ਲੁਧਿਆਣਾ: ਪੰਜਾਬ ਦੇ ਮਾਲਵੇ ਇਲਾਕੇ ਵਿੱਚ ਖਾਸ ਕਰਕੇ ਬਠਿੰਡਾ ਦੇ ਦੋ ਪਿੰਡਾਂ ਦੇ ਅੰਦਰ ਦਰਜਨਾਂ ਦੁਧਾਰੂ ਪਸ਼ੂਆਂ ਦੀ ਗਲ ਘੋਟੂ ਬਿਮਾਰੀ ਕਾਰਨ ਮੌਤ ਹੋ ਜਾਣ ਕਰਕੇ ਕਿਸਾਨ ਚਿੰਤਾ ਵਿੱਚ ਹਨ। ਪਸ਼ੂ ਵਿਭਾਗ ਵੱਲੋਂ ਵੀ ਇਸ ਨੂੰ ਲੈ ਕੇ ਕਿਸਾਨਾਂ ਨੂੰ ਸਤਰਕ ਰਹਿਣ ਦੀ ਸਲਾਹ ਦਿੱਤੀ ਗਈ ਹੈ। ਪੰਜਾਬ ਹਸਬੈਂਡਰੀ ਵਿਭਾਗ ਦੇ ਮੁਤਾਬਿਕ ਹੁਣ ਤੱਕ 62 ਡੇਅਰੀ ਜਾਨਵਰਾਂ ਦੀ ਮੌਤ ਹੋ ਚੁੱਕੀ ਹੈ, ਜਦਕਿ 70 ਦੇ ਕਰੀਬ ਪਸ਼ੂਆਂ ਦਾ ਇਲਾਜ ਚੱਲ ਰਿਹਾ ਹੈ। ਮਰੇ ਹੋਏ ਪਸ਼ੂਆਂ ਤੋਂ ਸੈਂਪਲ ਲੈ ਕੇ ਜਲੰਧਰ ਲੈਬੋਰਟਰੀ ਦੇ ਵਿੱਚ ਭੇਜੇ ਗਏ ਹਨ। ਬਠਿੰਡਾ ਦੇ ਇੱਕੋ ਹੀ ਪਿੰਡ ਦੇ ਵਿੱਚ 50 ਤੋਂ ਵੱਧ ਪਸ਼ੂਆਂ ਦੀ ਹੁਣ ਤੱਕ ਮੌਤ ਹੋ ਚੁੱਕੀ ਹੈ। ਪੰਜਾਬ ਐਨੀਮਲ ਹਸਬੈਂਡਰੀ ਦੇ ਡਾਇਰੈਕਟਰ ਵੱਲੋਂ ਬਠਿੰਡਾ ਦੇ ਉਹਨਾਂ ਪਿੰਡਾਂ ਦੇ ਵਿੱਚ ਬੀਤੇ ਦਿਨੀ ਦੌਰਾ ਵੀ ਕੀਤਾ ਗਿਆ ਹੈ। ਇਸ ਨੂੰ ਲੈ ਕੇ ਗੁਰੂ ਅੰਗਦ ਦੇਵ ਵੈਟਨਰੀ ਐਨੀਮਲ ਸਾਇੰਸ ਯੂਨੀਵਰਸਿਟੀ ਦੇ ਮਾਹਿਰ ਡਾਕਟਰਾਂ ਵੱਲੋਂ ਵੀ ਪਸ਼ੂ ਪਾਲਕ ਕਿਸਾਨਾਂ ਨੂੰ ਸਤਰਕ ਰਹਿਣ ਲਈ ਕਿਹਾ ਗਿਆ ਹੈ ਅਤੇ ਸਾਫ ਕੀਤਾ ਗਿਆ ਹੈ ਕਿ ਜੇਕਰ ਇਸ ਤੇ ਕਾਬੂ ਨਹੀਂ ਪਾਇਆ ਗਿਆ ਤਾਂ ਇਹ ਵਾਇਰਸ ਵਾਂਗ ਤੇਜ਼ੀ ਨਾਲ ਫੈਲੇਗੀ ਅਤੇ ਪੂਰੇ ਦੇ ਪੂਰੇ ਪਿੰਡਾਂ ਦੇ ਵਿੱਚ ਦੁਧਾਰੂ ਪਸ਼ੂਆਂ ਦੀਆਂ ਮੌਤਾਂ ਹੋ ਜਾਣਗੀਆਂ, ਜਿਸ ਨੂੰ ਫਿਰ ਡਾਕਟਰ ਵੀ ਨਹੀਂ ਬਚਾ ਸਕਣਗੇ।
