਹਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਤੋ ਕਈ ਸਟਾਰ ਕਲਾਕਾਰ ਵੀ ਸੰਗੀਤ ਦੀ ਸਿੱਖਿਆ ਲੈ ਚੁੱਕੇ ਹਨ। ਜੋ ਅੱਜ ਵੀ ਫੋਨ ਕਰਦੇ ਜਾ ਮਿਲਦੇ ਰਹਿੰਦੇ ਹਨ।
ਨੌਜਵਾਨਾਂ ਨੂੰ ਸੁਨੇਹਾ: ਚਮਨ ਲਾਲ ਭੱਲਾ ਨੇ ਦੱਸਿਆ ਕਿ ਅੱਜ ਕੱਲ ਦੇ ਨੌਜਵਾਨ ਪੱਛਮੀ ਗਾਣਿਆਂ ਤੋਂ ਕਾਫੀ ਪ੍ਰਭਾਵਿਤ ਹੁੰਦੇ ਹਨ ਅਤੇ ਸੰਗੀਤ ਨੂੰ ਕਮਰਸ਼ੀਅਲ ਕਰਕੇ ਗਾਉਂਦੇ ਹਨ ਪਰ ਸ਼ਾਸਤਰੀ ਸੰਗੀਤ ਸਾਧਨਾ ਮੰਗਦਾ ਹੈ ਰਿਆਜ਼ ਮੰਗਦਾ ਹੈ ਜੋ ਅੱਜ ਕੱਲ ਦੇ ਨੌਜਵਾਨ ਨਹੀਂ ਕਰਦੇ। ਉਨ੍ਹਾਂ ਕਿਹਾ ਕਿ ਸਾਡਾ ਸੰਗੀਤ ਸਾਡੀ ਵਿਰਾਸਤ ਹੈ ਇਸ ਨੂੰ ਸਾਂਭਣਾ ਬੇਹੱਦ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਅੱਜ ਕੱਲ ਦੇ ਤੜਕ-ਭੜਕ ਵਾਲੇ ਗਾਣਿਆਂ ਨਾਲੋਂ ਸਾਡਾ ਸੱਭਿਆਚਾਰਕ ਅਤੇ ਵਿਰਾਸਤੀ ਸੰਗੀਤ ਸਾਨੂੰ ਸਕੂਨ ਦਿੰਦਾ ਹੈ ਅਤੇ ਵੱਡਿਆਂ ਦਾ ਸਤਿਕਾਰ ਕਰਨ ਲਈ ਪ੍ਰੇਰਨਾ ਦਿੰਦਾ ਹੈ।
ਪਦਮ ਸ਼੍ਰੀ ਲਈ ਅਪਲਾਈ:ਚਮਨ ਲਾਲ ਪਦਮ ਸ੍ਰੀ ਅਵਾਰਡ ਲਈ ਦੋ ਵਾਰ ਬਿਨੈ ਪੱਤਰ ਭੇਜ ਚੁੱਕੇ ਹਨ ਅੱਜ ਤੱਕ ਉਨ੍ਹਾਂ ਨੂੰ ਪਦਮ ਸ਼੍ਰੀ ਸਨਮਾਨ ਨਹੀਂ ਦਿੱਤਾ ਗਿਆ ਉਨ੍ਹਾਂ ਕਿਹਾ ਕਿ ਨੇਤਰਹੀਣ ਹੋਣ ਦੇ ਬਾਵਜੂਦ ਉਨ੍ਹਾਂ ਨੇ ਸੰਗੀਤ ਦੀ ਦੁਨੀਆਂ ਦੇ ਵਿੱਚ ਜੋ ਸੇਵਾ ਨਿਭਾਈ ਹੈ। ਉਸ ਲਈ ਪਦਮ ਸ੍ਰੀ ਮਿਲਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸੰਗੀਤਕਾਰ ਸਨਮਾਨ ਦਾ ਭੁੱਖਾ ਨਹੀਂ ਹੁੰਦਾ ਪਰ ਸਨਮਾਨ ਉਸ ਦੀ ਜ਼ਿੰਦਗੀ ਦੇ ਵਿਚ ਹੋਰ ਬਿਹਤਰ ਪ੍ਰਦਰਸ਼ਨ ਲਈ ਪ੍ਰੇਰਿਤ ਕਰਦੇ ਹਨ। ਉਨ੍ਹਾਂ ਕਿਹਾ ਕਿ ਮੈਂ ਇਸ ਵਾਰ ਵੀ ਅਪਲਾਈ ਕੀਤਾ ਹੈ ਆਸ ਹੈ ਕਿ ਇਸ ਵਾਰ ਉਨ੍ਹਾ ਨੂੰ ਇਹ ਸਨਮਾਨ ਮਿਲੇਗਾ।
ਇਹ ਵੀ ਪੜ੍ਹੋ:-ਸੂਬੇ ’ਚ 2 ਲੱਖ ਤੋਂ ਵੱਧ ਦਿਵਿਆਂਗ ਵਿਅਕਤੀਆਂ ਨੂੰ UDID ਕਾਰਡ ਜਾਰੀ: ਡਾ.ਬਲਜੀਤ ਕੌਰ