ਲੁਧਿਆਣਾ: ਹੌਜ਼ਰੀ ਉਦਯੋਗ ਦੇ ਗੜ੍ਹ ਲੁਧਿਆਣਾ ਵਿੱਚ ਛੋਟੇ ਵਪਾਰੀਆਂ ਦੀ ਕਰਫਿਊ ਨੇ ਕਮਰ ਤੋੜ ਦਿੱਤੀ। ਮਜ਼ਦੂਰਾਂ ਦਾ ਪਰਵਾਸ ਵੀ ਇੱਕ ਵੱਡੀ ਸਮੱਸਿਆ ਬਣ ਗਿਆ।
ਲੁਧਿਆਣਾ ਦੇ ਹੌਜ਼ਰੀ ਉਦਯੋਗ ਦੀ ਪੂਰੀ ਦੁਨੀਆ ਵਿੱਚ ਇੱਕ ਵੱਖਰੀ ਪਛਾਣ ਹੈ ਅਤੇ ਇਹੀ ਕਾਰਨ ਹੈ ਕਿ ਇਸ ਸ਼ਹਿਰ ਨੂੰ ਭਾਰਤ ਦਾ ਮੈਨਚੇਸਟਰ ਕਿਹਾ ਜਾਂਦਾ ਹੈ ਪਰ ਇਸ ਸਮੇਂ ਉਦਯੋਗ ਬਹੁਤ ਮੁਸ਼ਕਲ ਸਮੇਂ ਵਿੱਚੋਂ ਲੰਘ ਰਿਹਾ ਹੈ। ਸਨਅਤਕਾਰਾਂ ਦਾ ਕਹਿਣਾ ਕਿ ਲੱਖ ਕੋਸ਼ਿਸ਼ਾਂ ਕਰਨ ਦੇ ਬਾਵਜੂਦ ਵੀ ਉਹ ਆਪਣੀ ਲੇਬਰ ਨੂੰ ਰੋਕ ਨਹੀਂ ਪਾ ਰਹੇ।
ਬੈਂਕ ਉਨ੍ਹਾਂ ਦੀਆਂ ਕਿਸ਼ਤਾਂ ਕੱਟ ਰਿਹਾ ਹੈ ਕਿਉਂਕਿ ਜੇ ਉਹ ਕਿਸ਼ਤ ਅਦਾ ਨਹੀਂ ਕਰਦੇ ਤਾਂ ਅਗਲੀ ਵਾਰ ਉਨ੍ਹਾਂ ਨੂੰ ਵਿਆਜ ਦੇਣਾ ਪਏਗਾ, ਇਸ ਕਰਕੇ ਛੋਟਾ ਉਦਯੋਗ ਬੰਦ ਹੋਣ ਦੇ ਰਾਹ ਪੈ ਜਾਵੇਗਾ। ਸਨਅਤਕਾਰਾਂ ਦਾ ਕਹਿਣਾ ਹੈ ਕਿ ਖਰਚੇ ਬਰਕਰਾਰ ਹਨ, ਪਰ ਆਮਦਨੀ ਅਤੇ ਉਤਪਾਦਨ ਰੁਕਿਆ ਹੋਇਆ ਹੈ। ਪੰਜਾਬ ਤੋਂ ਮਜ਼ਦੂਰਾਂ ਦਾ ਬਹੁਤ ਵੱਡਾ ਪਰਵਾਸ ਹੋ ਰਿਹਾ ਹੈ, ਜਿਸ ਕਰਕੇ ਕੁਝ ਕੁ ਮਜ਼ਦੂਰ ਅਤੇ ਕਾਰੀਗਰ ਹੀ ਰਹਿ ਗਏ ਹਨ।