ਲੁਧਿਆਣਾ:ਹਰਿਆਣਾ ਦੇ ਕਰਨਾਲ ਤੋਂ ਗ੍ਰਿਫਤਾਰ ਕੀਤੇ ਗਏ 4 ਸ਼ੱਕੀ ਦਹਿਸ਼ਤਗਰਦਾਂ ਵਿੱਚੋਂ ਇੱਕ ਲੁਧਿਆਣਾ ਨਾਲ ਸਬੰਧਿਤ ਹੈ। ਗ੍ਰਿਫਤਾਰ ਭੁਪਿੰਦਰ ਸਿੰਘ ਲੁਧਿਆਣਾ ਦੇ ਪਿੰਡ ਭੱਟੀਆ ਨਾਲ ਸਬੰਧਿਤ ਦੱਸਿਆ ਜਾ ਰਿਹਾ ਹੈ। ਇਸ ਸਬੰਧੀ ਮੁਲਜ਼ਮ ਦੇ ਪਿੰਡ ਵਾਸੀਆਂ ਨਾਲ ਗੱਲਬਾਤ ਕੀਤੀ ਗਈ ਹੈ।
ਸਾਬਕਾ ਸਰਪੰਚ ਨਿਰਵੈਰ ਸਿੰਘ ਨੇ ਦੱਸਿਆ ਕਿ ਭੁਪਿੰਦਰ ਸਿੰਘ ਇੱਥੇ ਆਮ ਦੀ ਤਰ੍ਹਾਂ ਘਰ ਵਿੱਚ ਹੀ ਰਹਿੰਦਾ ਸੀ ਅਤੇ ਉਸ ਵਿੱਚ ਇਸ ਤਰ੍ਹਾਂ ਦੀ ਕੋਈ ਵੀ ਗੱਲ ਨਹੀਂ ਲੱਗੀ ਕਿ ਉਸ ਅਜਿਹੀਆਂ ਗਤੀਵਿਧੀਆਂ ਨਾਲ ਸਬੰਧਿਤ ਹੋਵੇਗਾ। ਸਾਬਕਾ ਸਰਪੰਚ ਨੇ ਦੱਸਿਆ ਕਿ ਭੁਪਿੰਦਰ ਸਿੰਘ ਦੀ ਕਦੇ ਪਿੰਡ ਵਿੱਚ ਕਿਸੇ ਨਾਲ ਕੋਈ ਲੜਾਈ ਤੱਕ ਨਹੀਂ ਦੇਖੀ ਗਈ।
ਇਸਦੇ ਨਾਲ ਹੀ ਉਨ੍ਹਾਂ ਕਿਹਾ ਕਿ ਭੁਪਿੰਦਰ ਗਰੀਨ ਲੈਂਡ ਸਕੂਲ ਵਿੱਚ ਪੜ੍ਹਿਆ ਹੈ। ਉਨ੍ਹਾਂ ਮੁਲਜ਼ਮ ਦੇ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਨਾਲ ਸਬੰਧਿਤ ਹੋਣ ਬਾਰੇ ਬੋਲਦਿਆਂ ਕਿਹਾ ਕਿ ਇਸ ਬਾਰੇ ਕਹਿਣਾ ਮੁਸ਼ਕਿਲ ਹੈ। ਉਨ੍ਹਾਂ ਕਿਹਾ ਕਿ ਅਜਿਹੇ ਹਾਲਾਤ ਕਿਸ ਤਰ੍ਹਾਂ ਬਣੇ ਹਨ ਕਿਹਾ ਨਹੀਂ ਜਾ ਸਕਦਾ ਹੈ।
ਮੁਲਜ਼ਮ ਦੇ ਇਸ ਤਰ੍ਹਾਂ ਦੀ ਗਤੀਵਿਧੀ ਵਿੱਚ ਸਾਹਮਣੇ ਆਉਣ ਤੋਂ ਬਾਅਦ ਪਿੰਡ ਵਿੱਚ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ। ਲੋਕਾਂ ਦਾ ਭਾਰੀ ਇਕੱਠ ਭੁਪਿੰਦਰ ਸਿੰਘ ਦੇ ਘਰ ਬਾਹਰ ਹੋਇਆ ਵਿਖਾਈ ਦਿੱਤਾ। ਮੁਲਜ਼ਮ ਦੀ ਗ੍ਰਿਫਤਾਰੀ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਚੌਕਸ ਹੋ ਗਿਆ ਹੈ। ਜਾਂਚ ਲਈ ਪੁਲਿਸ ਵੀ ਪਿੰਡ ਵਿੱਚ ਮੁਲਜ਼ਮ ਦੇ ਘਰ ਵਿੱਚ ਪਹੁੰਚੀ। ਇਸ ਮੌਕੇ ਪੁਲਿਸ ਅਧਿਕਾਰੀ ਵੱਲੋਂ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ ਅਤੇ ਉਸਦੇ ਘਰ ਵਿੱਚ ਦਾਖਲ ਹੋ ਗਈ।