ਰੂਪਨਗਰ: 2013 ਵਿੱਚ ਪੰਜਾਬ ਸਰਕਾਰ ਤੇ ਨਗਰ ਕੌਂਸਲ ਨੰਗਲ ਦੁਆਰਾ ਸਤਲੁਜ ਪਾਰਕ ਵਿੱਚ ਸਵੀਮਿੰਗ ਕਰਨ ਦੇ ਸ਼ੌਕੀਨਾਂ ਲਈ ਨੰਗਲ ਦੇ ਸਤਲੁਜ ਪਾਰਕ ਵਿੱਚ ਲਗਭਗ ਸਵਾ ਕਰੋੜ ਦੀ ਲਾਗਤ ਨਾਲ ਇੱਕ ਸਵੀਮਿੰਗ ਪੂਲ ਬਣਾਇਆ ਗਿਆ ਸੀ ਪਰ ਇਹ ਸਵੀਮਿੰਗ ਪੂਲ ਕੁਝ ਦਿਨ ਚੱਲਣ ਤੋਂ ਬਾਅਦ ਬੰਦ ਕਰ ਦਿੱਤਾ ਗਿਆ ਕਿਉਂਕਿ ਇਸ ਪੂਲ ਵਿੱਚ ਲੀਕੇਜ਼ ਦੀ ਸਮੱਸਿਆ ਆ ਗਈ ਸੀ ਤੇ ਉਸਨੂੰ ਠੀਕ ਕਰਨ ਲਈ ਇਸਨੂੰ ਬੰਦ ਕੀਤਾ ਗਿਆ ਸੀ।
ਪਰ ਨਾ ਤਾਂ ਲੀਕੇਜ ਠੀਕ ਹੋਈ ਤੇ ਨਾ ਹੀ ਦੋਬਾਰਾ ਸ਼ੁਰੂ ਕੀਤਾ ਗਿਆ ਜਿਸ ਕਾਰਨ ਅੱਜ ਇਸ ਪੂਲ ਦੀ ਹਾਲਤ ਖ਼ਸਤਾ ਹੋ ਚੁੱਕੀ ਹੈ। ਆਲੇ ਦੁਆਲੇ ਵੱਡਾ ਵੱਡਾ ਘਾਹ ਤੇ ਇਸਦੇ ਦਫ਼ਤਰ ਤੇ ਪੂਲ ਵਿਚ ਕਾਫੀ ਟੁੱਟ ਭੱਜ ਹੋ ਚੁੱਕੀ ਹੈ।ਇਸਦੀ ਜਾਂਚ ਲਈ ਉੱਚ ਅਧਿਕਾਰੀਆਂ ਵੱਲੋਂ ਇੱਕ ਟੀਮ ਬਣਾਈ ਗਈ ਸੀ ਜਿਸਨੇ ਜਾਂਚ ਵਿੱਚ ਕੌਂਸਲ ਦੇ ਕਈ ਅਧਿਕਾਰੀਆਂ ਨੂੰ ਦੋਸ਼ੀ ਠਹਰਾਇਆ ਸੀ ਤੇ ਵਿਭਾਗ ਵੱਲੋਂ ਉਨ੍ਹਾਂ ਅਧਿਕਾਰੀਆਂ ’ਤੇ ਕਾਰਵਾਈ ਕਰਦੇ ਹੋਏ ਸਜ਼ਾਵਾਂ ਵੀ ਦਿੱਤੀਆਂ ਗਈਆਂ ਸਨ। ਸਜ਼ਾਵਾਂ ਭਾਵੇਂ ਦੇ ਦਿੱਤੀਆਂ ਗਈਆਂ ਪਰ ਜਨਤਾ ਦੇ ਟੈਕਸ ਦਾ ਕਰੋੜ ਰੁਪਿਆ ਸਰਕਾਰ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਅਣਗਹਿਲੀ ਕਾਰਨ ਬਰਬਾਦ ਹੋ ਗਿਆ।
ਇਹ ਪੂਲ ਕੁਝ ਮਹੀਨੇ ਚੱਲਣ ਤੋਂ ਬਾਅਦ ਬੰਦ ਕਰ ਦਿੱਤਾ ਗਿਆ। ਦੱਸ ਦਈਏ ਕਿ ਇਸਦਾ ਨੀਂਹ ਪੱਥਰ 2010 ਵਿੱਚ ਉਸ ਸਮੇਂ ਦੇ ਮੁੱਖਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਰੱਖਿਆ ਸੀ ਤੇ 2013 ਵਿੱਚ ਇਹ ਬਣ ਕੇ ਤਿਆਰ ਹੋ ਗਿਆ ਸੀ ਤੇ ਇਸਨੂੰ ਸਾਬਕਾ ਕੈਬਨਿਟ ਮੰਤਰੀ ਮਦਨ ਮੋਹਨ ਮਿੱਤਲ ਦੁਆਰਾ ਸ਼ਹਿਰ ਵਾਸੀਆਂ ਲਈ ਸ਼ੁਰੂ ਕਰ ਦਿੱਤਾ ਗਿਆ ਸੀ। ਕੁਝ ਦਿਨ ਤੈਰਨ ਦੇ ਸ਼ੌਕੀਨ ਇਸ ਸਵੀਮਿੰਗ ਪੂਲ ਵਿੱਚ ਆਉਂਦੇ ਰਹੇ ਪਰ ਸਵਾ ਕਰੋੜ ਰੁਪਏ ਖਰਚ ਕੇ ਬਣੇ ਇਸ ਸਵੀਮਿੰਗ ਪੂਲ ਵਿੱਚ ਲ਼ੀਕੇਜ ਹੋਣੀ ਸ਼ੁਰੂ ਹੋ ਗਈ ਤੇ ਇਸਨੂੰ ਠੀਕ ਕਰਨ ਲਈ ਇਸਨੂੰ ਬੰਦ ਕੀਤਾ ਗਿਆ ਸੀ ।