ਖੰਨਾ: ਅਕਸਰ ਹੀ ਨੌਸਰਬਾਜ਼ ਠੱਗੀ ਮਾਰਨ ਦੇ ਨਵੇਂ ਤਰੀਕੇ ਲੱਭ ਲੈਂਦੇ ਹਨ ਅਤੇ ਲੋਕਾਂ ਨੂੰ ਆਪਣੇ ਜਾਲ 'ਚ ਫਸਾ ਕੇ ਠੱਗੀਆਂ ਮਾਰਦੇ ਹਨ। ਇੰਨ੍ਹੀਂ ਦਿਨੀਂ ਨਕਲੀ ਸੋਨੇ ਰਾਹੀਂ ਲੋਨ ਕੰਪਨੀਆਂ ਅਤੇ ਸੁਨਿਆਰਿਆਂ ਨਾਲ ਠੱਗੀਆਂ ਮਾਰੀਆਂ ਜਾ ਰਹੀਆਂ ਹਨ। ਪੰਜਾਬ ਅੰਦਰ ਕਈ ਜ਼ਿਲ੍ਹਿਆਂ ਤੋਂ ਅਜਿਹੀਆਂ ਘਟਨਾਵਾਂ ਵੀ ਸਾਹਮਣੇ ਆਈਆਂ ਹਨ, ਜਿੱਥੇ ਨਕਲੀ ਸੋਨੇ ਨਾਲ ਠਗੀਆਂ ਮਾਰ ਰਹੇ ਹਨ। ਖੰਨਾ ਦੀ ਦੋਰਾਹਾ ਪੁਲਿਸ ਨੇ ਅਜਿਹੇ ਗਿਰੋਹ ਦੇ 2 ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਦਕਿ 1 ਮੌਕੇ ਤੋਂ ਫ਼ਰਾਰ ਹੋ ਗਿਆ। ਇਨ੍ਹਾਂ ਕੋਲੋਂ ਨਕਲੀ ਸੋਨੇ ਦੇ ਕਰੀਬ ਸਾਢੇ 11 ਤੋਲੇ ਵਜਨੀ ਗਹਿਣੇ ਬਰਾਮਦ ਹੋਏ ਅਤੇ ਇਨ੍ਹਾਂ ਉਪਰ 22 ਕੈਰੇਟ ਦੀ ਮੋਹਰ ਵੀ ਲੱਗੀ ਹੋਇਆ ਹੈ।
ਇੰਝ ਪਹੁੰਚੇ ਠੱਗੀ ਮਾਰਨ:ਦੋਰਾਹਾ ਵਿਖੇ ਮੁਥੂਟ ਫਾਇਨਾਂਸ ਕੰਪਨੀ ਦੇ ਬ੍ਰਾਂਚ ਮੈਨੇਜਰ ਰੋਹਿਤ ਕੌਸ਼ਲ ਨੇ ਦੱਸਿਆ ਕਿ ਉਨ੍ਹਾਂ ਕੋਲ ਤਿੰਨ ਵਿਅਕਤੀ ਗੋਲਡ ਲੋਨ ਲਈ ਬ੍ਰਾਂਚ ਵਿੱਚ ਆਏ। ਦੂਰ ਦੇ ਹੋਣ ਕਰਕੇ ਇਨ੍ਹਾਂ ਉਪਰ ਪਹਿਲਾਂ ਹੀ ਸ਼ੱਕ ਹੋ ਰਿਹਾ ਸੀ। ਇਨ੍ਹਾਂ ਨੇ ਗੋਲਡ ਲੋਨ ਲਈ ਕਰੀਬ ਸਾਢੇ 11 ਤੋਲੇ ਵਜ਼ਨੀ ਗਹਿਣੇ ਦਿੱਤੇ, ਜਿਨ੍ਹਾਂ ਦੀ ਕੀਮਤ ਕਰੀਬ ਸਾਢੇ 6 ਲੱਖ ਪਾਈ ਗਈ। ਰੋਹਿਤ ਕੌਸ਼ਲ ਨੇ ਦੱਸਿਆ ਕਿ ਦੱਸਿਆ ਕਿ ਇਹ ਮੁਲਜ਼ਮ ਪਹਿਲੀ ਵਾਰ ਬੈਂਕ ਵਿੱਚ ਆਏ ਸੀ, ਇਨ੍ਹਾਂ ਉੱਤੇ ਪਹਿਲਾਂ ਹੀ ਸ਼ੱਕ ਹੋ ਗਿਆ। ਇਕ ਕਾਰਨ ਸੋਨੇ ਦੀ ਬਰੀਕੀ ਨਾਲ ਜਾਂਚ ਕੀਤੀ ਗਈ ਸੀ, ਜੋ ਕਿ ਨਕਲੀ ਪਾਇਆ ਗਿਆ। ਫਿਰ ਉਨ੍ਹਾਂ ਨੇ ਤੁਰੰਤ ਪੁਲਿਸ ਨੂੰ ਮੌਕੇ ਉੱਤੇ ਬੁਲਾਇਆ।