ਲੁਧਿਆਣਾ: ਗੁਰੂ ਨਾਨਕ ਦੇਵ ਇੰਜੀਨੀਅਰਿੰਗ ਕਾਲਜ ਵਿੱਚ ਹੋਸਟਲ ਦੀ ਮੈਸ ਵਿੱਚ 2 ਵਿਦਿਆਰਥੀ ਗੁੱਟਾਂ ਦੀ ਹੋਈ ਝੜਪ ਤੋਂ ਬਾਅਦ ਮਾਮਲਾ ਲਗਾਤਾਰ ਗਰਮਾਉਂਦਾ ਜਾ ਰਿਹਾ ਹੈ। ਇਸ ਵਿੱਚ ਦੋਵੇਂ ਪੱਖ ਦੇ ਵਿਦਿਆਰਥੀ ਵੀ ਜ਼ਖ਼ਮੀ ਹੋਏ ਦੱਸੇ ਜਾ ਰਹੇ ਹਨ। ਦੂਜਾ ਪੱਖ ਪ੍ਰਵਾਸੀ ਵਿਦਿਆਰਥੀਆਂ ਦਾ ਹੈ, ਜੋ ਕਿ ਯੂਪੀ, ਬਿਹਾਰ ਤੋਂ ਆ ਕੇ ਪੜ੍ਹ ਰਹੇ ਹਨ।
ਉਨ੍ਹਾਂ ਵੱਲੋਂ ਬਿਹਾਰ ਦੇ ਮੁੱਖ ਮੰਤਰੀ ਨੂੰ ਸੋਸ਼ਲ ਮੀਡੀਆ 'ਤੇ ਇੱਕ ਪੱਤਰ ਅਤੇ ਟਵੀਟ ਕਰਕੇ ਵੀ ਮਦਦ ਦੀ ਅਪੀਲ ਕੀਤੀ ਗਈ ਹੈ, ਜਦਕਿ ਸਥਾਨਕ ਵਿਦਿਆਰਥੀਆਂ ਦਾ ਕਹਿਣਾ ਹੈ ਕਿ ਪ੍ਰਵਾਸੀ ਵਿਦਿਆਰਥੀਆਂ ਨੇ ਹੀ ਪਹਿਲ ਕੀਤੀ ਸੀ। ਉਧਰ ਮਾਮਲਾ ਮੁੱਖ ਮੰਤਰੀ ਬਿਹਾਰ ਤੱਕ ਪਹੁੰਚਣ ਤੋਂ ਬਾਅਦ ਲੁਧਿਆਣਾ ਪੁਲਿਸ ਨੂੰ ਵੀ ਹੱਥਾਂ ਪੈਰਾਂ ਦੀ ਪੈ ਗਈ ਹੈ ਅਤੇ ਮੌਕੇ 'ਤੇ ਪੁਲਿਸ ਫ਼ੋਰਸ ਤੈਨਾਤ ਕੀਤੀ ਗਈ ਹੈ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਥਾਨਕ ਵਿਦਿਆਰਥੀਆਂ ਨੇ ਦੱਸਿਆ ਕਿ ਕੁੱਝ ਪ੍ਰਵਾਸੀ ਵਿਦਿਆਰਥੀਆਂ ਵੱਲੋਂ ਹੋਸਟਲ ਵਿੱਚ ਮੈਸ ਦੀ ਰੋਟੀ ਨੂੰ ਲੈ ਕੇ ਵਿਵਾਦ ਸ਼ੁਰੂ ਕੀਤਾ ਗਿਆ ਜਿਸ ਤੋਂ ਬਾਅਦ ਬਹਿਸ ਤੋਂ ਬਾਅਦ ਉਨ੍ਹਾਂ ਦੀ ਆਪਸੀ ਲੜਾਈ ਹੋਈ ਅਤੇ ਉਨ੍ਹਾਂ 'ਤੇ ਹਮਲਾ ਕਰ ਦਿੱਤਾ ਗਿਆ।