ਲੁਧਿਆਣਾ :ਪੰਜਾਬ ਵਿੱਚ ਹੜ੍ਹ ਦਾ ਕਹਿਰ ਜਾਰੀ ਹੈ। ਖੰਨਾ ਦੇ ਮਾਛੀਵਾੜਾ ਸਾਹਿਬ 'ਚ ਬੁੱਢਾ ਦਰਿਆ 'ਚ ਪਾਣੀ ਦੇ ਤੇਜ਼ ਵਹਾਅ 'ਚ ਰੁੜ੍ਹੇ ਇਕ ਲੜਕੇ ਦੀ ਲਾਸ਼ ਤੀਜੇ ਦਿਨ ਬਰਾਮਦ ਹੋਈ। ਜਿਸ ਥਾਂ ‘ਤੇ ਲੜਕਾ ਰੁੜਿਆ ਸੀ, ਉਸਦੀ ਲਾਸ਼ ਉਸ ਥਾਂ ਤੋਂ ਕਰੀਬ ਸਵਾ ਕਿਲੋਮੀਟਰ ਦੀ ਦੂਰੀ 'ਤੇ ਮਿਲੀ ਹੈ। ਘਟਨਾ ਤੋਂ ਬਾਅਦ ਪਿੰਡ ਚੱਕੀ ਦੇ ਰਹਿਣ ਵਾਲੇ ਬਜ਼ੁਰਗ ਜੋੜੇ 'ਤੇ ਦੁੱਖਾਂ ਦਾ ਪਹਾੜ ਟੁੱਟ ਗਿਆ। ਕਿਉਂਕਿ ਮ੍ਰਿਤਕ ਸੁਖਪ੍ਰੀਤ ਸਿੰਘ (16) ਬੁਢਾਪੇ ਵਿੱਚ ਆਪਣੇ ਦਾਦਾ-ਦਾਦੀ ਦਾ ਇੱਕੋ ਇੱਕ ਸਹਾਰਾ ਸੀ।
ਮਾਛੀਵਾੜਾ ਸਾਹਿਬ 'ਚ ਹੜ੍ਹ ਨੇ ਮਚਾਈ ਤਬਾਹੀ, ਪਾਣੀ ‘ਚ ਰੁੜੇ ਲੜਕੇ ਦੀ ਲਾਸ਼ ਬਰਾਮਦ - ਪੰਜਾਬ ਦੇ ਮੌਸਮ ਨੂੰ ਲੈ ਕੇ ਖਬਰਾਂ
ਲੁਧਿਆਣਾ ਦੇ ਮਾਛੀਵਾੜਾ ਵਿੱਚ ਮੀਂਹ ਦੇ ਪਾਣੀ ਵਿੱਚ ਰੁੜ੍ਹੇ ਲੜਕੇ ਦੀ ਲਾਸ਼ ਬਰਾਮਦ ਹੋ ਗਈ ਹੈ। ਪੀੜਤ ਪਰਿਵਾਰ ਨੇ ਸਰਕਾਰ ਪਾਸੋਂ ਆਰਥਿਕ ਮਦਦ ਕਰਨ ਦੀ ਮੰਗ ਕੀਤੀ ਹੈ।
ਸੁਖਪ੍ਰੀਤ ਸਿੰਘ ਦੇ ਪਿਤਾ ਦੀ ਕਰੀਬ ਪੰਜ ਮਹੀਨੇ ਪਹਿਲਾਂ ਮੌਤ ਹੋ ਗਈ ਸੀ, ਜਿਸਤੋਂ ਬਾਅਦ ਸੁਖਪ੍ਰੀਤ ਦੀ ਮਾਂ ਆਪਣੀ ਇੱਕ ਧੀ ਸਮੇਤ ਪਰਿਵਾਰ ਤੋਂ ਵੱਖ ਰਹਿਣ ਲੱਗੀ। ਸੁਖਪ੍ਰੀਤ ਦੀ ਇੱਕ ਭੈਣ ਉਸਦੇ ਨਾਲ ਰਹਿੰਦੀ ਸੀ। ਸੁਖਪ੍ਰੀਤ 9ਵੀਂ ਜਮਾਤ 'ਚ ਪੜ੍ਹਦਾ ਸੀ ਅਤੇ ਇਸਦੇ ਨਾਲ ਹੀ ਇਕ ਦੁਕਾਨ 'ਤੇ ਕੰਮ ਕਰਕੇ ਪਰਿਵਾਰ ਦਾ ਗੁਜ਼ਾਰਾ ਚਲਾਉਂਦਾ ਸੀ। ਆਪਣੇ ਪੋਤੇ ਦੀ ਮ੍ਰਿਤਕ ਦੇਹ ਨੂੰ ਲੈਣ ਲਈ ਸਿਵਲ ਹਸਪਤਾਲ ਪੁੱਜੇ ਦਾਦਾ ਚਰਨਦਾਸ ਨੇ ਦੱਸਿਆ ਕਿ ਮੰਗਲਵਾਰ ਨੂੰ ਸੁਖਪ੍ਰੀਤ ਸਿੰਘ ਉਸਨੂੰ ਇਹ ਕਹਿ ਕੇ ਗਿਆ ਸੀ ਕਿ ਉਹ ਦੋ ਮਿੰਟਾਂ ਵਿੱਚ ਵਾਪਸ ਆ ਰਿਹਾ ਹੈ। ਜੇਕਰ ਉਸਨੂੰ ਪਤਾ ਹੁੰਦਾ ਕਿ ਸੁਖਪ੍ਰੀਤ ਪਾਣੀ ਦੇਖਣ ਗਿਆ ਹੈ ਤਾਂ ਉਹ ਉਸਨੂੰ ਕਦੇ ਨਾ ਜਾਣ ਦਿੰਦਾ। ਉਸਦਾ ਪੋਤਾ ਦੋ ਮਿੰਟ ਲਈ ਕਹਿ ਕੇ ਗਿਆ ਸੀ ਤੇ ਅੱਜ ਜਿਉਂਦਾ ਵਾਪਸ ਨਹੀਂ ਆਇਆ। ਉਸ ਕੋਲ ਸਿਰਫ਼ ਇੱਕੋ ਸਹਾਰਾ ਬਚਿਆ ਸੀ ਜੋ ਹੜ੍ਹ ਨੇ ਖੋਹ ਲਿਆ। ਪਿੰਡ ਦੇ ਸਾਬਕਾ ਸਰਪੰਚ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਇਹ ਪਰਿਵਾਰ ਕਾਫੀ ਗਰੀਬ ਹੈ। ਇਹਨਾਂ ਦਾ ਇੱਕੋ ਸਹਾਰਾ ਸੁਖਪ੍ਰੀਤ ਸਿੰਘ ਸੀ। ਜਿਸਦੀ ਮੌਤ ਹੋ ਗਈ। ਉਹਨਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਇਸ ਪਰਿਵਾਰ ਦੀ ਮਦਦ ਕੀਤੀ ਜਾਵੇ। ਕਿਉਂਕਿ ਪਰਿਵਾਰ ਦੀ ਆਰਥਿਕ ਹਾਲਤ ਇੰਨੀ ਕਮਜ਼ੋਰ ਹੈ ਕਿ ਦੋ ਵਕਤ ਦਾ ਗੁਜ਼ਾਰਾ ਵੀ ਕਰਨਾ ਮੁਸ਼ਕਲ ਹੈ।
- ਅਦਾਲਤ ਵਿੱਚ ਪੇਸ਼ ਨਹੀਂ ਹੋਏ ਸਾਬਕਾ ਉਪ ਮੁੱਖ ਮੰਤਰੀ ਓਪੀ ਸੋਨੀ, ਸਿਹਤ ਖਰਾਬ ਹੋਣ ਦਾ ਦਿੱਤਾ ਹਵਾਲਾ
- ਮੁੱਖ ਮੰਤਰੀ ਭਗਵੰਤ ਮਾਨ ਨੇ ਸੰਗਰੂਰ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਕੀਤਾ ਦੌਰਾ, ਖੁਦ ਹੜ੍ਹਾਂ ਦੇ ਪਾਣੀ ਵਿੱਚ ਉੱਤਰੇ
- ਪਠਾਨਕੋਟ 'ਚ ਨੌਕਰੀ 'ਚੋਂ ਕੱਢੇ ਗਏ ਲੋਕਾਂ ਦੇ ਮਾਪੇ ਚੜ੍ਹੇ ਟਾਵਰ 'ਤੇ
ਇਸ ਤਰ੍ਹਾਂ ਵਾਪਰਿਆ ਸੀ ਹਾਦਸਾ :ਸੁਖਪ੍ਰੀਤ ਸਿੰਘ ਮੋਟਰਸਾਈਕਲ 'ਤੇ ਜਾ ਰਿਹਾ ਸੀ। ਸੁਖਪ੍ਰੀਤ ਸਿੰਘ ਨੇ ਗੁਰੂਗੜ੍ਹ ਦੀ ਪੁਲੀ ਨੇੜੇ ਮੋਟਰਸਾਈਕਲ ਖੜ੍ਹਾ ਕੀਤਾ ਸੀ। ਕਿਉਂਕਿ ਸੜਕ 'ਤੇ ਬਹੁਤ ਪਾਣੀ ਸੀ। ਉਹ ਦੇਖਣ ਲੱਗਾ ਕਿ ਮੋਟਰਸਾਈਕਲ ਨਿਕਲ ਜਾਵੇਗਾ ਜਾਂ ਨਹੀਂ। ਇਸੇ ਦੌਰਾਨ ਉਸਦਾ ਪੈਰ ਫਿਸਲ ਗਿਆ ਅਤੇ ਉਹ ਪਾਣੀ 'ਚ ਰੁੜ੍ਹ ਗਿਆ ਸੀ। ਜਦੋਂ ਤੱਕ ਲੋਕਾਂ ਨੇ ਇਕੱਠੇ ਹੋ ਕੇ ਕੋਸ਼ਿਸ਼ਾਂ ਸ਼ੁਰੂ ਕੀਤੀਆਂ ਤਾਂ ਸੁਖਪ੍ਰੀਤ ਕਾਫੀ ਦੂਰ ਤੱਕ ਰੁੜ ਗਿਆ ਸੀ। ਗੋਤਾਖੋਰ ਤਿੰਨ ਦਿਨਾਂ ਤੋਂ ਸੁਖਪ੍ਰੀਤ ਦੀ ਭਾਲ ਕਰ ਰਹੇ ਸਨ। ਵੀਰਵਾਰ ਨੂੰ ਉਸਦੀ ਲਾਸ਼ ਬਰਾਮਦ ਹੋਈ ਹੈ।