ਏਸੀਪੀ ਦੀ ਕਾਰਵਾਈ, ਮਹਿਲਾ 'ਤੇ ਹੱਥ ਚੁੱਕਣ ਵਾਲਾ ਮੁਲਾਜ਼ਮ ਸਸਪੈਂਡ ਲੁਧਿਆਣਾ: ਗਿੱਲ ਰੋਡ ਉੱਤੇ ਸਥਿਤ ਮਿਰਾਡੋ ਦੇ ਚੌਕੀ ਇੰਚਾਰਜ ਅਸ਼ਵਨੀ ਕੁਮਾਰ ਨੂੰ ਇਕ ਰੈਸਟੋਰੈਂਟ ਵਿੱਚ ਮਹਿਲਾ ਅਤੇ ਵਿਅਕਤੀ ਉੱਤੇ ਹੱਥ ਚੁੱਕਣਾ ਮਹਿੰਗਾ ਪੈ ਗਿਆ ਹੈ। ਸੀਨੀਅਰ ਪੁਲਿਸ ਅਫ਼ਸਰਾਂ ਵੱਲੋਂ ਉਸ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ। ਇਸ ਪੂਰੀ ਘਟਨਾ ਦੀ ਫੁਟੇਜ ਸਾਹਮਣੇ ਆਉਣ ਤੋਂ ਬਾਅਦ ਏਸੀਪੀ ਵੱਲੋਂ ਇਹ ਫੈਸਲਾ ਲਿਆ ਗਿਆ। ਚੌਂਕੀ ਇੰਚਾਰਜ ਅਸ਼ਵਨੀ ਕੁਮਾਰ ਤੇ ਮਹਿਲਾ ਅਤੇ ਉਸ ਦੇ ਪਰਿਵਾਰ ਵੱਲੋਂ ਉਨ੍ਹਾਂ ਦੇ ਹੱਥ ਚੁੱਕਣ ਦੇ ਇਲਜ਼ਾਮ ਲਗਾਏ ਸਨ ਜਿਸ ਤੋਂ ਬਾਅਦ ਇਸ ਦੀ ਇਕ ਵੀਡੀਓ ਵੀ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਸੀ ਜਿਸ ਦੇ ਅਧਾਰ ਉੱਤੇ ਪੁਲਿਸ ਵੱਲੋਂ ਇਹ ਐਕਸ਼ਨ ਲਿਆ ਗਿਆ।
ਕੀ ਹੈ ਪੂਰੀ ਘਟਨਾ:ਇਹ ਪੂਰੀ ਘਟਨਾ ਪੰਜ ਦਿਨ ਪਹਿਲਾਂ ਦੀ ਹੈ, ਜਦੋਂ ਲੁਧਿਆਣਾ ਦੇ ਜੀਐਨਈ ਕਾਲਜ ਦੇ ਕੋਲ ਜਨਮ ਦਿਨ ਦੀ ਪਾਰਟੀ ਮਨਾਉਣ ਆਏ ਇੱਕ ਪਰਿਵਾਰ ਉੱਤੇ ਚੌਕੀ ਇੰਚਾਰਜ ਨੇ ਬਹਿਸਬਾਜ਼ੀ ਤੋਂ ਬਾਅਦ ਹੱਥ ਚੁੱਕ ਦਿੱਤਾ। ਚੌਂਕੀ ਇੰਚਾਰਜ ਅਸ਼ਵਨੀ ਕੁਮਾਰ ਨੇ ਏਸੀਪੀ ਨੂੰ ਆਪਣੀ ਸਫ਼ਾਈ ਵਿੱਚ ਕਿਹਾ ਕਿ ਉਸ ਨਾਲ ਮਹਿਲਾ ਵੱਲੋਂ ਗ਼ਲਤ ਭਾਸ਼ਾ ਦੀ ਵਰਤੋਂ ਕੀਤੀ ਗਈ ਅਤੇ ਉਸ ਨਾਲ ਮੌਜੂਦ ਮੈਂਬਰ ਪਬਲਿਕ ਪਲੇਸ ਉੱਤੇ ਸ਼ਰਾਬ ਦਾ ਸੇਵਨ ਕਰ ਰਹੇ ਸਨ। ਇਸ ਕਰਕੇ ਹੀ ਉਨ੍ਹਾਂ ਨੂੰ ਜਦੋਂ ਰੋਕਿਆ ਗਿਆ, ਤਾਂ ਉਨ੍ਹਾਂ ਨੇ ਪੁਲਿਸ ਮੁਲਾਜ਼ਮਾਂ ਨਾਲ ਹੀ ਬਹਿਸ ਕਰਨੀ ਸ਼ੁਰੂ ਕਰ ਦਿੱਤੀ ਅਤੇ ਗਾਲੀ-ਗਲੋਚ ਕਰਨ ਲੱਗ ਪਏ।
