ਦੋਰਾਹਾ ਵਿਖੇ ਸਰਹਿੰਦ ਨਹਿਰ 'ਚ ਪਿਆ ਪਾੜ ਖੰਨਾ :ਦੋਰਾਹਾ ਵਿਖੇ ਨਹਿਰ ਦਾ ਬੰਨ੍ਹ ਟੁੱਟਣ ਨਾਲ ਰਿਹਾਇਸ਼ੀ ਇਲਾਕੇ ਦੇ ਨਾਲ ਨਾਲ ਆਰਮੀ ਏਰੀਆ ਵਿੱਚ ਵੀ ਪਾਣੀ ਭਰ ਗਿਆ। ਸਿਵਲ ਅਤੇ ਪੁਲਿਸ ਪ੍ਰਸ਼ਾਸਨ ਨੇ ਆਰਮੀ ਦੀ ਮਦਦ ਨਾਲ ਬੰਨ੍ਹ ਲਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਆਲੇ-ਦੁਆਲੇ ਲੋਕਾਂ ਵਿੱਚ ਡਰ ਦਾ ਮਾਹੌਲ ਹੈ, ਪਰ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਸਿਸਵਾਂ ਨਦੀ ਦਾ ਪਾਣੀ ਦੋਰਾਹਾ ਨਹਿਰ ਵਿੱਚ ਵਧਣ ਨਾਲ ਬੰਨ੍ਹ ਟੁੱਟ ਗਿਆ। ਫਿਲਹਾਲ ਸਥਿਤੀ ਕੰਟਰੋਲ ਕਰ ਲਈ ਗਈ ਹੈ।
ਸਥਿਤੀ ਦਾ ਜਾਇਜ਼ਾ ਲੈਣ ਪਹੁੰਚੇ ਵਿਧਾਇਕ ਗਿਆਸਪੁਰਾ :ਇਸ ਦੌਰਾਨ ਸਥਿਤੀ ਦਾ ਜਾਇਜ਼ਾ ਲੈਣ ਲਈ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਪੁੱਜੇ। ਗਿਆਸਪੁਰਾ ਨੇ ਫੌਜ ਦੇ ਕੰਮ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਭਾਵੇਂ ਸਰਹੱਦ ਉਪਰ ਦੇਸ਼ ਦੀ ਰੱਖਿਆ ਹੋਵੇ ਜਾਂ ਜ਼ਮੀਨੀ ਪੱਧਰ ਉਪਰ ਲੋਕਾਂ ਦੀ ਜਾਨ ਬਚਾਉਣ ਦੀ ਗੱਲ ਹੋਵੇ ਫੌਜ ਹਮੇਸ਼ਾ ਆਪਣੀ ਜਾਨ ਉਪਰ ਖੇਡ ਕੇ ਕੰਮ ਕਰਦੀ ਹੈ। ਇਸਦੇ ਨਾਲ ਹੀ ਉਨ੍ਹਾਂ ਨੇ ਹਦਾਇਤ ਕੀਤੀ ਕਿ ਨਹਿਰ ਦੇ ਨਾਲ-ਨਾਲ ਗਸ਼ਤ ਤੇਜ਼ ਕੀਤੀ ਜਾਵੇ। ਗਿਆਸਪੁਰਾ ਨੇ ਕਿਹਾ ਕਿ ਸਰਕਾਰ ਵੱਲੋਂ ਵੀ ਪੂਰੀ ਨਿਗਰਾਨੀ ਰੱਖੀ ਜਾ ਰਹੀ ਹੈ। ਲੋਕਾਂ ਦਾ ਕੋਈ ਨੁਕਸਾਨ ਨਹੀਂ ਹੋਣ ਦਿੱਤਾ ਜਾਵੇਗਾ।
