ਅਯੋਧਿਆ ਰਾਮ ਮੰਦਰ ਦੇ ਉਦਘਾਟਨ ਦੀਆਂ ਤੀਆਰੀਆਂ ਜ਼ੋਰਾ 'ਤੇ ਲੁਧਿਆਣਾ : 22 ਜਨਵਰੀ ਨੂੰ ਅਯੋਧਿਆ ਵਿੱਚ ਸ਼੍ਰੀ ਰਾਮ ਮੰਦਿਰ ਦਾ ਉਦਘਾਟਨ ਕੀਤਾ ਜਾਣਾ ਹੈ ਜਿਸ ਨੂੰ ਲੈ ਕੇ ਪੂਰਾ ਦੇਸ਼ ਪੱਬਾ ਭਾਰ ਹੈ। ਹਰ ਪਾਸੇ ਸ਼੍ਰੀ ਰਾਮ ਪੋਸਟਰ ਅਤੇ ਅਯੋਧਿਆ ਮੰਦਿਰ ਦੇ ਮਾਡਲ ਵੇਖਣ ਨੂੰ ਮਿਲ ਰਹੇ ਹਨ। ਜਦੋਂ 22 ਜਨਵਰੀ ਨੂੰ ਪੂਰਾ ਦੇਸ਼ ਭਗਵੇ ਰੰਗ ਵਿੱਚ ਰੰਗਿਆ ਹੋਵੇਗਾ, ਉਸ ਦਿਨ ਵਿਸ਼ੇਸ਼ ਤੌਰ ਉੱਤੇ ਲੁਧਿਆਣਾ ਤੋਂ ਬਣਿਆ ਸਵੈਟਰ ਵੀ ਖਿੱਚ ਦਾ ਕੇਂਦਰ ਬਣੇਗਾ।
ਲੁਧਿਆਣਾ ਦੇ ਵਿੱਚ ਅਯੋਧਿਆ ਸ਼੍ਰੀ ਰਾਮ ਮੰਦਿਰ ਦੇ ਉਦਘਾਟਨ ਤੋਂ ਪਹਿਲਾਂ ਵੱਡੇ ਪੱਧਰ 'ਤੇ ਭਗਵੇ ਰੰਗ ਦੇ ਸਵੈਟਰ ਠੰਡ ਦੇ ਮੌਸਮ ਨੂੰ ਵੇਖਦੇ ਹੋਏ ਤਿਆਰ ਕੀਤੀ ਜਾ ਰਹੇ ਹਨ, ਤਾਂ ਜੋ ਜਦੋਂ ਮੰਦਿਰ ਦਾ ਉਦਘਾਟਨ ਕੀਤਾ ਜਾਵੇਗਾ ਤਾਂ ਇਹ ਭਗਵੇ ਰੰਗ ਦੇ ਸਵੈਟਰ ਦੂਰੋਂ ਹੀ ਰਾਮ ਭਗਤਾਂ ਦੀ ਝਲਕ ਵਿਖਾਉਣਗੇ। ਪਿਛਲੇ 1 ਮਹੀਨੇ ਤੋਂ ਇਹ ਸਵੈਟਰ ਤਿਆਰ ਹੋ ਰਹੇ ਹਨ, ਜੋ ਕਿ ਅਯੋਧਿਆ ਰਾਮ ਮੰਦਿਰ ਦੀ ਤਸਵੀਰ ਦੇ ਨਾਲ ਜੈ ਸ਼੍ਰੀ ਰਾਮ ਦੇ ਨਾਰੇ ਨਾਲ ਡਿਜ਼ਾਇਨ ਕੀਤਾ ਗਿਆ ਹੈ।
ਮਦਾਨ ਫੈਬਰਿਕ ਵਾਲਿਆਂ ਵਲੋਂ ਪਹਿਲ:ਮਦਾਨ ਫੈਬਰਿਕ ਦੇ ਮਾਲਕ ਮੁਕੇਸ਼ ਮਦਾਨ ਨੇ ਦੱਸਿਆ ਕਿ ਉਨ੍ਹਾਂ ਨੂੰ ਅਜਿਹੇ ਸਵੈਟਰ ਬਣਾਉਣ ਦੀ ਪ੍ਰੇਰਨਾ ਪਿਛਲੇ ਕਈ ਸਾਲਾਂ ਤੋਂ ਮਿਲ ਰਹੀ ਹੈ। ਮਸ਼ਹੂਰ ਭਜਨ ਗਾਇਕ ਚੰਚਲ ਜੀ ਦੇ ਉਹ ਭਗਤ ਹਨ। ਉਨ੍ਹਾਂ ਦੱਸਿਆ ਕਿ ਉਹ ਖੁਦ ਇੱਕ ਵਾਰ ਉਨ੍ਹਾਂ ਦੀ ਫੈਕਟਰੀ ਵਿੱਚ ਆਏ ਸਨ, ਤਾਂ ਚੰਚਲ ਨੇ ਹੀ ਉਨ੍ਹਾਂ ਨੂੰ ਕੁਝ ਅਜਿਹੇ ਸਵੈਟਰ ਤਿਆਰ ਕਰਨ ਲਈ ਕਿਹਾ ਸੀ, ਜੋ ਕਿ ਉਹ ਜਗਰਾਤੇ ਤੇ ਆਪਣੀ ਟੀਮ ਨਾਲ ਪਾ ਸਕਣ। ਇਸ ਕਰਕੇ ਉਨ੍ਹਾਂ ਨੇ ਪਹਿਲਾਂ ਮਾਤਾ ਦੇ ਤਸਵੀਰਾਂ ਵਾਲੇ ਸਵੈਟਰ ਤਿਆਰ ਕੀਤੇ ਸਨ ਜਿਸ ਤੋਂ ਬਾਅਦ, ਹਰ ਸਾਲ ਉਨ੍ਹਾਂ ਨੇ ਨਵੇਂ ਡਿਜ਼ਾਇਨ ਦੇ ਸਵੈਟਰ ਬਣਾਏ।
ਮਦਾਨ ਦੇ ਸਵੈਟਰ ਕਾਫੀ ਪ੍ਰਚਲਿਤ ਹੋਏ: ਸੋਸ਼ਲ ਮੀਡੀਆ ਮਦਾਨ ਫੈਬਰਿਕ ਦੇ ਬਣੇ ਸਵੈਟਰ ਲੋਕਾਂ ਨੇ ਕਾਫੀ ਪਸੰਦ ਕੀਤੇ ਜਿਸ ਤੋਂ ਬਾਅਦ ਜਦੋਂ ਅਯੋਧਿਆ ਸ਼੍ਰੀ ਰਾਮ ਮੰਦਿਰ ਦੇ ਉਦਘਾਟਨ ਬਾਰੇ ਉਨ੍ਹਾਂ ਨੂੰ ਪਤਾ ਲੱਗਾ, ਤਾਂ ਉਨ੍ਹਾਂ ਨੇ ਲਗਭਗ ਦੋ ਮਹੀਨੇ ਲਗਾ ਕੇ ਉਸ ਸਬੰਧੀ ਡਿਜ਼ਾਇਨ ਤਿਆਰ ਕੀਤਾ ਅਤੇ ਫਿਰ ਇਹ ਸਵੈਟਰ ਤਿਆਰ ਕੀਤੇ। ਮੁਕੇਸ਼ ਮਦਾਨ ਨੇ ਦੱਸਿਆ ਕਿ ਬੜੀ ਮਿਹਨਤ ਨਾਲ ਇਸ ਦਾ ਡਿਜ਼ਾਇਨ ਤਿਆਰ ਕੀਤਾ ਗਿਆ ਹੈ ਜਿਸ ਨੂੰ ਕਾਫੀ ਸਮਾਂ ਲੱਗ ਗਿਆ। ਉਸ ਤੋਂ ਬਾਅਦ ਇਸ ਸਵੈਟਰ ਦਾ ਡਿਜ਼ਾਇਨ ਅਤੇ ਰੰਗ ਤਿਆਰ ਕੀਤਾ ਗਿਆ ਹੈ।
ਦੇਸ਼ ਦੇ ਕਈ ਹਿੱਸਿਆਂ ਚੋਂ ਮਿਲ ਰਹੇ ਆਰਡਰ:ਮੁਕੇਸ਼ ਮਦਾਨ ਨੇ ਦੱਸਿਆ ਕਿ ਉਨ੍ਹਾਂ ਨੂੰ ਲਗਾਤਾਰ ਦੇਸ਼ ਦੇ ਕੋਨੇ-ਕੋਨੇ ਤੋਂ ਆਰਡਰ ਆ ਰਹੇ ਹਨ। ਉਨ੍ਹਾਂ ਕਿਹਾ ਕਿ ਉਹ ਫੈਕਟਰੀ ਵਿੱਚ ਲਗਭਗ ਰੋਜ਼ਾਨਾ 200 ਦੇ ਕਰੀਬ ਪੀਸ ਬਣਾ ਰਹੇ ਹਨ, ਪਰ ਉਨ੍ਹਾਂ ਕੋਲੋਂ ਆਰਡਰ ਪੂਰੇ ਨਹੀਂ ਹੋ ਪਾ ਰਹੇ ਹਨ। ਉਨ੍ਹਾਂ ਵੱਲੋਂ ਜੇਕਰ ਕੋਈ ਆਰਡਰ ਦੇ ਰਿਹਾ ਹੈ, ਤਾਂ ਉਸ ਨੂੰ ਘੱਟੋ ਘੱਟ 5 ਤੋਂ 6 ਦਿਨ ਦਾ ਸਮਾਂ ਦਿੱਤਾ ਜਾ ਰਿਹਾ ਹੈ। ਮਦਾਨ ਨੇ ਕਿਹਾ ਕਿ ਹੁਣ 22 ਜਨਵਰੀ ਨੂੰ ਥੋੜਾ ਹੀ ਸਮਾਂ ਹੈ ਅਤੇ ਉਨ੍ਹਾਂ ਨੇ ਜਿੰਨਾ ਵੀ ਸਵੈਟਰ ਬਣਾਇਆ ਸੀ, ਉਹ ਸਾਰਾ ਵਿਕ ਚੁੱਕਾ ਹੈ। ਉਨ੍ਹਾਂ ਕੋਲ ਹੁਣ ਥੋੜਾ ਜਿਹਾ ਹੀ ਮਾਲ ਬਚਿਆ ਹੈ।
ਠੰਡ ਕਾਰਨ ਕੰਮ ਹੋ ਰਿਹਾ ਪ੍ਰਭਾਵਿਤ: ਮਦਾਨ ਨੇ ਕਿਹਾ ਕਿ ਠੰਡ ਹੋਣ ਕਰਕੇ ਵਰਕਰ ਘੱਟ ਕੰਮ ਕਰਦੇ ਹਨ। ਇਸ ਕਰਕੇ ਜਿਆਦਾ ਪ੍ਰੋਡਕਸ਼ਨ ਨਹੀਂ ਹੋ ਪੈ ਰਹੀ, ਪਰ ਉਨ੍ਹਾਂ ਕੋਲ ਇੰਨੀ ਜਿਆਦਾ ਡਿਮਾਂਡ ਆ ਰਹੀ ਹੈ ਕਿ ਉਸ ਨੂੰ ਪੂਰਾ ਕਰਨਾ ਵੀ ਔਖਾ ਹੈ। ਉਨ੍ਹਾਂ ਕਿਹਾ ਕਿ ਦਿੱਲੀ ਤੱਕ ਤੋਂ ਉਨ੍ਹਾਂ ਨੂੰ ਆਰਡਰ ਲਈ ਫੋਨ ਆ ਰਹੇ ਹਨ। ਖਾਸ ਕਰਕੇ ਸ਼੍ਰੀ ਰਾਮ ਭਗਤ ਇਸ ਸਵੈਟਰ ਦੀ ਬਹੁਤ ਜਿਆਦਾ ਡਿਮਾਂਡ ਕਰ ਰਹੇ ਹਨ। ਭਗਵੇ ਰੰਗ ਦੇ ਸਵੈਟਰ ਵਿਸ਼ੇਸ਼ ਤੌਰ ਉੱਤੇ ਇਸ ਰੰਗ ਦੇ ਤਿਆਰ ਕੀਤੇ ਗਏ ਹਨ, ਤਾਂ ਜੋ ਠੰਡ ਦੇ ਮੌਸਮ ਵਿੱਚ ਜਦੋਂ ਸ਼੍ਰੀ ਰਾਮ ਭਗਤ ਅਯੋਧਿਆ ਦੇ ਵਿਸ਼ਾਲ ਸ਼੍ਰੀ ਰਾਮ ਮੰਦਿਰ ਦੇ ਉਦਘਾਟਨ ਦਾ ਹਿੱਸਾ ਬਣਨਗੇ, ਤਾਂ ਇਹ ਸਵੈਟਰ ਉਨ੍ਹਾਂ ਨੂੰ ਠੰਡ ਤੋਂ ਬਚਾਉਣਗੇ ਅਤੇ ਸ਼੍ਰੀ ਰਾਮ ਭਗਵਾਨ ਸਬੰਧੀ ਉਨ੍ਹਾਂ ਦੀ ਪ੍ਰੇਮ ਅਤੇ ਭਗਤੀ ਨੂੰ ਵੀ ਉਜਾਗਰ ਕਰਨਗੇ। ਮੁਕੇਸ਼ ਮਦਾਨ ਦੇ ਇਸ ਉਪਰਾਲੇ ਦੀ ਵਿਸ਼ੇਸ਼ ਤੌਰ ਉੱਤੇ ਭਾਜਪਾ ਦੇ ਵਰਕਰਾਂ ਅਤੇ ਆਗੂਆਂ ਵੱਲੋਂ ਸ਼ਲਾਘਾ ਕੀਤੀ ਗਈ ਹੈ।
