ਲੁਧਿਆਣਾ: ਕੋਰੋਨਾ ਦਾ ਖ਼ਤਰਾ ਇਕ ਵਾਰੀ ਮੁੜ ਤੋਂ ਵਧਣ ਲੱਗਾ ਹੈ, ਸ਼ਹਿਰਾਂ ਦੇ ਵਿਚ ਕੋਰੋਨਾ ਦੀ ਬਿਮਾਰੀ ਫਿਰ ਤੋਂ ਵਧਦੀ ਦਿਖਾਈ ਦੇ ਰਹੀ ਹੈ ਖਾਸ ਤੌਰ 'ਤੇ ਸੰਘਣੀ ਆਬਾਦੀ ਵਾਲੇ ਇਲਾਕਿਆਂ ਦੇ ਵਿੱਚ ਕੋਰੋਨਾ ਦੇ ਮਾਮਲੇ ਵਧਣ ਲੱਗੇ ਹਨ। ਲੁਧਿਆਣਾ ਦੇ ਵਿੱਚ ਜੇਕਰ ਗੱਲ ਕੀਤੀ ਜਾਵੇ 13 ਮਰੀਜ਼ ਪਿਛਲੇ ਇੱਕ ਦਿਨ ਦੇ ਅੰਦਰ ਨਵੇਂ ਆ ਚੁੱਕੇ ਹਨ।
ਪੰਜਾਬ ਭਰ 'ਚ ਮੌਕ ਡਰਿੱਲ:ਕੋਰੋਨਾਵਾਇਰਸ ਤੋਂ ਨਜਿੱਠਣ ਲਈ ਸਰਕਾਰ ਵੱਲੋਂ ਅੱਜ ਸਾਰੇ ਹੀ ਪੰਜਾਬ ਭਰ ਦੇ ਸਿਵਲ ਹਸਪਤਾਲਾਂ ਦੇ ਵਿੱਚ ਮੌਕ ਡਰਿੱਲ ਕਰਵਾਈ ਜਾ ਰਹੀ ਹੈ। ਇਸ ਦੇ ਤਹਿਤ ਲੁਧਿਆਣਾ ਦੇ ਸਿਵਲ ਹਸਪਤਾਲ ਵਿੱਚ ਵੀ ਹਸਪਤਾਲਾਂ ਦੀ ਜ਼ਮੀਨੀ ਹਕੀਕਤ ਜਾਨਣ ਦੇ ਲਈ ਮੋਕ ਡਰਿੱਲ ਦਾ ਪ੍ਰਬੰਧ ਕਰਵਾਇਆ ਗਿਆ ਹੈ। ਜਿਸ ਵਿੱਚ ਸੀਨੀਅਰ ਡਾਕਟਰਾਂ ਨੇ ਹਿੱਸਾ ਲਿਆ। ਲੁਧਿਆਣਾ ਦੇ ਸਿਵਲ ਹਸਪਤਾਲ ਵਿਚ ਬੈੱਡ ਦੀ ਗਿਣਤੀ, ਵੈਟੀਲੇਂਟਰ, ਡਾਕਟਰਾਂ ਅਤੇ ਸਟਾਫ ਦੀ ਸਮੀਖਿਆ ਕੀਤੀ ਗਈ।
ਲੁਧਿਆਣਾ ਸਿਵਲ ਹਸਪਤਾਲ 'ਚ ਪੁਖਤਾ ਪ੍ਰਬੰਧ:ਇਸ ਦੌਰਾਨ ਲੁਧਿਆਣਾ ਸਿਵਲ ਹਸਪਤਾਲ ਦੇ ਨੋਡਲ ਅਫ਼ਸਰ ਨੇ ਕਿਹਾ ਕਿ ਸਾਡੇ ਕੋਲ 48 ਬੈਡ ਤਿਆਰ ਹਨ। ਉਨ੍ਹਾਂ ਦੱਸਿਆ ਕਿ ਜੇਕਰ ਕਿਸੇ ਨੂੰ ਵੀ ਕਰੋਨਾ ਵਾਇਰਸ ਦੇ ਲੱਛਣ ਲੱਗਦੇ ਹਨ ਤਾਂ ਤੁਰੰਤ ਆਪਣਾ ਟੈਸਟ ਕਰਵਾਏ ਅਤੇ ਜੇਕਰ ਉਸ ਨੂੰ ਹਸਪਤਾਲ ਦੀ ਮਦਦ ਦੀ ਲੋੜ ਹੈ ਤਾਂ ਦਾਖ਼ਲ ਹੋ ਕੇ ਆਪਣਾ ਇਲਾਜ ਸਮੇਂ ਸਿਰ ਕਰਵਾ ਲਵੇ। ਉਨ੍ਹਾਂ ਕਿਹਾ ਕਿ ਸਾਡੇ ਕੋਲ ਸਾਰੇ ਪ੍ਰਬੰਧ ਮੁਕੰਮਲ ਕੀਤੇ ਗਏ ਹਨ। ਲੋਕ ਵੀ ਵੱਧ ਤੋਂ ਵੱਧ ਸਾਵਧਾਨੀ ਵਰਤਣ ਤਾਂ ਜੋ ਇਸ ਬਿਮਾਰੀ ਤੋਂ ਬਚਿਆ ਜਾ ਸਕੇ।