ਆਟੋ ਨੂੰ ਟੱਕਰ ਮਾਰਨ ਤੋਂ ਬਾਅਦ ਬਿਜਲੀ ਦੇ ਖੰਭੇ 'ਚ ਵੱਜੀ ਥਾਰ, 3 ਜਖਮੀ ਖੰਨਾ/ਲੁਧਿਆਣਾ: ਖੰਨਾ 'ਚ ਤੇਜ਼ ਰਫ਼ਤਾਰ ਥਾਰ ਜੀਪ ਨੇ ਅਚਾਨਕ ਸਨਸਨੀ ਫੈਲਾ ਦਿੱਤੀ। ਭੀੜ ਵਾਲੀ ਥਾਂ ਵਿੱਚ ਅਮਲੋਹ ਰੋਡ 'ਤੇ ਜਦੋਂ ਮੋਡੀਫਾਈਡ ਜੀਪ ਦਾ ਟਾਇਰ ਫੱਟਿਆ, ਤਾਂ ਥਾਰ ਬੇਕਾਬੂ ਹੋ ਕੇ ਪਹਿਲਾਂ ਆਟੋ ਨਾਲ ਟਕਰਾਈ। ਇਸ ਤੋਂ ਬਾਅਦ ਇਹ ਜੀਪ ਬਿਜਲੀ ਦੇ ਟਰਾਂਸਫਾਰਮਰ ਨਾਲ ਟਕਰਾ ਗਈ। ਹਾਦਸੇ ਤੋਂ ਬਾਅਦ ਲੋਕਾਂ ਨੇ ਭੱਜ ਕੇ ਆਪਣੀ ਜਾਨ ਬਚਾਈ। ਇਸ ਦੌਰਾਨ ਤਿੰਨ ਲੋਕ ਜ਼ਖਮੀ ਹੋ ਗਏ। ਪੁਲਿਸ ਜਾਂਚ ਲਈ ਮੌਕੇ 'ਤੇ ਪਹੁੰਚੀ।
ਇੰਝ ਵਾਪਰੀ ਘਟਨਾ:ਜਾਣਕਾਰੀ ਅਨੁਸਾਰ, ਅਮਲੋਹ ਰੋਡ ਉਪਰ ਕੁੜੀਆਂ ਦੇ ਕਾਲਜ ਦੇ ਗਰਾਉਂਡ ਬਾਹਰ ਤੇਜ਼ ਰਫ਼ਤਾਰ ਥਾਰ ਜੀਪ ਦਾ ਟਾਇਰ ਫਟ ਗਿਆ। ਰਫਤਾਰ ਤੇਜ਼ ਹੋਣ ਕਰਕੇ ਥਾਰ ਉੱਤੇ ਡਰਾਈਵਰ ਦਾ ਕੰਟੋਰਲ ਨਹੀਂ ਰਿਹਾ ਅਤੇ ਇਹ ਜੀਪ ਪਹਿਲਾਂ ਆਟੋ ਵਿੱਚ ਵੱਜੀ ਅਤੇ ਫਿਰ ਸੜਕ ਕਿਨਾਰੇ ਬਿਜਲੀ ਦੇ ਟਰਾਂਸਫਾਰਮਰ ਵਿੱਚ ਵੱਜੀ। ਜੀਪ ਦੀ ਰਫ਼ਤਾਰ ਦਾ ਅੰਦਾਜਾ ਇਸ ਗੱਲੋਂ ਵੀ ਲਗਾਇਆ ਜਾ ਸਕਦਾ ਹੈ ਕਿ ਆਟੋ ਨੂੰ ਟੱਕਰ ਮਾਰਨ ਤੋਂ ਬਾਅਦ ਵੀ ਜੀਪ ਦੀ ਰਫ਼ਤਾਰ ਇੰਨੀ ਰਹਿ ਗਈ ਸੀ ਕਿ ਟਰਾਂਸਫਾਰਮਰ ਡਿੱਗ ਕੇ ਜੀਪ ਦੇ ਉਪਰ ਆ ਡਿੱਗਿਆ। ਇਸ ਦੌਰਾਨ ਜੇਕਰ ਕਰੰਟ ਜੀਪ ਵਿੱਚ ਆ ਜਾਂਦਾ ਤਾਂ ਜਾਨੀ ਨੁਕਸਾਨ ਵੀ ਹੋ ਸਕਦਾ ਸੀ।
ਆਟੋ ਵਿੱਚ ਸਵਾਰ 3 ਜਖਮੀ:ਮੌਕੇ ਉੱਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਜੀਪ ਦੀ ਰਫ਼ਤਾਰ ਬਹੁਤ ਤੇਜ਼ ਸੀ। ਜੀਪ ਨੂੰ ਮੋਡੀਫਾਈ ਕੀਤਾ ਹੋਇਆ ਹੈ। ਵੱਡੇ ਵੱਡੇ ਟਾਇਰ ਸੀ। ਇਸ ਲਈ ਟਾਇਰ ਫੱਟਣ ਤੋਂ ਬਾਅਦ ਜੀਪ 'ਤੇ ਕੋਈ ਕਾਬੂ ਨਹੀਂ ਰਿਹਾ। ਜੀਪ ਨੇ ਆਟੋ ਨੂੰ ਟੱਕਰ ਮਾਰ ਦਿੱਤੀ। ਇਸ ਵਿੱਚ ਸਵਾਰ ਲੋਕਾਂ ਨੂੰ ਸੱਟਾਂ ਲੱਗੀਆਂ। ਇਸ ਦੌਰਾਨ ਕੁੱਝ ਲੋਕਾਂ ਨੇ ਇੱਧਰ ਉਧਰ ਭੱਜ ਕੇ ਆਪਣੀ ਜਾਨ ਬਚਾਈ। ਆਟੋ ਡਰਾਈਵਰ ਅਤੇ ਇਸ ਵਿੱਚ ਸਵਾਰ ਲੋਕਾਂ ਨੇ ਹਾਦਸੇ ਦੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਨਾਲ ਉਨ੍ਹਾਂ ਦਾ ਕਾਫੀ ਨੁਕਸਾਨ ਹੋ ਗਿਆ ਹੈ। ਆਟੋ ਟੁੱਟ ਗਿਆ ਅਤੇ ਸਵਾਰੀਆਂ ਜਖ਼ਮੀ ਹੋਈਆਂ।
ਬਿਜਲੀ ਮਹਿਕਮੇ ਦਾ ਨੁਕਸਾਨ:ਇਸ ਦੌਰਾਨ ਜਦੋਂ ਲੋਕ ਇਕੱਠੇ ਹੋ ਗਏ ਅਤੇ ਸੜਕ ਉਪਰ ਟਰੈਫਿਕ ਜਾਮ ਹੋ ਗਿਆ। ਇਸ ਦੀ ਸੂਚਨਾ ਮਿਲਦੇ ਹੀ ਨੇੜੇ ਹੀ ਆਪਣੀ ਰਿਹਾਇਸ਼ 'ਤੇ ਮੌਜੂਦ ਡੀਐਸਪੀ ਕਰਨੈਲ ਸਿੰਘ ਸਿਵਲ ਵਰਦੀ 'ਚ ਹੀ ਦੌੜੇ ਆਏ, ਜਿਨ੍ਹਾਂ ਨੇ ਸਭ ਤੋਂ ਪਹਿਲਾਂ ਲੋਕਾਂ ਨੂੰ ਸ਼ਾਂਤ ਕੀਤਾ ਅਤੇ ਮਾਹੌਲ ਨੂੰ ਤਣਾਅਪੂਰਨ ਹੋਣ ਤੋਂ ਬਚਾਇਆ। ਇਸ ਦੇ ਨਾਲ ਹੀ, ਉਨ੍ਹਾਂ ਨੇ ਬਿਜਲੀ ਮਹਿਕਮੇ ਦੇ ਅਧਿਕਾਰੀ ਮੌਕੇ ਉਪਰ ਸੱਦੇ। ਡੀਐਸਪੀ ਕਰਨੈਲ ਸਿੰਘ ਨੇ ਕਿਹਾ ਕਿ ਜੀਪ ਡਰਾਈਵਰ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ ਅਤੇ ਉਸ ਨੂੰ ਬਿਜਲੀ ਮਹਿਕਮੇ ਦਾ ਨੁਕਸਾਨ ਵੀ ਭਰਨਾ ਪਵੇਗਾ।