ਲੁਧਿਆਣਾ: ਪਿੰਡ ਢੀਂਡਸਾ ਦਾ ਫੌਜੀ ਜਵਾਨ ਪਲਵਿੰਦਰ ਸਿੰਘ ਜੋ ਕਾਰਗਿਲ 'ਚ ਡਿਊਟੀ ਦੌਰਾਨ ਲਾਪਤਾ ਹੋ ਗਿਆ ਸੀ, ਉਸ ਦੀ ਮ੍ਰਿਤਕ ਦੇਹ ਕੱਲ੍ਹ ਦਰਾਸ ਦਰਿਆ ਵਿੱਚੋਂ ਮਿਲੀ, ਜਿਸ ਦਾ ਅੰਤਿਮ ਸਸਕਾਰ ਅੱਜ ਸਰਕਾਰੀ ਸਨਮਾਨਾਂ ਨਾਲ ਦੋਰਾਹਾ ਦੇ ਪਿੰਡ ਰਾਮਪੁਰ ਕੀਤਾ ਗਿਆ। ਜਿਸ ਦੌਰਾਨ ਫ਼ੂਡ ਸਪਲਾਈ ਮੰਤਰੀ ਭਾਰਤ ਭੂਸ਼ਨ ਨੇ ਸ਼ਰਧਾਂਜਲੀ ਦਿੱਤੀ ਅਤੇ ਪਰਿਵਾਰ ਦੇ ਦੁੱਖ 'ਚ ਸ਼ਾਮਲ ਹੋਏ।
ਪਲਵਿੰਦਰ ਸਿੰਘ ਦੇ ਭਰਾ ਜਗਪ੍ਰੀਤ ਸਿੰਘ ਨੇ ਦੱਸਿਆ ਕਿ ਬੀਤੀ 22 ਜੂਨ ਨੂੰ ਪਲਵਿੰਦਰ ਸਿੰਘ ਆਪਣੇ ਇੱਕ ਹੋਰ ਅਫ਼ਸਰ ਨਾਲ ਜੀਪ ’ਤੇ ਜਾ ਰਿਹਾ ਸੀ ਕਿ ਜੀਪ ਦਰਾਸ ਦਰਿਆ ਵਿੱਚ ਡਿੱਗ ਗਈ ਸੀ। ਉਸ ਨੇ ਦੱਸਿਆ ਕਿ 3-4 ਦਿਨਾਂ ਬਾਅਦ ਜਿਪਸੀ ਤਾਂ ਦਰਿਆ 'ਚੋ ਬਾਹਰ ਕੱਢ ਲਈ ਗਈ ਸੀ ਪਰ ਉਨ੍ਹਾਂ ਦੇ ਭਰਾ ਦੀ ਲਾਸ਼ ਨਹੀਂ ਮਿਲੀ ਸੀ, ਜਿਸ ਦੀ ਲਾਸ਼ ਕੱਲ੍ਹ ਕਰੀਬ 17 ਦਿਨਾਂ ਬਾਅਦ ਦਰਾਸ ਦਰਿਆ ਵਿੱਚੋਂ ਮਿਲੀ ਹੈ।
ਜਗਪ੍ਰੀਤ ਸਿੰਘ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਦੇ ਭਰਾ ਕਾਰਗਿਲ 'ਚ ਡਿਊਟੀ ਦੌਰਾਨ ਹੀ ਸ਼ਹੀਦ ਹੋਏ ਹਨ, ਇਸ ਲਈ ਸਰਕਾਰ ਪਲਵਿੰਦਰ ਸਿੰਘ ਨੂੰ ਸ਼ਹੀਦ ਦਾ ਦਰਜਾ ਦੇ ਕੇ ਮਾਣ 'ਚ ਵਾਧਾ ਕੀਤਾ ਜਾਵੇ।