ਨਹਿਰ ਨਾਲ ਲੱਗਦੇ ਨੇ ਦਰਜਨਾਂ ਪਿੰਡ ਅਤੇ ਸ਼ਹਿਰ : ਇਸ ਨਹਿਰ ਦੇ ਨਾਲ ਦਰਜਨਾਂ ਪਿੰਡ ਲੱਗਦੇ ਹਨ ਅਤੇ ਦੋਰਾਹਾ ਸ਼ਹਿਰ ਵੀ ਹੈ। ਜੇਕਰ ਸਮਾਂ ਰਹਿੰਦੇ ਨਹਿਰ ਦਾ ਪਾੜ ਨਾ ਭਰਿਆ ਜਾਂਦਾ ਤਾਂ ਇੱਥੇ ਭਾਰੀ ਨੁਕਸਾਨ ਹੋ ਸਕਦਾ ਸੀ। ਹਾਲੇ ਵੀ ਖ਼ਤਰੇ ਨੂੰ ਦੇਖਦੇ ਹੋਏ ਬੰਨ੍ਹ ਉੱਚਾ ਕੀਤਾ ਜਾ ਰਿਹਾ ਹੈ। ਪਿੰਡਵਾਸੀ ਵੀ ਸਹਿਯੋਗ ਕਰ ਰਹੇ ਹਨ।
ਫੌਜ ਕੈਂਪ ਨਜ਼ਦੀਕ ਹੋਣ ਕਾਰਨ ਟਲਿਆ ਹਾਦਸਾ : ਦੋਰਾਹਾ ਵਿਖੇ ਜਿਸ ਥਾਂ ਉਪਰ ਪਾੜ ਪਿਆ ਇੱਥੇ ਨਾਲ ਹੀ ਫੌਜ ਦਾ ਕੈਂਪ ਬਣਿਆ ਹੋਇਆ ਹੈ। ਪੱਕੇ ਤੌਰ ਉਤੇ ਫੌਜੀ ਇੱਥੇ ਰਹਿੰਦੇ ਹਨ। ਇਸੇ ਕਰਕੇ ਵੱਡਾ ਹਾਦਸਾ ਹੋਣੋਂ ਟਲਿਆ। ਜਿਵੇਂ ਹੀ ਨਹਿਰ ਦਾ ਪਾਣੀ ਫੌਜੀ ਕੈਂਪ ਵਿੱਚ ਵੜਿਆ ਤਾਂ ਨਾਲ ਦੀ ਨਾਲ ਫੌਜ ਵੱਲੋਂ ਰਾਹਤ ਕਾਰਜ ਸ਼ੁਰੂ ਕੀਤੇ ਦਿੱਤੇ ਗਏ। ਦੇਖਦੇ ਹੀ ਦੇਖਦੇ ਫੌਜੀਆਂ ਨੇ ਪਿੰਡ ਵਾਸੀਆਂ ਅਤੇ ਮਹਿਕਮਿਆਂ ਨਾਲ ਮਿਲ ਕੇ ਬੰਨ੍ਹ ਬਣਾ ਦਿੱਤਾ।
ਪਾਣੀ ਦੀ ਮਾਰ ਹੇਠ ਪੰਜਾਬ :ਬਿਆਸ, ਰਾਵੀ, ਸਤਲੁਜ ਅਤੇ ਘੱਗਰ ਦੇ ਨਾਲ ਲੱਗਦੇ ਇਲਾਕਿਆਂ ਉੱਤੇ ਤਾਂ ਪਾਣੀ ਦਾ ਖ਼ਤਰਾ ਲਗਾਤਾਰ ਬਣਿਆ ਹੋਇਆ ਹੈ। ਸਤਲੁਜ ਦਰਿਆ ਦੇ ਕੰਢਿਆਂ ਤੋਂ ਇਲਾਵਾ ਪਟਿਆਲਾ, ਮੁਹਾਲੀ, ਆਨੰਦਪੁਰ ਸਾਹਿਬ, ਫਤਹਿਗੜ੍ਹ ਸਾਹਿਬ ਅਤੇ ਨਹਿਰਾਂ ਦੇ ਕੰਢਿਆਂ ਵਿੱਚ ਪਾੜ ਪੈਣ ਕਾਰਨ ਜੰਡਿਆਲਾ ਗੁਰੂ, ਬੰਡਾਲਾ, ਅਬੋਹਰ ਵਿੱਚ ਪਾਣੀ ਦਾ ਪੱਧਰ ਵਧਣ ਕਾਰਨ ਖੇਤਾਂ ਨੂੰ ਬੁਰੀ ਤਰ੍ਹਾਂ ਨੁਕਸਾਨ ਪਹੁੰਚਿਆ ਹੈ, ਜਦੋਂ ਕਿ ਰਾਜਪੁਰਾ ਵਿਚ ਸਥਿਤ ਚਿਤਕਾਰਾ ਯੂਨੀਵਰਸਿਟੀ ਵੀ ਖਾਲੀ ਕਰਵਾ ਲਿਆ ਗਿਆ ਹੈ ਅਤੇ ਵਿਦਿਆਰਥੀਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ। ਇਹ ਖੇਤਰ ਐਸਵਾਈਐਲ ਦੇ ਨਾਲ ਲੱਗਦਾ ਹੈ।