ਕਿਉਂ ਫੈਲ ਰਹੀ ਬਿਮਾਰੀ: ਦਰਅਸਲ ਇਹਨਾਂ ਪਿੰਡਾਂ ਵਿੱਚ ਜੋ ਬਿਮਾਰੀ ਫੈਲ ਰਹੀ ਹੈ ਉਹ ਕੋਈ ਨਵੀਂ ਬਿਮਾਰੀ ਨਹੀਂ ਹੈ ।ਲੁਧਿਆਣਾ ਦੇ ਗੁਰੂ ਅੰਗਦ ਦੇਵ ਵੈਟਨਰੀ ਐਨੀਮਲ ਸਾਇੰਸ ਯੂਨੀਵਰਸਿਟੀ ਮੈਡੀਕਲ ਵਿਭਾਗ ਦੇ ਮੁਖੀ ਡਾਕਟਰ ਅਸ਼ਵਨੀ ਕੁਮਾਰ ਨੇ ਕਿਹਾ ਕਿ ਇਹ ਗਲ ਘੋਟੂ ਬਿਮਾਰੀ ਹੀ ਹੈ ,ਜਿਸ ਨਾਲ ਪਸ਼ੂਆਂ ਦੀ ਇਨੀ ਵੱਡੀ ਤਾਦਾਦ ਦੇ ਵਿੱਚ ਮੌਤ ਹੋ ਰਹੀ ਹੈ । ਉਹਨਾਂ ਕਿਹਾ ਕਿ ਸਰਦੀਆਂ ਦੇ ਵਿੱਚ ਅਕਸਰ ਹੀ ਪਸ਼ੂ ਤਨਾਅ ਦੇ ਵਿੱਚ ਆ ਜਾਂਦੇ ਹਨ ।ਜਿਸ ਕਰਕੇ ਉਹਨਾਂ ਨੂੰ ਗਲ ਘੋਟੂ ਬਿਮਾਰੀ ਲੱਗ ਜਾਂਦੀ ਹੈ ਅਤੇ ਇਹ ਬਿਮਾਰੀ ਸਾਹ ਦੇ ਨਾਲ ਅੱਗੇ ਤੋਂ ਅੱਗੇ ਫੈਲਦੀ ਹੈ। ਜਿਸ ਨਾਲ ਇੱਕ ਤੋਂ ਬਾਅਦ ਇੱਕ ਇਹ ਬਿਮਾਰੀ ਦੂਜੇ ਪਸ਼ੂਆਂ ਨੂੰ ਲੱਗਦੀ ਹੈ ਅਤੇ ਉਹਨਾਂ ਦੀ ਮੌਤ ਹੋ ਜਾਂਦੀ ਹੈ। ਇਸ ਨੂੰ ਐਚ ਐਸ ਬੈਕਟੀਰੀਆ ਦਾ ਨਾਂ ਵੀ ਦਿੱਤਾ ਜਾਂਦਾ ਹੈ। ਉਹਨਾਂ ਕਿਹਾ ਕਿ ਬਠਿੰਡਾ ਦੇ ਵਿੱਚ ਜੋ ਪਸ਼ੂਆਂ ਦੀ ਮੌਤ ਹੋਈ ਹੈ ।ਉਸ ਨੂੰ ਇਸ ਬਿਮਾਰੀ ਦੇ ਨਾਲ ਵੀ ਜੋੜ ਕੇ ਜ਼ਰੂਰ ਦੇਖਣਾ ਚਾਹੀਦਾ ਹੈ। ਇਸ ਤੋਂ ਇਲਾਵਾ ਇੱਕ ਹੋਰ ਬਿਮਾਰੀ ਮੂੰਹ ਖੁੱਲ੍ਹ ਦੀ ਚੱਲ ਰਹੀ ਹੈ ਜਿਸ ਦੀ ਵਿਭਾਗ ਵਲੋਂ ਪੁਸ਼ਟੀ ਵੀ ਕੀਤੀ ਹੈ ਚੁੱਕੀ ਹੈ। ਉਹ ਬਿਮਾਰੀ ਵੀ ਪਸ਼ੂਆਂ 'ਚ ਤਨਾਅ ਵੱਧ ਜਾਣ ਕਰਕੇ ਫੈਲ ਰਹੀ ਹੈ। ਮੁੱਖ ਤੌਰ 'ਤੇ ਲਗਤਾਰ ਪੈ ਰਹੀ ਠੰਢ ਹੀ ਇਸ ਦਾ ਕਾਰਨ ਹੈ। ਪਸ਼ੂ ਜਿਆਦਾ ਠੰਢ ਹੋਣ ਦੇ ਨਾਲ ਤਨਾਅ 'ਚ ਆ ਜਾਂਦੇ ਨੇ, ਖਾਸ ਕਰਕੇ ਛੋਟੇ ਅਤੇ ਬਜ਼ੁਰਗ ਪਸ਼ੂਆਂ 'ਤੇ ਇਸ ਦਾ ਜਿਆਦਾ ਅਸਰ ਹੁੰਦਾ ਹੈ। ਛੋਟੇ ਪਸ਼ੂਆਂ ਨੂੰ ਨਿਮੋਨੀਆ ਵੀ ਹੋ ਸਕਦਾ ਹੈ।
