ਲੁਧਿਆਣਾ: ਪੰਜਾਬ ਦੇ ਸਰਕਾਰੀ ਸਕੂਲ ਵਿੱਚ ਪੰਜਾਬੀ ਭਾਸ਼ਾ ਦੇ ਨਾਲ ਵਿਦਿਆਰਥੀਆਂ ਨੂੰ ਅੰਗਰੇਜ਼ੀ ਬੋਲੀ ਵੀ ਸਿਖਾਈ ਜਾ ਰਹੀ ਹੈ ਤਾਂ ਕਿ ਉਨ੍ਹਾਂ ਵਿੱਚ ਆਤਮ-ਵਿਸ਼ਵਾਸ ਹੋਰ ਵਧ ਸਕੇ। ਇਸ ਨੂੰ ਲੈ ਕੇ ਲੁਧਿਆਣਾ ਦੇ ਸਰਕਾਰੀ ਸਕੂਲ ਜਵਦੀ ਵਿੱਚ ਵਿਸ਼ੇਸ਼ ਤੌਰ ਉੱਤੇ ਬੱਚਿਆਂ ਨੂੰ ਸਿਖਲਾਈ ਦੇਣ ਦਾ ਉਪਰਾਲਾ ਕੀਤਾ ਗਿਆ ਹੈ। ਇਸ ਦੇ ਨਾਲ ਹੀ ਸਿੱਖਿਆ ਵਿਭਾਗ ਵੱਲੋਂ ਐਪਲੀਕੇਸ਼ਨ ਰਾਹੀ ਰੋਜ਼ਾਨਾ ਬੱਚਿਆਂ ਨੂੰ ਟਾਸਕ ਵੀ ਦਿੱਤੇ ਜਾ ਰਹੇ ਹਨ ਜਿਸ ਨੂੰ ਲੈਕੇ ਵਿਦਿਆਰਥੀ ਕਾਫੀ ਉਤਸ਼ਾਹਿਤ ਹਨ।
ਪ੍ਰਾਈਵੇਟ ਸਕੂਲਾਂ ਤੋਂ ਹੱਟ ਕੇ ਬੱਚੇ ਸਰਕਾਰੀ ਸਕੂਲ 'ਚ ਆਏ:ਇੰਨਾ ਹੀ ਨਹੀਂ, ਇਸ ਸਰਕਾਰੀ ਸਕੂਲ ਵਿੱਚ ਬੀਤੇ 2 ਸਾਲਾਂ ਅੰਦਰ ਦੋ ਦਰਜਨ ਤੋਂ ਵੱਧ ਅਜਿਹੇ ਬੱਚਿਆਂ ਨੇ ਵੀ ਦਾਖਲਾ ਲਿਆ ਹੈ ਜੋ ਕਿ ਪ੍ਰਾਈਵੇਟ ਸਕੂਲਾਂ ਵਿੱਚ ਪੜ੍ਹਦੇ ਸਨ। ਸਕੂਲ ਦੇ ਵਿਦਿਆਰਥੀਆਂ ਦੇ ਨਾਲ ਜਦੋਂ ਸਾਡੀ ਟੀਮ ਨੇ ਗੱਲਬਾਤ ਕੀਤੀ, ਤਾਂ ਉਨ੍ਹਾਂ ਨੇ ਮੁੱਢਲੀ ਅੰਗਰੇਜ਼ੀ ਭਾਸ਼ਾ ਬੋਲੀ ਅਤੇ ਦੱਸਿਆ ਕਿ ਉਹ ਹੁਣ ਮੁਕਾਬਲਿਆਂ ਵਿਚ ਹਿੱਸਾ ਲੈਂਦੇ ਹਨ। ਉਨ੍ਹਾਂ ਨੇ ਦੱਸਿਆ ਕਿ ਸਕੂਲ ਵਿੱਚ ਉਨ੍ਹਾਂ ਨੂੰ ਵਿਸ਼ੇਸ਼ ਜਮਾਤਾਂ ਲਗਾ ਕੇ ਅੰਗਰੇਜ਼ੀ ਭਾਸ਼ਾ ਬੋਲਣੀ ਸਿਖਾਈ ਜਾ ਰਹੀ ਹੈ।
ਜਾਣੋ ਇਕ ਅਜਿਹੇ ਸਰਕਾਰੀ ਸਕੂਲ ਬਾਰੇ, ਜਿੱਥੇ ਦਿੱਤੀ ਜਾ ਰਹੀ ਅੰਗਰੇਜ਼ੀ ਬੋਲਣ ਦੀ ਸਿਖਲਾਈ - government schools learned English language
ਪੰਜਾਬੀ ਭਾਸ਼ਾ ਦੇ ਨਾਲ ਲੁਧਿਆਣਾ ਦੇ ਇਕ ਸਰਕਾਰੀ ਸਕੂਲ ਵਿੱਚ ਵਿਦਿਆਰਥੀਆਂ ਨੂੰ ਅੰਗਰੇਜ਼ੀ ਬੋਲਣ ਦੀ ਵੀ ਸਿਖਲਾਈ ਦਿੱਤੀ ਜਾ ਰਹੀ ਹੈ। ਅਧਿਆਪਕਾਂ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਬੱਚਿਆਂ ਵਿੱਚ ਆਤਮ ਵਿਸ਼ਵਾਸ ਪੈਦਾ ਕੀਤਾ ਜਾ ਰਿਹਾ ਹੈ।
