ਲੁਧਿਆਣਾ :ਪੰਜਾਬ ਦੇ ਮਾਰਚ ਮਹੀਨੇ ਅੰਦਰ ਲਗਾਤਾਰ ਪਏ ਮੀਂਹ, ਤੇਜ਼ ਹਵਾਵਾਂ ਅਤੇ ਗੜੇਮਾਰੀ ਕਾਰਨ ਕਿਸਾਨਾਂ ਦੀ ਫ਼ਸਲ ਦਾ ਵੱਡਾ ਨੁਕਸਾਨ ਕੀਤਾ ਸੀ, ਜਿਸ ਵਿੱਚ ਜ਼ਿਆਦਾ ਨੁਕਸਾਨ ਕਣਕ ਦੀ ਫ਼ਸਲ ਦਾ ਹੋਇਆ। ਕਈ ਇਲਾਕਿਆਂ ਵਿੱਚ 50 ਫੀਸਦੀ ਤੱਕ ਵੀ ਕਣਕ ਦੀ ਫਸਲ ਖਰਾਬ ਹੋ ਗਈ ਹੈ, ਪਰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਮਾਹਿਰ ਵਿਗਿਆਨੀਆਂ ਵੱਲੋਂ ਨੁਕਸਾਨੀ ਕਣਕ ਦਾ ਜਾਇਜ਼ਾ ਲੈਣ ਲਈ ਪੰਜਾਬ ਦੇ ਵੱਖ-ਵੱਖ ਇਲਾਕਿਆਂ ਦਾ ਦੌਰਾ ਕਰਨ ਤੋਂ ਬਾਅਦ ਇਹ ਇਹ ਖੁਲਾਸਾ ਕੀਤਾ ਕਿ ਜਿਨ੍ਹਾਂ ਕਿਸਾਨਾਂ ਵੱਲੋਂ ਸਰਫੇਸ ਸੀਡਿੰਗ ਯਾਨੀ ਧਰਾਤਲ ਬੋਆਈ ਤਕਨੀਕ ਦੇ ਨਾਲ ਕਣਕ ਬੀਜੀ ਸੀ ਉਸ ਉਤੇ ਨਾ ਤਾਂ ਗੜੇਮਾਰੀ ਦਾ ਅਸਰ ਪਿਆ ਅਤੇ ਨਾ ਹੀ ਭਾਰੀ ਬਾਰਿਸ਼ ਦਾ। ਉਨ੍ਹਾਂ ਕਿਸਾਨਾਂ ਦੀ ਫ਼ਸਲ ਦਾ ਕਾਫੀ ਘੱਟ ਨੁਕਸਾਨ ਹੋਇਆ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮਾਹਰ ਡਾਕਟਰ ਨੇ ਇਸ ਦੀ ਪੁਸ਼ਟੀ ਕਰਦਿਆਂ ਇਸ ਤਕਨੀਕ ਬਾਰੇ ਕਿਸਾਨਾਂ ਨੂੰ ਜਾਣਕਾਰੀ ਦਿੱਤੀ ਹੈ ਅਤੇ ਦੱਸਿਆ ਕੇ ਇਸ ਦੀ ਕਿਵੇਂ ਵਰਤੋਂ ਕਰਕੇ ਕਿਸਾਨ ਘੱਟ ਖਰਚੇ ਤੇ ਭਰਪੂਰ ਝਾੜ ਲੈ ਸਕਦੇ ਨੇ।
ਕੀ ਹੈ ਸਰਫ਼ੇਸ ਸੀਡਿੰਗ :ਇਸ ਤਕਨੀਕ ਨੂੰ ਸਰਫੇਸ ਸੀਡਿੰਗ ਕਮ ਮਲਚਰ ਸੀਡਿੰਗ ਦਾ ਨਾਂ ਦਿੱਤਾ ਜਾਂਦਾ ਹੈ। ਇਸ ਤਕਨੀਕ ਰਾਹੀਂ ਕਣਕ ਨੂੰ ਮਿੱਟੀ ਦੇ ਹੇਠਾਂ ਬੀਜਣ ਨਾਲੋਂ ਖੇਤ ਛਿੱਟਾ ਦਿੱਤਾ ਜਾਂਦਾ ਹੈ, ਜਿਸ ਤੋਂ ਬਾਅਦ ਕੰਬਾਈਨ ਦੀ ਮਦਦ ਦੇ ਨਾਲ ਝੋਨਾ ਵਢ ਲਿਆ ਜਾਂਦਾ ਹੈ ਅਤੇ ਖੇਤ ਵਿੱਚ ਬਚੀ ਪਰਾਲੀ ਨੂੰ ਕਟਰ ਦੀ ਵਰਤੋਂ ਨਾਲ ਖੇਤਾਂ ਦੇ ਵਿੱਚ ਹੀ ਕੁਤਰਾ ਕਰ ਕੇ ਪਾ ਦਿੱਤਾ ਜਾਂਦਾ ਹੈ, ਜਿਸ ਤੋਂ ਬਾਅਦ ਪਾਣੀ ਲਾਇਆ ਜਾਂਦਾ ਹੈ ਅਤੇ ਫਿਰ ਪਰਾਲੀ ਦੇ ਸਾਰੇ ਤੱਤ ਜ਼ਮੀਨ ਵਿੱਚ ਹੀ ਰਹਿ ਜਾਂਦੇ ਨੇ ਅਤੇ ਇਸ ਤਕਨੀਕ ਨਾਲ ਕਣਕ ਵੀ ਸੁਰੱਖਿਅਤ ਹੁੰਦੀ ਹੈ ਅਤੇ ਜਦੋਂ ਪੱਕ ਕੇ ਤਿਆਰ ਹੋ ਜਾਂਦੀ ਹੈ ਤਾਂ ਉਸ ਦੇ ਉੱਤੇ ਬਾਰਿਸ਼ ਅਤੇ ਗੜੇ ਮਾਰੀ ਦਾ ਅਸਰ ਵੀ ਘੱਟ ਹੁੰਦਾ ਹੈ। ਮਾਹਿਰ ਡਾਕਟਰ ਨੇ ਦੱਸਿਆ ਕਿ ਆਮ ਤੌਰ ਉਤੇ ਕਣਕ ਬੀਜਣ ਤੋਂ ਬਾਅਦ ਪਾਣੀ ਨਹੀਂ ਲਗਾਇਆ ਜਾਂਦਾ ਪਰ ਇਸ ਤਕਨੀਕ ਨਾਲ ਪਹਿਲਾਂ ਪਾਣੀ ਲਗਾਇਆ ਜਾਂਦਾ ਹੈ ਇਸ ਨੂੰ ਕਈ ਕਿਸਾਨਾਂ ਨੇ ਅਪਣਾਇਆ ਹੈ
ਇਹ ਵੀ ਪੜ੍ਹੋ :Mulching Method For Cultivation: ਮਲਚਿੰਗ ਵਿਧੀ ਨਾਲ ਕੀਤੀ ਖੇਤੀ ਸਾਬਿਤ ਹੋਈ ਵਰਦਾਨ, ਗੜ੍ਹੇਮਾਰੀ ਤੇ ਮੀਂਹ ਦਾ ਨਹੀਂ ਹੋਇਆ ਕੋਈ ਅਸਰ