ਲੁਧਿਆਣਾ:ਜ਼ਿਲ੍ਹੇ ਵਿੱਚ ਬੀਤੇ ਦਿਨ ਚਾਰ ਲੜਕੀਆਂ ਲਾਪਤਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ। ਪੰਜਾਬ ਦੇ ਵਿੱਚੋਂ ਸਾਲਾਨਾ ਹਜ਼ਾਰਾਂ ਬੱਚੇ ਲਾਪਤਾ ਹੋ ਜਾਂਦੇ ਹਨ। ਲੁਧਿਆਣਾ ਤੋਂ ਆਰਟੀਆਈ ਐਕਟੀਵਿਸਟ ਰੋਹਿਤ ਸਭਰਵਾਲ ਵੱਲੋਂ ਲਏ ਗਏ ਅੰਕੜਿਆਂ ਮੁਤਾਬਕ ਪੰਜਾਬ ਦੇ ਵਿੱਚ ਹੁਣ ਤੱਕ ਸਾਲ 2013 ਤੋਂ ਲੈ ਕੇ ਹੁਣ ਤੱਕ 8432 ਬੱਚੇ ਜਿੰਨ੍ਹਾਂ ਦੀ ਉਮਰ 18 ਸਾਲ ਤੋਂ ਘੱਟ ਹਨ ਹੁਣ ਤੱਕ ਲਾਪਤਾ (missing children in Punjab) ਹੋ ਚੁੱਕੇ ਹਨ।
ਇੰਨ੍ਹਾਂ ਵਿੱਚੋਂ 6941 ਮਾਮਲਿਆਂ ਦੇ ਵਿੱਚ ਪੁਲਿਸ ਇਨ੍ਹਾਂ ਨੂੰ ਲੱਭਣ ’ਚ ਕਾਮਯਾਬ ਹੋ ਸਕੀ ਹੈ ਪਰ 1491 ਬੱਚੇ ਅਜਿਹੇ ਹਨ ਜਿੰਨ੍ਹਾਂ ਦਾ ਅੱਜ ਤੱਕ ਪਤਾ ਹੀ ਨਹੀਂ ਲੱਗ ਸਕਿਆ। ਇਸ ਵਿੱਚ ਸਭ ਤੋਂ ਵੱਧ ਬੱਚੇ 319 ਲੁਧਿਆਣਾ ਤੋਂ ਸਬੰਧਤ ਹਨ ਜਦੋਂ ਕਿ ਬਾਕੀ ਹੋਰਨਾਂ ਜ਼ਿਲ੍ਹਿਆਂ ਤੋਂ ਹਨ। 2013 ਤੋਂ ਲੈ ਕੇ 2019 ਤੱਕ ਦੇ ਡਾਟੇ ਮੁਤਾਬਕ ਕੁੱਲ ਹੁਣ ਤੱਕ 6118 ਲੜਕੀਆਂ ਜਦੋਂ ਕਿ 2314 ਲੜਕੇ ਲਾਪਤਾ ਹੋ ਚੁੱਕੇ ਹਨ।
ਕਿਉਂ ਲਾਪਤਾ ਹੁੰਦੇ ਨੇ ਬੱਚੇ ?: ਬੱਚੇ ਵੱਡੀ ਤਦਾਦ ਅੰਦਰ ਕਿਉਂ ਲਾਪਤਾ ਹੁੰਦੇ ਹਨ ਇਹ ਇੱਕ ਵੱਡਾ ਸਵਾਲ ਹੈ। ਖਾਸ ਕਰਕੇ ਵੱਡੇ ਸ਼ਹਿਰਾਂ ਦੇ ਵਿੱਚ ਬੱਚਿਆਂ ਦੇ ਲਾਪਤਾ ਹੋਣ ਦੀ ਤਾਦਾਦ ਵਧੀ ਹੈ। ਬਾਲ ਭਲਾਈ ਕਮੇਟੀ ਦੇ ਸਾਬਕਾ ਮੈਂਬਰ ਦੱਸਦੇ ਹਨ ਕਿ ਬੱਚੇ ਜਾਂ ਤਾਂ ਘਰੋਂ ਨਾਰਾਜ਼ ਹੋ ਕੇ ਚਲੇ ਜਾਂਦੇ ਨੇ ਜਾਂ ਫਿਰ ਜ਼ਿਆਦਾਤਰ ਲੜਕੀਆਂ ਨੂੰ ਵਰਗਲਾਇਆ ਜਾਂਦਾ ਹੈ ਜੋ ਘਰ ਛੱਡ ਕੇ ਚਲੀ ਜਾਂਦੀਆਂ ਹਨ ਅਤੇ ਵੱਡੀ ਤਦਾਦ ਹਿਊਮਨ ਟ੍ਰੈਫਿਕਿੰਗ ਦੀ ਵੀ ਹੈ ਜਿਸ ਵਿਚ ਬੱਚਿਆਂ ਦੀ ਖ਼ਰੀਦੋ ਫ਼ਰੋਖਤ ਹੁੰਦੀ ਹੈ। ਉਨ੍ਹਾਂ ਕਿਹਾ ਕਿ ਇਹ ਗੰਭੀਰ ਮਾਮਲੇ ਹਨ ਜਿਸ ਕਰਕੇ ਸੈਂਕੜੇ ਬੱਚਿਆਂ ਦੀ ਜ਼ਿੰਦਗੀ ਬਰਬਾਦ ਹੋ ਜਾਂਦੀ ਹੈ।
ਪੀੜਤ ਦੀ ਰੂਹ ਕੰਬਾਊ ਕਹਾਣੀ: ਬਿਹਾਰ ਦੇ ਰਹਿਣ ਵਾਲੇ ਸ਼ਖ਼ਸ ਨੇ ਦੱਸਿਆ ਕਿ ਉਸ ਦੀ 14 ਸਾਲ ਦੀ ਜਨਵਰੀ 2021 ਵਿਚ ਲਾਪਤਾ ਹੋ ਗਈ ਸੀ ਜਿਸ ਤੋਂ ਬਾਅਦ ਉਹ ਦਰ ਦਰ ਦੀਆਂ ਠੋਕਰਾਂ ਖਾਂਦਾ ਰਿਹਾ। ਇਸ ਸਬੰਧੀ ਉਸ ਨੇ ਦੋ ਐਫਆਈਆਰ ਵੀ ਦਰਜ ਕਰਵਾਈਆਂ ਹਨ ਪਰ ਇਸ ਦੇ ਬਾਵਜੂਦ ਕੋਈ ਕਾਰਵਾਈ ਨਹੀਂ ਹੋਈ ਜਿਸ ਤੋਂ ਬਾਅਦ ਉਸ ਨੇ ਹਾਈ ਕੋਰਟ ਦਾ ਰੁਖ ਕੀਤਾ ਅਤੇ ਫਿਰ ਹਾਈ ਕੋਰਟ ਵੱਲੋਂ ਲੁਧਿਆਣਾ ਪੁਲਿਸ ਕਮਿਸ਼ਨਰ ਨੇ ਇਨਕੁਆਰੀ ਮਾਰਕ ਕੀਤੀ। ਕਮਿਸ਼ਨਰ ਨੇ ਡੀਸੀਪੀ ਨੂੰ ਐਸਆਈਟੀ ਬਣਾਉਣ ਲਈ ਕਿਹਾ ਅਤੇ ਪਿਛਲੇ ਤਿੰਨ ਮਹੀਨੇ ਤੋਂ ਐਸਆਈਟੀ ਵੀ ਇਸ ਮਾਮਲੇ ਵਿਚ ਕੋਈ ਕੰਮ ਨਹੀਂ ਕਰ ਪਾਈ ਅਤੇ ਹੁਣ ਉਹ ਦਰ ਦਰ ਦੀਆਂ ਠੋਕਰਾਂ ਖਾਣ ਨੂੰ ਮਜਬੂਰ ਹੈ।