ਕੀ ਕਰਨ ਕਿਸਾਨ ?: ਮਾਹਿਰ ਡਾਕਟਰ ਅਸ਼ਵਨੀ ਕੁਮਾਰ ਨੇ ਕਿਹਾ ਕਿ ਸਾਨੂੰ ਪਸ਼ੂਆਂ ਨੂੰ ਤਨਾਅ ਤੋਂ ਬਚਾਉਣ ਦੀ ਲੋੜ ਹੈ। ਪਸ਼ੂਆਂ ਦੀ ਖੁਰਾਕ 'ਚ ਵਾਧਾ ਕਰਨ ਦੀ ਲੋੜ ਹੈ। ਪਸ਼ੂਆਂ ਨੂੰ ਆਪਣੇ ਸਰੀਰ 'ਚ ਗਰਮੀ ਬਣਾਉਣ ਦੇ ਲਈ ਵੱਧ ਖੁਰਾਕ ਦੀ ਲੋੜ ਪੈਂਦੀ ਹੈ। ਉਨ੍ਹਾਂ ਕਿਹਾ ਕਿ ਗਲ ਘੋਟੂ ਦਾ ਟੀਕਾਕਰਨ ਬਹੱਦ ਜਰੂਰੀ ਹੈ ।ਸਾਲ 'ਚ ਘੱਟੋ-ਘੱਟ 2 ਵਾਰ ਟੀਕਾਕਰਨ ਕਰਵਾਉਣ ਦੀ ਲੋੜ ਹੈ। ਇੱਕ ਅਕਤੂਬਰ 'ਚ ਠੰਡ ਸ਼ੁਰੂ ਹੋਣ ਤੋਂ ਪਹਿਲਾਂ ਦੂਜਾ ਜੂਨ ਜੁਲਾਈ 'ਚ ਬਰਸਾਤ ਸ਼ੁਰੂ ਹੋਣ ਤੋਂ ਪਹਿਲਾਂ। ਉਨ੍ਹਾਂ ਕਿਹਾ ਕਿ ਇਹ ਇਕ ਮਾਤਰ ਇਸ ਦਾ ਇਲਾਜ ਹੈ ਨਹੀਂ ਤਾਂ ਕੋਈ ਡਾਕਟਰ ਵੀ ਪਸ਼ੂਆਂ ਨੂੰ ਬਚਾਅ ਨਹੀਂ ਸਕਦਾ। ਡਾਕਟਰ ਨੇ ਕਿਹਾ ਕਿ ਗਲ ਘੋਟੂ ਦੇ ਨਾਲ ਬਹੁਤ ਜਿਆਦਾ ਮੌਤਾਂ ਹੁੰਦੀਆਂ ਨੇ ਕਈ ਵਾਰ ਪਸ਼ੂ ਖੜੇ ਹੀ ਡਿੱਗ ਜਾਂਦੇ ਹਨ। ਉਨ੍ਹਾਂ ਕਿਹਾ ਕਿ ਇਸ ਦਾ ਖਾਸ ਧਿਆਨ ਰੱਖਣ ਦੀ ਲੋੜ ਹੈ। ਪਸ਼ੂਆਂ ਦਾ ਦਾਣਾ ਵਧਾਇਆ ਜਾਵੇ। ਉਨ੍ਹਾਂ ਕਿਹਾ ਕਿ ਕਮਜ਼ੋਰ ਪਸ਼ੂ ਨੂੰ ਨਿਮੋਨੀਆ ਬਹੁਤ ਜਲਦੀ ਹੁੰਦਾ ਹੈ । ਇਸ ਲਈ ਬਿਮਾਰੀਆਂ ਦੇ ਨਾਲ ਵਾਇਰਸ ਦੇ ਨਾਲ ਲੜਨ ਲਈ ਸਮਰੱਥਾ ਬਣਾਉਣ ਦੇ ਲਈ ਦਾਣਾ ਜਿਆਦਾ ਦੇਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਜਦੋਂ ਪਾਰਾ 10 ਡਿਗਰੀ ਤੋਂ ਹੇਠਾਂ ਚਲਾ ਜਾਂਦਾ ਹੈ ਉਦੋਂ ਪਸ਼ੂਆਂ ਨੂੰ ਤਨਾਅ ਤੋਂ ਮੁਕਤ ਰੱਖਣ ਦੀ ਲੋੜ ਹੈ।