ਲੁਧਿਆਣਾ:ਅੱਜ ਸੋਸ਼ਲ ਮੀਡੀਆ ਸਟਾਰ ਜਸਨੀਤ ਕੌਰ ਨੂੰ ਬਲੈਕਮੇਲਿੰਗ ਦੇ ਮਾਮਲੇ ਵਿਚ ਮਾਣਯੋਗ ਲੁਧਿਆਣਾ ਦੀ ਜ਼ਿਲ੍ਹਾ ਅਦਾਲਤ ਵਿਚ ਪੇਸ਼ ਕੀਤਾ ਗਿਆ। ਜਿੱਥੇ ਉਸ ਨੂੰ 14 ਦਿਨ ਦੀ ਜੁਡੀਸ਼ੀਅਲ ਰਿਮਾਂਡ 'ਤੇ ਭੇਜ ਦਿੱਤਾ ਗਿਆ ਹੈ। 24 ਤਰੀਕ ਨੂੰ ਜਸਨੀਤ ਕੌਰ ਦੀ ਉਸ ਦੀ ਮੁੜ ਪੇਸ਼ੀ ਹੋਵੇਗੀ। ਹਰਕਮਲ ਸਿੰਘ ਨੇ ਇਸਦੀ ਪੁਸ਼ਟੀ ਕੀਤੀ ਹੈ ਜੋ ਕਿ ਪੀੜਤ ਪੱਖ ਦੇ ਵਕੀਲ ਹਨ। ਇਸ ਦੇ ਨਾਲ ਹੀ ਉਨ੍ਹਾਂ ਹੋਰ ਵੀ ਕਈ ਖੁਲਾਸੇ ਕੀਤੇ ਹਨ।
ਵਕੀਲ ਨੇ ਕੀਤੇ ਖੁਲਾਸੇ:ਵਕੀਲ ਹਰਕਮਲ ਨੇ ਦੱਸਿਆ ਹੈ ਕਿ ਹੋਬੀ ਧਾਲੀਵਾਲ ਨਾਲ ਵੀ ਉਸ ਦੇ ਲਿੰਕ ਸਾਹਮਣੇ ਆਏ ਹਨ। ਉਨ੍ਹਾਂ ਦੱਸਿਆ ਕਿ ਇਕ ਹਲਫ਼ੀਆ ਬਿਆਨ ਸਾਡੇ ਕੋਲ ਆਇਆ ਹੈ ਜਿਸ ਦੇ ਵਿਚ ਜਸਨੀਤ ਨੂੰ ਫਿਲਮ ਅਦਾਕਾਰ ਹੋਬੀ ਧਾਲੀਵਾਲ ਵੱਲੋਂ 5 ਲੱਖ ਰੁਪਏ ਦਿੱਤੇ ਗਏ ਸੀ। ਫਿਲਮਾਂ ਵਿੱਚ ਕੰਮ ਦਿਵਾਉਣ ