ਲੁਧਿਆਣਾ: ਪੰਜਾਬ ਸਰਕਾਰ ਵੱਲੋਂ ਚਲਾਈ ਗਈ ਨਸ਼ਾ ਵਿਰੋਧੀ ਮੁਹਿੰਮ ਦੇ ਤਹਿਤ ਲੁਧਿਆਣਾ ਵਿੱਚ STF ਇੰਚਾਰਜ ਇੰਸਪੈਕਟਰ ਹਰਬੰਸ ਸਿੰਘ ਦੀ ਅਗਵਾਈ ਵਿੱਚ STF ਟੀਮ ਨੇ ਸੈਕਟਰ 39 ਵਿੱਚ ਸਥਿਤ ਮੰਦਿਰ ਸ਼੍ਰੀ ਰਾਮ ਦਰਬਾਰ ਕੋਲ ਨਾਕਾਬੰਦੀ ਕੀਤੀ ਗਈ। ਇਸ ਨਾਕਾਬੰਦੀ ਦੌਰਾਨ ਇੱਕ ਸਕੂਟੀ ਸਵਾਰ ਨੌਜਵਾਨ ਨੂੰ 1 ਕਿੱਲੋ 900 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ ਹੈ।
ਆਰੋਪੀ ਕੋਲੋ ਹੈਰੋਇਨ ਬਰਾਮਦ:-ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਇੰਸਪੈਕਟਰ ਹਰਬੰਸ ਸਿੰਘ ਨੇ ਦੱਸਿਆ ਕਿ ਸਾਨੂੰ ਗੁਪਤ ਸੂਚਨਾ ਦੇ ਅਧਾਰ ਉੱਤੇ ਸਪੈਸ਼ਲ ਨਾਕਾਬੰਦੀ ਕੀਤੀ ਗਈ ਸੀ। ਜਿਸ ਦੌਰਾਨ ਸਕੂਟੀ ਸਵਾਰ ਨਸ਼ਾ ਤਸਕਰ ਨੂੰ ਰੋਕ ਕੇ ਡੀ.ਐਸ.ਪੀ ਅਜੇ ਕੁਮਾਰ ਦੀ ਹਾਜ਼ਰੀ ਵਿੱਚ ਤਲਾਸ਼ੀ ਲਈ ਗਈ ਤਾਂ ਆਰੋਪੀ ਤਸਕਰ ਦੀ ਸਕੂਟੀ ਵਿੱਚ ਰੱਖੀ 1 ਕਿੱਲੋ 900 ਗ੍ਰਾਮ ਹੈਰੋਇਨ ਬਰਾਮਦ ਹੋਈ।
ਨਸ਼ੇ ਦੀ ਪੂਰਤੀ ਲਈ ਨਸ਼ਾ ਤਸਕਰੀ:-ਇੰਸਪੈਕਟਰ ਹਰਬੰਸ ਸਿੰਘ ਨੇ ਕਿਹਾ ਕਿ ਆਰੋਪੀ ਦੀ ਪਹਿਚਾਣ ਅਰਜੁਨ ਸਿੰਘ ਵਾਸੀ ਜਮਾਲਪੁਰ ਲੁਧਿਆਣਾ ਵਜੋਂ ਹੋਈ ਅਤੇ ਆਰੋਪੀ ਖੁਦ ਨਸ਼ਾ ਕਰਨ ਦਾ ਆਦੀ ਹੈ। ਉਹ ਨਸ਼ੇ ਦੀ ਪੂਰਤੀ ਲਈ ਇਹ ਨਸ਼ਾ ਤਸਕਰੀ ਕਰਨ ਲੱਗ ਗਿਆ। ਉਨ੍ਹਾਂ ਕਿਹਾ ਕਿ ਆਰੋਪੀ ਕਰੀਬ 5 ਤੋਂ 6 ਸਾਲਾਂ ਤੋਂ ਹੈਰੋਇਨ ਵੇਚਣ ਦਾ ਨਾਜਾਇਜ ਧੰਦਾ ਕਰਦਾ ਆ ਰਿਹਾ ਹੈ। ਉਨ੍ਹਾਂ ਕਿਹਾ ਆਰੋਪੀ ਨੇ ਸ਼ੁਰੂਆਤੀ ਪੁੱਛਗਿੱਛ ਦੌਰਾਨ ਦੱਸਿਆ ਕਿ ਉਸਨੂੰ ਹੈਰੋਇਨ ਅੰਮ੍ਰਿਤਸਰ ਤੋਂ ਵਿਅਕਤੀ ਲੁਧਿਆਣੇ ਆਕੇ ਦਿੰਦਾ ਹੈ।