ਕਈ ਮੁਕਾਬਲੇ ਜਿੱਤੇ:ਬੱਚਿਆਂ ਨੇ ਸਾਡੀ ਟੀਮ ਨਾਲ ਗੱਲਬਾਤ ਕਰਦੇ ਹੋਏ ਆਪਣੇ ਭਵਿੱਖ ਬਾਰੇ ਵੀ ਦੱਸਿਆ। ਵਿਦਿਆਰਥੀਆਂ ਨੇ ਦੱਸਿਆ ਕਿ ਸਾਨੂੰ ਮੁਕਾਬਲਿਆਂ ਵਿੱਚ ਲਿਜਾਇਆ ਜਾਂਦਾ ਹੈ। ਅਸੀਂ ਕਈ ਮੁਕਾਬਲੇ ਜਿੱਤ ਵੀ ਚੁੱਕੇ ਹਾਂ। ਉਨ੍ਹਾਂ ਨੇ ਕਿਹਾ ਕਿ ਪਹਿਲਾਂ ਜਦੋਂ ਪ੍ਰਾਈਵੇਟ ਸਕੂਲਾਂ ਦੇ ਵਿਦਿਆਰਥੀਆਂ ਦੇ ਨਾਲ ਉਨ੍ਹਾਂ ਦੇ ਮੁਕਾਬਲੇ ਹੁੰਦੇ ਸਨ ਤਾਂ ਅੰਗਰੇਜ਼ੀ ਬੋਲਣ ਵਿੱਚ ਉਹਨਾਂ ਨੂੰ ਕਾਫੀ ਪਰੇਸ਼ਾਨੀ ਹੁੰਦੀ ਸੀ, ਪਰ ਹੁਣ ਉਨ੍ਹਾਂ ਵੱਲੋਂ ਅੰਗਰੇਜ਼ੀ ਭਾਸ਼ਾ ਸਿੱਖੀ ਵੀ ਜਾ ਰਹੀ ਹੈ ਅਤੇ ਬੋਲੀ ਵੀ ਜਾ ਰਹੀ ਹੈ। ਇਸ ਨਾਲ ਉਨ੍ਹਾਂ ਦੀ ਪਰਸਨੈਲਿਟੀ ਦੇ ਵਿੱਚ ਕਾਫੀ ਨਿਖਾਰ ਆਇਆ ਹੈ।
ਅੰਗਰੇਜ਼ੀ ਸਿਖਾਉਣਾ ਸਮੇਂ ਦੀ ਲੋੜ: ਇਸ ਮੌਕੇ ਸਕੂਲ ਦੀ ਪ੍ਰਿੰਸੀਪਲ ਕਿਰਨ ਗੁਪਤਾ ਨੇ ਗੱਲਬਾਤ ਕਰਦੇ ਹੋਏ ਦੱਸਿਆ ਕਿ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਵਿਦਿਆਰਥੀਆਂ ਨੂੰ ਆਪਣੀ ਮਾਤ ਭਾਸ਼ਾ ਦੇ ਨਾਲ ਅੰਗਰੇਜ਼ੀ ਬੋਲਣਾ ਵੀ ਸਿਖਾਇਆ ਜਾਵੇ ਕਿਉਂਕਿ ਇਹ ਸਮੇਂ ਦੀ ਲੋੜ ਹੈ। ਉਨ੍ਹਾਂ ਕਿਹਾ ਇਸ ਸਬੰਧੀ ਸਪੈਸ਼ਲ ਟਰੇਨਿੰਗ ਪ੍ਰੋਗਰਾਮ ਸਕੂਲ ਵਿੱਚ ਚਲਾਏ ਜਾਂਦੇ ਹਨ ਜਿਸ ਵਿਚ ਬੱਚਿਆਂ ਨੂੰ ਇਕ ਦੂਜੇ ਨਾਲ ਅੰਗਰੇਜ਼ੀ ਵਿੱਚ ਗੱਲ ਕਰਨ ਲਈ ਪ੍ਰੇਰਿਤ ਕੀਤਾ ਜਾਂਦਾ ਹੈ। ਨਾਲ ਹੀ ਨਵੇਂ ਸ਼ਬਦ ਸਿਖਾਏ ਜਾਂਦੇ ਹਨ। ਉਨ੍ਹਾਂ ਕਿਹਾ ਕਿ ਹਾਲਾਂਕਿ ਇਨ੍ਹਾਂ ਬੱਚਿਆਂ ਦੀ ਹਾਲੇ ਗਰਾਮਰ ਕੋਈ ਬਹੁਤੀ ਚੰਗੀ ਨਹੀਂ ਹੈ, ਪਰ ਵਿਆਖਿਆ ਦੇ ਨਾਲ ਅਸੀਂ ਇਨ੍ਹਾਂ ਵਿੱਚ ਆਤਮ ਵਿਸ਼ਵਾਸ ਪੈਦਾ ਕਰ ਰਹੇ ਹਾਂ ਤਾਂ ਕਿ ਅੱਗੇ ਜਾ ਕੇ ਇਨ੍ਹਾਂ ਨੂੰ ਕਿਸੇ ਕਿਸਮ ਦੀਆਂ ਮੁਸ਼ਕਲਾਂ ਦਾ ਸਾਹਮਣਾ ਨਾ ਕਰਨਾ ਪਵੇ।
ਇਹ ਵੀ ਪੜ੍ਹੋ:ਵਿਦੇਸ਼ਾਂ ਵਿਚ ਪੰਜਾਬੀਆਂ ਦੇ ਕਤਲ ਕਿਉਂ ? ਹੈਰਾਨ ਕਰਨ ਵਾਲੇ ਕਾਰਨ ਆਏ ਸਾਹਮਣੇ, ਖਾਸ ਰਿਪੋਰਟ