ਜਲੰਧਰ:ਵੈਸੇ ਤਾਂ ਪੰਜਾਬ ਦਾ ਜਲੰਧਰ ਜ਼ਿਲ੍ਹਾ ਖੇਡਾਂ ਦੇ ਸਾਮਾਨ ਕਰਕੇ ਪੂਰੀ ਦੁਨੀਆਂ ਵਿੱਚ ਜਾਣਿਆ ਜਾਂਦਾ ਹੈ, ਪਰ ਜਲੰਧਰ ਜ਼ਿਲ੍ਹੇ ਵਿੱਚ ਖੇਡਾਂ ਦੇ ਉਦਯੋਗ ਲੱਗਣ ਤੋਂ ਪਹਿਲੇ ਕੁਝ ਐਸੀਆਂ ਚੀਜ਼ਾਂ ਦੇ ਉਦਯੋਗ ਵੀ ਸਨ ਜੋ ਅੱਜ ਅਲੋਪ ਹੁੰਦੇ ਜਾ ਰਹੇ ਹਨ। ਇਸ ਦੇ ਵਿੱਚ ਚਾਹੇ ਗੱਲ ਨਕੋਦਰ ਵਿਖੇ ਬਣਨ ਵਾਲੀਆਂ ਪੱਖੀਆਂ ਹੋਣ ਜਾਂ ਫਿਰ ਜੰਡੂਸਿੰਘਾ ਵਿਖੇ ਬਣਨ ਵਾਲੀਆਂ ਪੱਖੀਆਂ ਦੀ ਹੋਵੇ।
ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਪੰਜਾਬ ਦੇ ਸੱਭਿਆਚਾਰ ਦਾ ਇਕ ਮੁੱਖ ਹਿੱਸਾ ਪੱਖੀਆਂ ਦੀ:-ਝਾਲਰ ਵਾਲੀਆਂ ਪੱਖੀਆਂ ਪੰਜਾਬ ਦੇ ਸੱਭਿਆਚਾਰ ਦਾ ਉਹ ਹਿੱਸਾ ਨੇ ਜਿਸ ਨੂੰ ਕਦੀ ਹਰ ਕੁਆਰੀ ਕੁੜੀ ਆਪਣੇ ਵਿਆਹ ਲਈ ਬੜੀਆਂ ਰੀਝਾਂ ਨਾਲ ਰੰਗ ਬਰੰਗੀ ਪੱਖੀਆਂ ਬੁਣਦੀ ਸੀ ਅਤੇ ਉਸ ਤੋਂ ਬਾਅਦ ਝਾਲਰ ਹੁੰਦੀ ਸੀ। ਪੰਜਾਬ ਦਾ ਇਹ ਸੱਭਿਆਚਾਰ ਜਿਸ ਵਿੱਚ ਕੁਆਰੀਆਂ ਕੁੜੀਆਂ ਆਪਣੇ ਵਿਆਹਾਂ ਦੇ ਦਾਜ ਲਈ ਚਾਦਰਾਂ, ਸਿਰਹਾਣੇ ਪਤੀ ਟੇਬਲਕਲਾਥ ਵਰਗੀਆਂ ਚੀਜ਼ਾਂ ਉੱਪਰ ਬਾਕਮਾਲ ਕੱਢਾਈ ਕਰਕੇ ਇਸ ਨੂੰ ਆਪਣੇ ਵਿਆਹ ਦੇ ਦਾਜ ਲਈ ਤਿਆਰ ਕਰਦੀਆਂ ਸਨ।
ਪੱਖੀਆਂ ਦਾ ਉਸ ਵੇਲੇ ਇੱਕ ਅਹਿਮ ਰੋਲ ਹੁੰਦਾ ਸੀ, ਕਿਉਂਕਿ ਉਸ ਵੇਲੇ ਪਿੰਡਾਂ ਵਿੱਚ ਲਾਈਟ ਨਹੀਂ ਹੁੰਦੀ ਸੀ ਅਤੇ ਜਿੱਥੇ ਲਾਈਟ ਹੁੰਦੀ ਵੀ ਸੀ। ਉੱਥੇ ਬਿਜਲੀ ਨਾਲ ਚੱਲਣ ਵਾਲੇ ਪੱਖੇ ਏਸੀ ਅਤੇ ਕੂਲਰ ਨਹੀਂ ਹੁੰਦੇ ਸਨ। ਇਹੀ ਕਾਰਨ ਹੈ ਕਿ ਹੱਥ ਨਾਲ ਬਣੀਆਂ ਹੋਈਆਂ, ਇਨ੍ਹਾਂ ਪੱਖੀਆਂ ਦਾ ਕਾਰੋਬਾਰ ਪੰਜਾਬ ਦੇ ਮੁੱਖ ਕਾਰੋਬਾਰਾਂ ਵਿੱਚੋਂ ਇੱਕ ਸੀ। ਇਸ ਕਾਰੋਬਾਰ ਵਿੱਚ ਪੰਜਾਬ ਦੀ ਗੱਲ ਕਰੀਏ ਤਾਂ ਜਲੰਧਰ ਦਾ ਪਿੰਡ ਜੰਡੂਸਿੰਘਾ ਇਕ ਅਹਿਮ ਰੋਲ ਅਦਾ ਕਰਦਾ ਸੀ। ਪੁਰਾਣੇ ਵੇਲਿਆਂ ਵਿੱਚ ਇਸ ਪਿੰਡ ਦੇ ਹਰ ਘਰ ਵਿੱਚ ਜ਼ਨਾਨੀਆਂ ਇਨ੍ਹਾਂ ਪੱਖਿਆਂ ਨੂੰ ਬਣਾਉਣ ਦਾ ਕੰਮ ਕਰਦੀਆਂ ਸਨ।
ਅੱਜ ਇਨ੍ਹਾਂ ਪੱਖੀਆਂ ਦੀ ਥਾਂ ਏ.ਸੀ ਕੂਲਰ ਤੇ ਪੱਖਿਆਂ ਨੇ ਲੈ ਲਈ ਹੈ:-ਜਿੱਦਾਂ ਜਿੱਦਾਂ ਸਮਾਜ ਵਿੱਚ ਆਧੁਨਿਕ ਚੀਜ਼ਾਂ ਆ ਰਹੀਆਂ ਹਨ, ਉਧਰ ਉਹ ਦਾ ਪੰਜਾਬੀ ਸੱਭਿਆਚਾਰ ਨਾਲ ਜੁੜੀਆਂ ਪੁਰਾਣੀਆਂ ਵਸਤੂਆਂ ਦਾ ਕਾਰੋਬਾਰ ਲੋਪ ਹੁੰਦਾ ਜਾ ਰਿਹਾ ਹੈ। ਇਸੇ ਤਰ੍ਹਾਂ ਦਾ ਇਹ ਪੱਖੀਆਂ ਦਾ ਕਾਰੋਬਾਰ ਵੀ ਹੁਣ ਅਲੋਪ ਹੋਣ ਦੀ ਕਗਾਰ 'ਤੇ ਆ ਚੁੱਕਿਆ ਹੈ। ਅੱਜ ਪੰਜਾਬ ਦੇ ਜਲੰਧਰ ਸ਼ਹਿਰ ਦਾ ਪਿੰਡ ਜੰਡੂ ਸਿੰਘਾ ਜਿੱਥੇ ਕਿਸੇ ਸਮੇਂ ਪੂਰੇ ਪਿੰਡ ਵਿੱਚ ਸਿਰਫ਼ ਪੱਖੀਆਂ ਦਾ ਕਾਰੋਬਾਰ ਹੁੰਦਾ ਸੀ, ਪਰ ਹੁਣ ਇੱਕਾ ਦੁੱਕਾ ਲੋਕ ਹੀ ਇਨ੍ਹਾਂ ਪੱਖੀਆਂ ਨੂੰ ਫੜਾਉਂਦੇ ਹੋਏ ਨਜ਼ਰ ਆਉਂਦੇ ਹਨ।
ਸਿਰਫ਼ ਬਜ਼ੁਰਗਾਂ ਦੇ ਹੱਥ ਵਿੱਚ ਰਹਿ ਗਿਆ ਇਹ ਕਾਰੋਬਾਰ :- ਪੱਖੀਆਂ ਦੇ ਇਸ ਕਾਰੋਬਾਰ ਨੂੰ ਪਿੰਡ ਜੰਡੂਸਿੰਘਾ ਵਿੱਚ ਜਦੋਂ ਅਸੀਂ ਨਜ਼ਦੀਕ ਜਾ ਕੇ ਦੇਖਦੇ ਹਾਂ ਤਾਂ ਪਤਾ ਚੱਲਦਾ ਹੈ ਕਿ ਅੱਜ ਉਸ ਪਿੰਡ ਦੇ ਸਿਰਫ਼ ਬਜ਼ੁਰਗ ਲੋਕ ਇਸ ਕੰਮ ਨੂੰ ਕਰ ਰਹੇ ਹਨ। ਚਾਹੇ ਉਹ ਪੱਖੀਆਂ ਦੀਆਂ ਡੰਡੀਆਂ ਨੂੰ ਬਣਾਉਣਾ ਹੋਵੇ, ਉਨ੍ਹਾਂ ਦੀਆਂ ਡੰਡੀਆਂ ਨੂੰ ਰੰਗ ਕਰਨਾ ਹੋਵੇ, ਇਨ੍ਹਾਂ ਪੱਖਿਆਂ ਨੂੰ ਬੁਣ ਕੇ ਉਹਨਾਂ 'ਤੇ ਚਾਰਲ ਲਗਾਉਣੀ ਹੋਵੇ, ਇਨ੍ਹਾਂ ਸਾਰੇ ਕੰਮਾਂ ਨੂੰ ਅੱਜ ਸਿਰਫ਼ ਪੁਰਾਣੇ ਬਜ਼ੁਰਗਾਂ ਵੱਲੋਂ ਹੀ ਅੰਜ਼ਾਮ ਦਿੱਤਾ ਜਾ ਰਿਹਾ ਹੈ।