ਚੌਂਕੀ ਇੰਚਾਰਜ ਨੂੰ ਮਹਿਲਾ 'ਤੇ ਹੱਥ ਚੁੱਕਣ ਦੀ ਵੀਡੀਓ ਵਾਇਰਲ ਪੁਲਿਸ ਦੀ ਕਾਗੁਜ਼ਾਰੀ 'ਤੇ ਸਵਾਲ: ਇਸ ਪੂਰੀ ਘਟਨਾ ਦੀਆਂ ਫੁਟੇਜ ਜੀ ਵੀ ਸਾਹਮਣੇ ਆਈ ਹੈ ਜਿਸ ਵਿਚ ਚੌਂਕੀ ਇੰਚਾਰਜ ਅਸ਼ਵਨੀ ਕੁਮਾਰ ਮਹਿਲਾ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਦੇ ਨਾਲ ਖਿੱਚ-ਧੂਹ ਕਰ ਰਿਹਾ ਹੈ। ਵਰਦੀ ਪਾ ਕੇ ਮਹਿਲਾ ਨਾਲ ਅਜਿਹਾ ਸਲੂਕ ਕਰਨ ਕਰਕੇ ਮੀਡੀਆ ਵੱਲੋਂ ਲਗਾਤਾਰ ਇਸ ਦੀਆਂ ਖ਼ਬਰਾਂ ਵੀ ਨਸ਼ਰ ਕੀਤੀਆਂ ਗਈਆਂ ਅਤੇ ਆਖਰਕਾਰ ਪੰਜ ਦਿਨ ਬਾਅਦ ਜਦੋਂ ਪੁਲਿਸ ਉੱਤੇ ਦਬਾਅ ਪਿਆ, ਤਾਂ ਏਸੀਪੀ ਵੱਲੋਂ ਉਸ ਨੂੰ ਸਸਪੈਂਡ ਕਰਨਾ ਪਿਆ। ਰਾਤ ਨੂੰ ਇਕ ਮਹਿਲਾ ਤੇ ਇਸ ਤਰ੍ਹਾਂ ਹੱਥ ਚੁੱਕਣਾ ਅਤੇ ਬਿਨਾਂ ਮਹਿਲਾ ਪੁਲਿਸ ਦੇ ਅਜਿਹੀ ਸਥਿਤੀ ਵਿੱਚ ਜਾ ਕੇ ਕਾਰਵਾਈ ਕਰਨ ਨੂੰ ਲੈ ਕੇ ਪੁਲਿਸ ਦੀ ਕਾਰਗੁਜ਼ਾਰੀ ਉੱਤੇ ਵੀ ਸਵਾਲ ਖੜੇ ਹੋ ਰਹੇ ਹਨ।
ਏਸੀਪੀ ਅਸ਼ੋਕ ਕੁਮਾਰ ਨੇ ਦੱਸਿਆ ਕਿ ਚੌਂਕੀ ਇੰਚਾਰਜ ਸਬ ਇੰਸਪੈਕਟਰ ਅਸ਼ੋਕ ਕੁਮਾਰ ਕਿਸੇ ਛਾਪੇਮਾਰੀ ਦੇ ਸਿਲਸਿਲੇ ਵਿਚ ਪੁਲਿਸ ਪਾਰਟੀ ਦੇ ਨਾਲ ਗਏ ਸਨ। ਇਸ ਦੌਰਾਨ ਦੋਵੇਂ ਹੀ ਪਤੀ-ਪਤਨੀ ਆਪਸ ਵਿੱਚ ਸੜਕ ਉੱਤੇ ਝਗੜ ਰਹੇ ਸਨ ਅਤੇ ਜਦੋਂ ਚੌਕੀ ਇੰਚਾਰਜ ਨੇ ਵਿੱਚ ਜਾ ਕੇ ਉਨ੍ਹਾਂ ਨਾਲ ਗੱਲਬਾਤ ਕੀਤੀ ਤਾਂ ਮਹਿਲਾ ਉਸ ਨਾਲ ਦੁਰਵਿਹਾਰ ਕਰਨ ਲੱਗੀ। ਏਸੀਪੀ ਅਸ਼ੋਕ ਕੁਮਾਰ ਨੇ ਕਿਹਾ ਕਿ ਅਸ਼ਵਨੀ ਕੁਮਾਰ ਸਬ ਇੰਸਪੈਕਟਰ ਨੇ ਮਹਿਲਾ ਉੱਤੇ ਹੱਥ ਚੁੱਕਿਆ ਜਿਸ ਦੀ ਉਨ੍ਹਾਂ ਕੋਲ ਵੀਡਿਓ ਆਈ। ਉਸ ਦੀ ਜਾਂਚ ਵੀ ਉਨ੍ਹਾਂ ਵੱਲੋਂ ਕੀਤੀ ਗਈ। ਉਨ੍ਹਾਂ ਕਿਹਾ ਕਿ ਵਰਦੀ ਪਾ ਕੇ ਇਸ ਤਰਾਂ ਹੱਥ ਚੁੱਕਣਾ ਆਨ ਡਿਊਟੀ ਮੁਲਾਜ਼ਮ ਨੂੰ ਸ਼ੋਭਾ ਨਹੀਂ ਦਿੰਦਾ। ਇਸੇ ਕਰਕੇ ਸਾਡੇ ਵੱਲੋਂ ਇਹ ਕਾਰਵਾਈ ਅਮਲ ਵਿੱਚ ਲਿਆਂਦੀ ਗਈ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਪੁਲਿਸ ਦਾ ਅਕਸ ਖਰਾਬ ਹੋਇਆ ਅਤੇ ਸਮਾਜ ਵਿੱਚ ਪੁਲਿਸ ਪ੍ਰਤੀ ਗਲਤ ਮੈਸੇਜ ਗਿਆ ਜਿਸ ਕਰਕੇ ਅਸ਼ਵਨੀ ਕੁਮਾਰ ਨੂੰ ਸਸਪੈਂਡ ਕਰ ਦਿੱਤਾ ਗਿਆ।