ਲੁਧਿਆਣਾ: ਭਾਰਤੀ ਜਲ ਸੈਨਾ ਦੇ ਦੋ ਜਵਾਨ ਕੰਨਿਆ ਕੁਮਾਰੀ ਤੋਂ ਲੈ ਕੇ ਕਸ਼ਮੀਰ ਤੱਕ ਦੌੜ ਲਗਾ ਰਹੇ ਹਨ। ਇਸੇ ਪੜਾਅ ਦੇ ਤਹਿਤ ਅੱਜ ਉਹ ਲੁਧਿਆਣਾ ਪਹੁੰਚੇ ਜਿੱਥੇ ਲੁਧਿਆਣਾ ਵਾਸੀਆਂ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ ਅਤੇ ਉਨ੍ਹਾਂ ਨੂੰ ਸਨਮਾਨਿਤ ਵੀ ਕੀਤਾ ਗਿਆ। ਇਨ੍ਹਾਂ ਨੌਜਵਾਨਾਂ ਵੱਲੋਂ ਮਹਿਜ਼ 56 ਦਿਨ ਦਾ ਟੀਚਾ ਮਿੱਥਿਆ ਗਿਆ ਹੈ ਅਤੇ 4431 ਕਿਲੋਮੀਟਰ ਦਾ ਸਫਰ ਤੈਅ ਕਰਕੇ ਉਹ ਵਿਸ਼ਵ ਰਿਕਾਰਡ ਆਪਣੇ ਨਾਂਅ ਕਰਨਗੇ। ਇਸ ਦੇ ਨਾਲ ਹੀ ਭਾਰਤ ਦੀ ਏਕਤਾ ਦਾ ਸੁਨੇਹਾ ਵੀ ਦੇਣਗੇ। ਲੁਧਿਆਣਾ ਵਿੱਚ ਵਿਸ਼ੇਸ਼ ਤੌਰ ਉੱਤੇ ਸਾਬਕਾ ਫੌਜੀਆਂ ਵੱਲੋਂ ਇਨ੍ਹਾਂ ਜਵਾਨਾਂ ਦਾ ਸਵਾਗਤ ਕੀਤਾ ਗਿਆ ਤੇ ਸਨਮਾਨਿਤ ਕੀਤਾ।
ਦੌੜ ਵਿੱਚ ਹਿੱਸਾ ਲੈ ਰਹੇ ਹਰਿਆਣਾ ਦੇ ਜਵਾਨ ਸੰਜੇ ਕੁਮਾਰ ਨੇ ਦੱਸਿਆ ਕਿ ਉਹ ਲੋਕਾਂ ਦੀ ਸਿਹਤ ਨੂੰ ਮੱਦੇਨਜ਼ਰ ਰੱਖਦਿਆਂ ਵਿਸ਼ੇਸ਼ ਤੌਰ ਉੱਤੇ ਕੰਨਿਆ ਕੁਮਾਰੀ ਤੋਂ ਲੈ ਕੇ ਕਸ਼ਮੀਰ ਤੱਕ ਦੀ ਦੌੜ ਲਗਾ ਰਹੇ ਹਨ। ਜੋ ਕਿ ਲਗਪਗ 4431 ਕਿਲੋਮੀਟਰ ਦਾ ਸਫ਼ਰ ਬਣਦਾ ਹੈ ਜੋ ਉਹ 56 ਦਿਨ ਦੇ ਵਿੱਚ ਪੂਰਾ ਕਰਨਗੇ।