ਲੁਧਿਆਣਾ :ਵਿਦਿਆਰਥੀਆਂ ਨੂੰ ਵਿਦੇਸ਼ ਭੇਜਣ ਦੇ ਨਾਮ ’ਤੇ ਜਾਅਲੀ ਵੀਜ਼ੇ ਲਗਾ ਕੇ ਲੱਖਾਂ ਰੁਪਏ ਦੀ ਠੱਗੀ ਮਾਰਨ ਵਾਲਾ ਟ੍ਰੈਵਲ ਏਜੰਟ ਅਤੇ ਪੁਲਿਸ ਅਧਿਕਾਰੀ ਦਾ ਪੁੱਤਰ ਹਰਪ੍ਰੀਤ ਸਿੰਘ ਚੋਪੜਾ ਆਖਰ 4 ਸਾਲ ਬਾਅਦ ਕਾਬੂ ਕਰ ਲਿਆ ਹੈ। ਅੱਜ ਪ੍ਰੈੱਸ ਕਾਨਫਰੰਸ ਦੌਰਾਨ ਮਾਛੀਵਾੜਾ ਥਾਣਾ ਦੀ ਮੁਖੀ ਪਰੋਬੇਸ਼ਨਲ ਡੀਐੱਸਪੀ ਮਨਦੀਪ ਕੌਰ ਨੇ ਦੱਸਿਆ ਕਿ 2019 ਵਿਚ ਮਾਛੀਵਾੜਾ ਦੀ ਨਿਵਾਸੀ ਰੀਨਾ ਵਰਮਾ ਨੇ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਹ ਵਿਦਿਆਰਥੀਆਂ ਨੂੰ ਆਈਲੈੱਟਸ ਦੇ ਇੰਗਲਿਸ਼ ਸਪੋਕਨ ਦਾ ਕੋਰਸ ਕਰਵਾਉਂਦੀ ਹੈ ਅਤੇ ਉਸ ਕੋਲ ਜੋ ਵਿਦਿਆਰਥੀ ਪੜਦੇ ਹਨ।
ਵੀਜ਼ਾ ਲਗਾਉਣ ਦਾ ਦਿੱਤਾ ਝਾਂਸਾ :ਉਨ੍ਹਾਂ ਦੇ ਇੰਸਟੀਚਿਊਟ ਵਿਚ ਹਰਪ੍ਰੀਤ ਸਿੰਘ ਚੋਪੜਾ ਅਤੇ ਇੱਕ ਹੋਰ ਵਿਅਕਤੀ ਆਇਆ ਜਿਨ੍ਹਾਂ ਨੇ ਕਿਹਾ ਕਿ ਉਹ ਵਿਦਿਆਰਥੀਆਂ ਨੂੰ ਵਿਦੇਸ਼ ਵਿਚ ਸਟੱਡੀ, ਵਰਕ ਪਰਮਿਟ ਅਤੇ ਟੂਰਿਸਟ ਵੀਜ਼ੇ ’ਤੇ ਬਾਹਰ ਭੇਜਣ ਦਾ ਕੰਮ ਕਰਦੇ ਹਨ। ਟ੍ਰੈਵਲ ਏਜੰਟ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਉਸਦਾ ਦਫ਼ਤਰ ਲੁਧਿਆਣਾ ਵਿਖੇ ਹੈ ਅਤੇ ਉਹ ਸ਼ਰਤੀਆ ਵਿਦਿਆਰਥੀਆਂ ਦਾ ਵੀਜ਼ਾ ਲਗਵਾ ਦੇਣਗੇ। ਮੇਰੇ ਇੰਸਟੀਚਿਊਟ ਵਿਚ ਪੜਦੇ ਕਰੀਬ 8 ਵਿਦਿਆਰਥੀਆਂ ਵਲੋਂ ਟ੍ਰੈਵਲ ਏਜੰਟ ਹਰਪ੍ਰੀਤ ਸਿੰਘ ਚੋਪੜਾ ਨਾਲ ਗੱਲਬਾਤ ਕਰਕੇ 35 ਲੱਖ ਰੁਪਏ ਤੋਂ ਵੱਧ ਦੀ ਰਾਸ਼ੀ ਦੇ ਦਿੱਤੀ ਅਤੇ ਪਾਸਪੋਰਟ ਲੈ ਕੇ ਵਾਅਦਾ ਕੀਤਾ ਕਿ 6 ਮਹੀਨਿਆਂ ’ਚ ਉਨ੍ਹਾਂ ਦਾ ਵੀਜ਼ਾ ਲੱਗ ਜਾਵੇਗਾ। ਟ੍ਰੈਵਲ ਏਜੰਟ ਵਲੋਂ ਜਦੋਂ ਵਿਦਿਆਰਥੀਆਂ ਦੇ ਵੀਜ਼ੇ ਤੇ ਟਿਕਟਾਂ ਭੇਜੀਆਂ ਗਈਆਂ ਤਾਂ ਜਾਂਚ ਦੌਰਾਨ ਪਤਾ ਲੱਗਾ ਕਿ ਉਹ ਸਭ ਜਾਅਲੀ ਹਨ।