ਲੁਧਿਆਣਾ: ਪੰਜਾਬ ਵਿਚ ਮੌਸਮ ਦੇ ਵਿੱਚ ਵੱਡੀ ਤਬਦੀਲੀ ਵੇਖਣ ਨੂੰ ਮਿਲ ਰਹੀ ਹੈ। ਉੱਤਰ ਭਾਰਤ ਦੇ ਨਾਲ ਅੱਜ ਪੰਜਾਬ ਭਰ ਦੇ ਵਿੱਚ ਕਈ ਹਿੱਸਿਆਂ ਅੰਦਰ ਸੰਘਣੀ ਧੁੰਦ ਅਤੇ ਕੜਾਕੇ ਦੀ ਠੰਢ ਵੇਖਣ ਨੂੰ ਮਿਲੀ। ਜਿਸ ਨੇ ਨਾ ਸਿਰਫ ਟ੍ਰੈਫਿਕ 'ਤੇ ਬਰੇਕਾਂ ਲਾ ਦਿੱਤੀਆਂ ਸਗੋਂ ਕਈ ਥਾਵਾਂ ਤੇ ਧੁੰਦ ਕਰਕੇ ਸੜਕ ਹਾਦਸੇ ਵੀ ਵਾਪਰੇ ਹਨ। ਮੌਸਮ ਵਿਭਾਗ ਮੁਤਾਬਕ ਆਉਂਦੇ ਇੱਕ ਹਫ਼ਤੇ ਤੱਕ ਇਸੇ ਤਰ੍ਹਾਂ ਧੁੰਦ ਜਾਰੀ ਰਹੇਗੀ। ਧੁੰਦ ਦੇ ਨਾਲ ਹੀ ਠੰਢ ਵਿਚ ਵੀ ਇਜ਼ਾਫਾ ਹੋਵੇਗਾ। ਉਥੇ ਹੀ ਧੁੰਦ ਕਰਕੇ ਟਰੈਫਿਕ ਪੁਲਿਸ ਨੂੰ ਵੀ ਹੱਥਾਂ ਪੈਰਾਂ ਦੀ ਪੈ ਗਈ ਹੈ ਕਿਉਂਕਿ ਲੁਧਿਆਣਾ ਵਿੱਚ ਅਕਸਰ ਹੀ ਧੁੰਦ ਕਰਕੇ ਵੱਡੇ ਹਾਦਸੇ ਵਾਪਰਦੇ ਰਹਿੰਦੇ ਹਨ। ਲੁਧਿਆਣਾ ਦੇ ਬਲੈਕ ਸਪਾਟਾ 'ਤੇ ਬੈਰੀਕੇਟਿੰਗ ਕਰਨ ਲਈ ਉਪਰਾਲੇ ਕੀਤੇ ਜਾ ਰਹੇ ਹਨ। ਇਸ ਤੋ ਇਲਾਵਾਂ ਲੋਕਾਂ ਨੇ ਵੀ ਹੁਣੇ ਠੰਡ ਸਬੰਧੀ ਗੱਲਬਾਤ ਕਰਦਿਆਂ ਚਿੰਤਾ ਜ਼ਾਹਿਰ ਕੀਤੀ ਹੈ।
ਮੌਸਮ ਵਿਭਾਗ ਦੀ ਚਿਤਾਵਨੀ : ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਮੌਸਮ ਵਿਭਾਗ ਨੇ ਭਵਿੱਖਬਾਣੀ ਕੀਤੀ ਹੈ ਕਿ ਅਗਲੇ ਇੱਕ ਹਫ਼ਤੇ ਦੇ ਦੌਰਾਨ ਨਾ ਸਿਰਫ ਸੰਘਣੀ ਧੁੰਦ ਦਾ ਸਾਹਮਣਾ ਕਰਨਾ ਪਵੇਗਾ ਸਗੋਂ ਕੜਾਕੇ ਦੀ ਠੰਡ ਵੀ ਹੋਵੇਗੀ। ਮੌਸਮ ਦੇ ਵਿੱਚ ਵੱਡੀ ਤਬਦੀਲੀ ਆਵੇਗੀ ਤਾਪਮਾਨ ਹੇਠ ਆ ਜਾਣਗੇ। ਉਨ੍ਹਾਂ ਕਿਹਾ ਕਿ ਸਵੇਰੇ ਅਤੇ ਸ਼ਾਮ ਵੇਲੇ ਲੋਕ ਜਿਹੜੇ ਦੂਰ-ਦੁਰਾਡੇ ਦਾ ਸਫਰ ਕਰਨਾ ਚਾਹੁੰਦੇ ਹਨ। ਉਹ ਇਸ ਤੋ ਗੁਰੇਜ ਕਰਨ ਉਨ੍ਹਾਂ ਇਹ ਵੀ ਦੱਸਿਆ ਕਿ ਧੁੰਦ ਪੂਰੇ ਪੰਜਾਬ ਦੇ ਵਿੱਚ ਪੈਣ ਦੇ ਆਸਾਰ ਹਨ। ਮੌਸਮ ਵਿਭਾਗ ਦੀ ਮੁਖੀ ਡਾਕਟਰ ਪਵਨੀਤ ਕੌਰ ਕਿੰਗਰਾ ਨੇ ਕਿਹਾ ਹੈ ਕਿ ਆਉਂਦੇ ਦਿਨਾਂ ਵਿਚ ਤਾਪਮਾਨ ਹੋਰ ਘਟੇਗਾ।