ਸਿਕੰਦਪੁਰ ਖੇਤੀਬਾੜੀ ਸਹਿਕਾਰੀ ਸਭਾ 'ਚ ਪੰਚਾਇਤ ਸਕੱਤਰ ਦੀ ਨਿਯੁਕਤੀ ਦਾ ਭਖਿਆ ਮਾਮਲਾ ਲੁਧਿਆਣਾ:ਮਾਛੀਵਾੜਾ ਬੇਟ ਖੇਤਰ ਵਿਚ 7 ਪਿੰਡਾਂ ਦੇ ਕਿਸਾਨਾਂ ਦੇ ਹਿੱਤਾਂ ਲਈ ਬਣੀ ਪਿੰਡ ਸਿਕੰਦਰਪੁਰ ਦੀ ਖੇਤੀਬਾੜੀ ਸਹਿਕਾਰੀ ਸਭਾ ਦੇ ਸਕੱਤਰ ਦੀ ਚੋਣ ਨੂੰ ਲੈ ਕੇ ਨਵਾਂ ਵਿਵਾਦ ਛਿੜ ਗਿਆ ਹੈ, ਜਿਸ ਨੂੰ ਲੈ ਕੇ ਕਮੇਟੀ ਮੈਂਬਰਾਂ ਖਿਲਾਫ ਵੱਖ-ਵੱਖ ਪਿੰਡਾਂ ਦੇ ਕਿਸਾਨ ਇਕੱਠੇ ਹੋ ਕੇ ਵਿਰੋਧ ਕਰਨ ਲਈ ਪਹੁੰਚ ਗਏ। ਮਾਮਲੇ ਸਬੰਧੀ ਸਭਾ ਮੈਂਬਰਾਂ ਤੇ ਕਿਸਾਨਾਂ ਦੀ ਹਲਕਾ ਵਿਧਾਇਕ ਜਗਤਾਰ ਸਿੰਘ ਆਲਪੁਰਾ ਦੇ ਦਫ਼ਤਰ ਬਾਹਰ ਇੰਸਪੈਕਟਰ ਦੇ ਨਾਲ ਬਹਿਸ ਵੀ ਹੋਈ। ਦੂਜੇ ਪਾਸੇ ਮਾਮਲਾ ਭਖਦਾ ਦੇਖ ਕੇ ਵਿਧਾਇਕ ਦਿਆਲਪੁਰਾ ਨੇ ਇਸਦੀ ਜਾਂਚ ਕਰਵਾਉਣ ਦਾ ਭਰੋਸਾ ਦਿੱਤਾ।
ਆਪਸ 'ਚ ਮਿਲ ਕੇ ਚੋਣ ਕਰ ਲੈਂਦੇ ਹਨ: ਮਾਮਲੇ ਦੀ ਵਧੇਰੇ ਜਾਣਕਾਰੀ ਦਿੰਦੇ ਹੋਏ ਪਿੰਡ ਸਿਕੰਦਰਪੁਰ ਦੀ ਖੇਤੀਬਾੜੀ ਸਹਿਕਾਰੀ ਸਭਾ ਨਾਲ ਜੁੜੇ ਕਿਸਾਨ ਅਤੇ ਨੰਬਰਦਾਰ ਜੋਗਿੰਦਰ ਸਿੰਘ ਨੇ ਕਿਹਾ ਕਿ ਸਿਕੰਦਰਪੁਰ ਸੁਸਾਇਟੀ ਵਿਚ ਨਵਾਂ ਸਕੱਤਰ ਚੁਣਿਆ ਗਿਆ ਹੈ। ਉਸ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ। ਇਸ ਤੋਂ ਇਲਾਵਾ ਵੀ ਕਮੇਟੀ ਮੈਂਬਰ ਆਪਸ ਵਿੱਚ ਮਿਲ ਕੇ ਚੋਣ ਕਰ ਲੈਂਦੇ ਹਨ ਅਤੇ ਸਹਿਕਾਰੀ ਸਭਾ ਦੇ ਲੱਖਾਂ ਰੁਪਏ ਦਾ ਗਬਨ ਕੀਤਾ ਜਾਂਦਾ ਹੈ। ਇਸ ਵਾਰ ਵੀ ਚੋਣ ਤੋਂ ਪਹਿਲਾਂ ਕਿਸੇ ਨੂੰ ਸੂਚਨਾ ਨਹੀਂ ਦਿੱਤੀ ਗਈ।
ਇਸਦੇ ਵਿਰੋਧ 'ਚ ਉਹ ਹਲਕਾ ਵਿਧਾਇਕ ਕੋਲ ਆਏ ਹਨ ਅਤੇ ਨਵੇਂ ਸਕੱਤਰ ਨੂੰ ਹਟਾ ਕੇ ਦੁਬਾਰਾ ਪਾਰਦਰਸ਼ੀ ਢੰਗ ਨਾਲ ਨਿਯੁਕਤ ਕਰਨ ਦੀ ਪ੍ਰਕਿਰਿਆ ਦੁਬਾਰਾ ਅਮਲ ਵਿਚ ਲਿਆਉਣ ਦੀ ਮੰਗ ਕੀਤੀ ਗਈ ਹੈ। ਉਹਨਾਂ ਨੇ ਜਾਅਲੀ ਦਸਤਖਤ ਕਰਾਉਣ ਦਾ ਦੋਸ਼ ਵੀ ਲਾਇਆ। ਕਿਸਾਨ ਸੁਖਵਿੰਦਰ ਸਿੰਘ ਨੇ ਕਿਹਾ ਕਿ ਇਹ ਕਿਸਾਨਾਂ ਦੇ ਹਿੱਤਾਂ ਨਾਲ ਜੁੜਿਆ ਮਸਲਾ ਹੈ। ਨਵੇਂ ਸਕੱਤਰ ਦੀ ਚੋਣ ਗਲਤ ਤਰੀਕੇ ਨਾਲ ਕੀਤੀ ਗਈ ਹੈ। ਕਮੇਟੀ ਮੈਂਬਰਾਂ ਤੱਕ ਨੂੰ ਭਿਣਕ ਨਹੀਂ ਲੱਗਣ ਦਿੱਤੀ ਗਈ ਹੈ। ਇਸਤੋਂ ਇਲਾਵਾ ਹੁਣ ਤੱਕ ਜੋ ਕਮੇਟੀ ਨੇ ਕੰਮ ਕੀਤੇ ਹਨ ਉਹਨਾਂ ਦੀ ਵੀ ਜਾਂਚ ਹੋਣੀ ਚਾਹੀਦੀ ਹੈ।
5 ਮੈਂਬਰਾਂ ਨੂੰ ਚੋਣ ਬਾਰੇ ਪਤਾ ਤੱਕ ਨਹੀਂ ਹੈ : ਹਲਕਾ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਨੇ ਕਿਹਾ ਕਿ ਸਿਕੰਦਰਪੁਰ ਖੇਤੀਬਾੜੀ ਸਭਾ ’ਚ ਨਵਾਂ ਸਕੱਤਰ ਰੱਖਿਆ ਗਿਆ ਸੀ। ਪਿੰਡ ਵਾਸੀਆਂ ਦਾ ਕਹਿਣਾ ਇਹ ਹੈ ਕਿ ਇਸ ਦੀ ਚੋਣ ਸਹੀ ਢੰਗ ਨਾਲ ਨਹੀਂ ਕੀਤੀ ਗਈ। ਕੁਝ ਕੁ ਬੰਦਿਆਂ ਨੇ ਆਪਸ 'ਚ ਰਲ ਕੇ ਸਭਾ ’ਚ ਨਵਾਂ ਸਕੱਤਰ ਰੱਖਿਆ ਹੈ ਸੁਸਾਇਟੀ 'ਚ 9 ਮੈਂਬਰ ਹਨ ਜਿਨ੍ਹਾਂ 'ਚੋਂ 5 ਮੈਂਬਰਾਂ ਨੂੰ ਚੋਣ ਬਾਰੇ ਪਤਾ ਤੱਕ ਨਹੀਂ ਹੈ, ਜਿਸਦੀ ਜਾਂਚ ਦੀ ਮੰਗ ਕੀਤੀ ਗਈ ਹੈ। ਵਿਧਾਇਕ ਨੇ ਕਿਹਾ ਕਿ ਇਸ ਦੀ ਜਾਂਚ ਕਰਵਾਈ ਜਾਵੇਗੀ। ਉਹਨਾਂ ਕਿਹਾ ਕਿ ਕਮੇਟੀ ਦੀ ਚੋਣ ਕਰਨ ਵਾਲਿਆਂ ਨੇ ਕਾਗਜ ਪੱਤਰ ਆਪਣੇ ਆਪ ਹੀ ਬਣਾਏ ਹਨ ਪ੍ਰੰਤੂ ਜ਼ਮੀਨੀ ਤੌਰ 'ਤੇ ਗਲਤ ਤਰੀਕੇ ਨਾਲ ਚੋਣ ਕੀਤੀ ਗਈ। ਜਿਸ ਦੇ ਲਈ ਪੂਰੀ ਤਰ੍ਹਾਂ ਨਾਲ ਜਾਂਚ ਹੋਵੇ।
ਕਿਸਾਨਾਂ ਨੂੰ ਇਸ ਸਬੰਧੀ ਕੋਈ ਸਮੱਸਿਆ: ਉਥੇ ਹੀ ਮਾਮਲੇ ਸਬੰਧੀ ਇੰਸਪੈਕਟਰ ਵਿਜੈ ਸਿੰਘ ਨੇ ਕਿਹਾ ਕਿ ਜੋ ਨਵਾਂ ਸਕੱਤਰ ਚੁਣਿਆ ਗਿਆ ਹੈ, ਉਸ ਦੀ ਭਰਤੀ ਪ੍ਰਕਿਰਿਆ ਪੂਰੇ ਪਾਰਦਰਸ਼ੀ ਢੰਗ ਨਾਲ ਅਮਲ ਵਿਚ ਲਿਆਂਦੀ ਗਈ ਹੈ। ਉਨ੍ਹਾਂ ਕਿਹਾ ਕਿ ਜੇਕਰ ਕਿਸਾਨਾਂ ਨੂੰ ਇਸ ਸਬੰਧੀ ਕੋਈ ਸਮੱਸਿਆ ਹੈ ਤਾਂ ਉਹ ਵੀ ਬੈਠ ਕੇ ਸੁਲਝਾ ਲਈ ਜਾਵੇਗੀ। ਕਿਉਂਕਿ ਚੋਣ ਤੋਂ ਪਹਿਲਾਂ ਨਿਯਮਾਂ ਅਨੁਸਾਰ ਮਾਨਤਾ ਪ੍ਰਾਪਤ ਅਖਬਾਰ 'ਚ ਇਸ਼ਤਿਹਾਰ ਦਿੱਤਾ ਗਿਆ ਅਤੇ ਸਹੀ ਤਰੀਕੇ ਨਾਲ ਚੋਣ ਹੋਈ ਹੈ। ਕਿਸੇ ਨੇ ਵੀ ਕੋਈ ਜਾਅਲੀ ਦਸਤਖਤ ਨਹੀਂ ਕਰਵਾਏ ਗਏ।