ਸਪੀਡ ਬਰੀਡਿੰਗ ਖੋਜ ਸਹੂਲਤ ਬਾਰੇ ਜਾਣਕਾਰੀ ਲੁਧਿਆਣਾ : ਪੀ.ਏ.ਯੂ. ਵਿਚ ਖੇਤੀ ਖੋਜਾਂ ਦੀ ਪ੍ਰਮੁੱਖ ਕੜੀ ਵਜੋਂ ਜਾਣੀ ਜਾਣ ਵਾਲੀ ਨਵੀਂ ਵਿਧੀ ਸਪੀਡ ਬਰੀਡਿੰਗ ਖੋਜ ਸਹੂਲਤ ਸ਼ੁਰੂ ਹੋ ਗਈ ਹੈ। ਨਵੀਂ ਬਰੀਡਿੰਗ ਵਿਧੀ ਸਪੀਡ ਬਰੀਡਿੰਗ ਤਕਨੀਕ ਦੇ ਨਾਲ ਤੇਜ਼ੀ ਨਾਲ ਫ਼ਸਲੀ ਪੀੜ੍ਹੀਆਂ ਦੇ ਚੱਕਰ ਬਾਰੇ ਖੋਜ ਕਰਨ ਦੀ ਇਹ ਤਕਨੀਕ ਫਸਲ ਬਰੀਡੰਗ ਦੇ ਖੇਤਰ ਦਾ ਅਹਿਮ ਯੁੱਗ ਸਾਬਿਤ ਹੋਵੇਗੀ, ਨਵੀਆਂ ਬਰੀਡਿੰਗ ਸਹੂਲਤਾਂ ਖੇਤੀ ਦੇ ਸਫਰ ਦਾ ਮੀਲ ਪੱਥਰ ਸਾਬਿਤ ਹੋਵੇਗੀ ਅਤੇ 2050 ਤੱਕ 10 ਬਿਲੀਅਨ ਲੋਕਾਂ ਨੂੰ ਅਨਾਜ ਮੁਹੱਈਆ ਕਰਾਉਣ ਦਾ ਇਹੀ ਸਭ ਤੋਂ ਕਾਰਗਰ ਤਰੀਕਾ ਹੈ।
ਐਕਸਲ ਬਰੀਡ ਵਿਧੀ :ਸਪੀਡ ਬਰੀਡਿੰਗ ਤਕਨਾਲੋਜੀ ਰਾਹੀਂ ਕਣਕ, ਝੋਨਾ, ਬਰੈਸਿਕਾ, ਮਟਰ ਅਤੇ ਛੋਲਿਆਂ ਉੱਪਰ ਕੀਤੇ ਖੋਜ ਤਜ਼ਰਬੇ ਹੋਰ ਤੇਜ਼ ਹੋਣਗੇ। ਐਕਸਲ ਬਰੀਡ ਵਿਧੀ ਰਾਹੀਂ ਕਣਕ ਦੀ ਵਾਢੀ 60-65 ਦਿਨਾਂ ਵਿੱਚ ਹੋ ਸਕੇਗੀ। ਇਸੇ ਤਰ੍ਹਾਂ ਝੋਨਾ, ਬਰੈਸਿਕਾ ਅਤੇ ਮਟਰਾਂ ਵਿੱਚ ਵੀ ਕਾਸ਼ਤ ਮਿਆਦ ਨੂੰ ਤੇਜ਼ ਕੀਤਾ ਜਾ ਸਕੇਗਾ। ਇਸ ਤਕਨਾਲੋਜੀ ਰਾਹੀਂ ਨਾ ਸਿਰਫ ਵਾਤਾਵਰਨ ਪੱਖੀ ਕਾਸ਼ਤ ਸੰਭਵ ਹੋਵੇਗੀ, ਬਲਕਿ ਪ੍ਰਮੁੱਖ ਫਸਲਾਂ ਦੀਆਂ ਕਿਸਮਾਂ ਦੀ ਕਾਸ਼ਤ ਵਿੱਚ ਤੇਜੀ ਲਿਆ ਕੇ ਦੁਨੀਆਂ ਭਰ ਦੀ ਭੋਜਨ ਸੁਰੱਖਿਆ ਨੂੰ ਯਕੀਨੀ ਬਣਾਇਆ ਜਾ ਸਕੇਗਾ।
ਪੀਏਯੂ ਵਿੱਚ ਸਥਾਪਿਤ ਪਲਾਂਟ: ਪੀ ਏ ਯੂ ਖੇਤੀ ਬਾਇਓ ਟੈਕਨਾਲੋਜੀ ਵਿਭਾਗ ਦੇ ਨਿਰਦੇਸ਼ਕ ਡਾ. ਪ੍ਰਵੀਨ ਛੁਨੇਜਾ ਨੇ ਸਪੀਡ ਬਰੀਡਿੰਗ ਸਲੂਹਤ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਭਾਰਤ ਦੇ ਬਾਇਓਤਕਨਾਲੋਜੀ ਵਿਭਾਗ ਦੀ ਇਮਦਾਦ ਨਾਲ ਐਕਸਲਬਰੀਡਿੰਗ 541.87 ਵਰਗ ਮੀਟਰਾਂ ਅਤੇ 8 ਕੰਟਰੋਲਡ ਚੈਂਬਰਾਂ ਵਿਚ ਸਥਾਪਿਤ ਹੈ, ਇਹ ਵਾਤਾਵਰਣ ਦੇ ਪ੍ਰਭਾਵਾਂ ਦੇ ਮੱਦੇਨਜ਼ਰ (Research Facility In PAU) ਪੂਰੀ ਤਰ੍ਹਾਂ ਸਵੈਚਾਲਿਤ ਪ੍ਰਬੰਧ ਜਿੰਨ੍ਹਾਂ ਵਿਚ ਰੌਸ਼ਨੀ, ਤਾਪ, ਹੁੰਮਸ ਆਦਿ ਹੈ ਨਾਲ ਲੈਸ ਹੈ। ਇਸ ਵਿੱਚ ਫਸਲ ਪੀੜੀਵਾਰ ਚੱਕਰ ਸਲਾਨਾ 5-8 ਚੱਕਰਾਂ ਤੱਕ ਸੰਭਵ ਹਨ। ਇਸ ਵਿੱਚ 40 ਹਜ਼ਾਰ ਪੌਦਿਆਂ ਉੱਪਰ ਮੁਆਫਕ ਸਥਿਤੀਆਂ ਵਿਚ ਖੋਜ ਕਰਨ ਦੀ ਸਮਰਥਾ ਹੈ। ਉਹਨਾਂ ਨੇ ਐਕਸਲਬਰੀਡ ਨੂੰ ਪੀ.ਏ.ਯੂ. ਵੱਲੋਂ ਕੀਤੀ ਜਾ ਰਹੀ ਖੋਜ ਦਾ ਅਹਿਮ ਅਧਿਆਇ ਕਿਹਾ ਹੈ ਜਿਸ ਨਾਲ ਪੰਜਾਬ ਦੀ ਖੇਤੀ ਵਿਭਿੰਨਤਾ ਨਵੀਂ ਦਿਸ਼ਾ ਵਿੱਚ ਤੁਰ ਸਕੇਗੀ।
ਪੀ ਏ ਯੂ ਖੇਤੀ ਬਾਇਓ ਟੈਕਨਾਲੋਜੀ ਵਿਭਾਗ ਦੇ ਨਿਰਦੇਸ਼ਕ ਡਾ. ਪ੍ਰਵੀਨ ਛੁਨੇਜਾ ਕਿਹੜੀਆਂ ਫਸਲਾਂ 'ਤੇ ਕਾਰਗਰ:ਡਾਕਟਰ ਪਰਵੀਨ ਛੁਨੇਜਾ ਨੇ ਦੱਸਿਆ ਹੈ ਕਿ ਇਸ ਪਲਾਂਟ ਵਿੱਚ ਹਰ ਤਰ੍ਹਾਂ ਦੀਆਂ ਫਸਲਾਂ ਉੱਤੇ ਤਜ਼ੁਰਬੇ ਕੀਤੇ ਜਾ ਸਕਦੇ ਹਨ। ਉਨ੍ਹਾਂ ਨੇ ਕਿਹਾ ਕਿ ਸਰਦੀਆਂ ਦੇ ਮੌਸਮ ਵਿੱਚ ਅੰਦਰ ਝੋਨਾ ਵੀ ਅਸੀਂ ਲਗਾਇਆ ਹੋਇਆ ਹੈ। ਇਸ ਤੋਂ ਇਲਾਵਾ ਕਣਕ ਦੀ ਫਸਲ ਮਟਰਾਂ ਦੀ ਫ਼ਸਲ ਹਰ ਤਰ੍ਹਾਂ ਦੀਆਂ ਹੋਰ ਪੱਤੇਦਾਰ ਸਬਜ਼ੀਆਂ ਨਾਲ ਛੋਟੇ ਬੂਟਿਆਂ ਵਾਲੀਆਂ ਸਾਰੀਆਂ ਹੀ ਫਸਲਾਂ 'ਤੇ ਇਸ ਲੈਬ ਵਿੱਚ ਤਜ਼ਰਬੇ ਕੀਤੇ ਜਾ ਸਕਦੇ ਹਨ। ਇੰਨਾ ਹੀ ਨਹੀਂ, ਇਸ ਦੇ ਵਿੱਚ ਲਾਈਟ ਨਾਲ ਫ਼ਸਲ ਤਿਆਰ ਹੁੰਦੀ ਹੈ।
