ਲੁਧਿਆਣਾ:ਆਤਮ ਨਗਰ ਹਲਕੇ ਵਿਚ ਮਾਹੌਲ ਉਦੋਂ ਤਣਾਅਪੂਰਨ ਹੋ ਗਿਆ ਜਦੋਂ ਹਲਕੇ ਤੋਂ ਵਿਧਾਇਕ ਸਿਮਰਜੀਤ ਬੈਂਸ (Simerjit Bains) ਅਤੇ ਕਾਂਗਰਸ ਦੇ ਉਮੀਦਵਾਰ ਕਮਲਜੀਤ ਕੜਵਲ ਦੇ ਸਮਰਥਕ ਆਪਸ ਵਿੱਚ ਉਲਝ ਪਏ। ਇਹ ਪੂਰਾ ਵਿਵਾਦ ਇਕ ਘਰ ਦੇ ਉੱਤੇ ਪੋਸਟਰ ਲਾਉਣ ਨੂੰ ਲੈ ਕੇ ਸ਼ੁਰੂ ਹੋਇਆ।
ਦੋਵਾਂ ਪਾਰਟੀਆਂ ਵੱਲੋਂ ਇਕ ਦੂਜੇ ਤੇ ਉਨ੍ਹਾਂ ਦੇ ਬੋਰਡ ਉਤਰਵਾਉਣ ਅਤੇ ਗੁੰਡਾਗਰਦੀ ਕਰਨ ਦੇ ਇਲਜ਼ਾਮ ਲਗਾਏ ਗਏ। ਕਮਲਜੀਤ ਕੜਵਲ ਨੇ ਕਿਹਾ ਕਿ ਬੈਂਸ ਦੇ ਸਮਰਥਕਾਂ ਵੱਲੋਂ ਰਿਵਾਲਵਰ ਲਹਿਰਾਇਆ ਗਿਆ, ਜਦੋਂ ਕਿ ਬੈਂਸ ਨੇ ਕਿਹਾ ਕਿ ਇਹ ਸਾਰੇ ਇਲਜ਼ਾਮ ਝੂਠੇ ਹਨ। ਦੋਵਾਂ ਆਗੂਆਂ ਨੇ ਕਿਹਾ ਕਿ ਮਾਮਲੇ ਦੀ ਜਾਂਚ ਹੋਵੇ ਅਤੇ ਜੋ ਵੀ ਕਸੂਰਵਾਰ ਹੈ, ਉਸ ਖ਼ਿਲਾਫ਼ ਪੁਲਿਸ ਕਾਰਵਾਈ ਕੀਤੀ ਜਾਵੇ। ਮੌਕੇ ਤੇ ਪੁਲਿਸ ਪਹੁੰਚ ਗਈ ਹੈ ਪਰ ਫਿਲਹਾਲ ਪੁਲਿਸ ਨੇ ਮਾਮਲੇ ਤੇ ਕੁਝ ਵੀ ਕਹਿਣ ਤੋਂ ਇਨਕਾਰ ਕੀਤਾ ਹੈ।
ਕਮਲਜੀਤ ਕੜਵਲ ਕਾਂਗਰਸ ਉਮੀਦਵਾਰ ਨੇ ਇਲਜ਼ਾਮ ਲਗਾਉਂਦਿਆਂ ਕਿਹਾ ਕਿ ਇਕ ਘਰ ਦੇ ਉਤੇ ਸਹਿਮਤੀ ਦੇ ਨਾਲ ਉਨ੍ਹਾਂ ਦੇ ਪੋਸਟਰ ਲੱਗੇ ਸਨ। ਜਿਨ੍ਹਾਂ ਨੂੰ ਬੈਂਸ ਦੇ ਸਮਰਥਕਾਂ ਨੇ ਉਤਾਰਨਾ ਸ਼ੁਰੂ ਕਰ ਦਿੱਤਾ ਅਤੇ ਉਨ੍ਹਾਂ ਦੇ ਵਰਕਰਾਂ ਦੇ ਨਾਲ ਕੁੱਟਮਾਰ ਕੀਤੀ, ਇੱਥੋਂ ਤੱਕ ਕੇ ਰਿਵਾਲਵਰ ਵੀ ਲਹਿਰਾਏ ਗਏ।