ਭਾਜਪਾ ਵਰਕਰਾਂ ਵਲੋਂ ਖ਼ਰੀਦੇ ਜਾ ਰਹੇ ਸਵੈਟਰ :ਲੁਧਿਆਣਾ ਤੋਂ ਭਾਜਪਾ ਦੇ ਬੁਲਾਰੇ ਗੁਰਦੀਪ ਸਿੰਘ ਗੋਸ਼ਾ ਵੱਲੋਂ ਬੀਤੇ ਦਿਨੀਂ ਉਨ੍ਹਾਂ ਦੀ ਫੈਕਟਰੀ ਵਿੱਚ ਜਾ ਕੇ ਇਨ੍ਹਾਂ ਸਵੈਟਰਾਂ ਨੂੰ ਵੇਖ ਕੇ ਬੜੀ ਖੁਸ਼ੀ ਜਤਾਈ ਗਈ ਹੈ ਅਤੇ ਉਨ੍ਹਾਂ ਨੇ ਕਿਹਾ ਕਿ ਇਹ ਕਮਾਲ ਦੇ ਸਵੈਟਰ ਹਨ। ਜਦੋਂ ਸ਼੍ਰੀ ਰਾਮ ਮੰਦਿਰ ਦਾ ਉਦਘਾਟਨ ਹੋਵੇਗਾ, ਉਦੋਂ ਇਹ ਸਵੈਟਰ ਲੋਕਾਂ ਨੂੰ ਠੰਡ ਤੋਂ ਬਚਾਉਣਗੇ। ਸ਼੍ਰੀ ਰਾਮ ਭਗਤਾਂ ਲਈ ਇਹ ਇੱਕ ਚੰਗੀ ਸੌਗਾਤ ਹੈ। ਉਨ੍ਹਾਂ ਕਿਹਾ ਕਿ ਖੁਦ ਇਸ ਤੋਂ ਹੈਰਾਨ ਹਨ ਕਿ ਲੁਧਿਆਣਾ ਵਿੱਚ ਇਸ ਤਰ੍ਹਾਂ ਦੇ ਸਵੈਟਰ ਬਣਾਏ ਜਾ ਰਹੇ ਹਨ। ਉਨ੍ਹਾਂ ਨੂੰ ਜਦੋਂ ਪਤਾ ਲੱਗਾ ਤਾਂ ਖੁਦ ਫੈਕਟਰੀ ਵਿੱਚ ਆਏ ਅਤੇ ਉਨ੍ਹਾਂ ਨੇ ਖੁਦ ਵੀ ਇਹ ਸਵੈਟਰ ਖਰੀਦੇ ਹਨ।
ਭਾਜਪਾ ਵਰਕਰ ਵੀ ਵੱਡੀ ਗਿਣਤੀ ਵਿੱਚ ਹੀ ਸਵੈਟਰ ਖਰੀਦ ਰਹੇ ਹਨ। ਇਸ ਤੋਂ ਇਲਾਵਾ ਜੋ ਲੋਕ ਵੀ ਅਯੋਧਿਆ ਜਾਣ ਦੇ ਇਛੁਕ ਹਨ, ਉਹ ਇਹ ਸਵੈਟਰ ਬੁੱਕ ਕਰਵਾ ਰਹੇ ਹਨ। ਗੁਰਦੀਪ ਗੋਸ਼ਾ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ 22 ਜਨਵਰੀ ਤੋਂ ਬਾਅਦ ਲੋਕ ਜਿਆਦਾ ਨਾ ਆਉਣ, ਇਸ ਕਰਕੇ ਲੋਕ ਬਾਅਦ ਵਿੱਚ ਜਾਣ ਲਈ ਵੀ ਇਹ ਸਵੈਟਰ ਲੈ ਰਹੇ ਹਨ।