ਉਨ੍ਹਾਂ ਦੱਸਿਆ ਹੈ ਕਿ ਇਹ ਪਹਿਲਾਂ ਹੀ ਵੇਖਿਆ ਜਾ ਚੁੱਕਾ ਹੈ ਕਿ ਲਾਈਟ ਦੇ ਨਾਲ ਬਹੁਤ ਜਲਦੀ ਫਸਲ ਤਿਆਰ ਹੁੰਦੀ ਹੈ, ਜੇਕਰ ਬਾਹਰ ਦੀ ਗੱਲ ਕੀਤੀ ਜਾਵੇ ਤਾਂ ਫਸਲ ਨੂੰ 12 ਤੋਂ 14 ਘੰਟੇ ਲਾਈਟ ਮਿਲਦੀ ਹੈ, ਜਦਕਿ ਇਸ ਪਲਾਂਟ ਵਿੱਚ ਬਣਾਵਟੀ ਲਾਈਟ 24 ਘੰਟੇ ਫ਼ਸਲ ਨੂੰ ਮਿਲਦੀ ਹੈ ਜਿਸ ਨਾਲ ਫਸਲ ਜਲਦੀ ਤਿਆਰ ਹੋ ਜਾਂਦੀ ਹੈ। ਜਿੱਥੇ ਕਣਕ ਦੀ ਫਸਲ ਪੱਕਣ ਨੂੰ 145 ਤੋਂ 160 ਦਿਨ ਦਾ ਸਮਾਂ ਲੱਗਦਾ ਹੈ, ਇੱਥੇ ਇਹ 50 ਤੋਂ 60 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ। ਇੱਕ ਸਾਲ ਵਿੱਚ 5 ਤੋਂ 6 ਫਸਲਾਂ ਵੀ ਲਈਆਂ ਜਾ ਸਕਦੀਆਂ ਹਨ।
ਵਿਗਿਆਨੀਆਂ ਦਾ ਬਚੇਗਾ ਸਮਾਂ: ਇਸ ਤਕਨੀਕ ਨਾਲ ਕਿਸਾਨਾਂ ਦੇ ਨਾਲ ਵਿਗਿਆਨੀਆਂ ਨੂੰ ਵੀ ਬਹੁਤ ਵੱਡਾ ਫਾਇਦਾ ਹੋਵੇਗਾ ਕਿਉਂਕਿ ਵਿਗਿਆਨੀਆਂ ਨੂੰ ਅਕਸਰ ਹੀ ਨਵੀਂ ਕਿਸਮ ਇਜਾਦ ਕਰਨ ਲਈ 12-12 ਸਾਲ ਦਾ ਸਮਾਂ ਲੱਗ ਜਾਂਦਾ ਸੀ, ਕਿਉਂਕਿ ਪਹਿਲਾਂ ਫਸਲ ਨੂੰ ਤਿਆਰ ਕਰਕੇ ਉਸ ਦਾ ਝਾੜ ਵੇਖਿਆ ਜਾਂਦਾ ਸੀ। ਫਿਰ ਚਾਰ ਤੋਂ ਪੰਜ ਵਾਰ ਉਸ ਨੂੰ ਮਾਹੌਲ ਦੇ ਮੁਤਾਬਿਕ ਮੁੜ ਤੋਂ ਉਗਾਇਆ ਜਾਂਦਾ ਸੀ। ਖੇਤਾਂ ਵਿੱਚ ਇਹ ਪ੍ਰਣਾਲੀ ਚਾਰ ਤੋਂ ਪੰਜ ਵਾਰ ਕਰਨ ਤੋਂ ਬਾਅਦ ਹੀ ਫ਼ਸਲ ਦੀ ਕਿਸਮ ਨੂੰ ਅੱਗੇ ਸਿਫਾਰਿਸ਼ ਕੀਤਾ ਜਾਂਦਾ ਸੀ, ਪਰ ਹੁਣ ਇਸ ਤਕਨੀਕ ਦੇ ਨਾਲ ਇਸ ਕੰਮ ਦੇ ਵਿੱਚ ਤੇਜ਼ੀ ਆਵੇਗੀ ਜਿਸ ਨਾਲ ਨਵੀਆਂ ਕਿਸਮਾਂ ਜਲਦ ਤੋਂ ਜਲਦ ਬਾਜ਼ਾਰ ਵਿੱਚ ਉਪਲਬਧ ਹੋਣਗੀਆਂ ਅਤੇ ਕਿਸਾਨਾਂ ਨੂੰ ਨਵੀਆਂ ਕਿਸਮਾਂ ਉਗਾਉਣ ਦਾ ਮੌਕਾ ਵੱਧ ਤੋਂ ਵੱਧ ਮਿਲ ਸਕੇਗਾ। ਖਾਸ ਕਰਕੇ ਵਿਗਿਆਨੀਆਂ ਨੂੰ ਇਸ ਦਾ ਕਾਫੀ ਫਾਇਦਾ ਹੋਵੇਗਾ, ਕਿਉਂਕਿ ਵਿਗਿਆਨੀਆਂ ਨੂੰ ਇੱਕ ਫਸਲ ਦੇ ਪ੍ਰੀਖਣ ਲਈ 12 ਸਾਲ ਦੀ ਉਡੀਕ ਨਹੀਂ ਕਰਨੀ ਪਵੇਗੀ, ਘੱਟੋ ਘੱਟ ਉਸ ਦੇ ਚਾਰ ਤੋਂ ਪੰਜ ਸਾਲ ਇਸ ਤਕਨੀਕ ਦੇ ਨਾਲ ਬਚਣਗੇ।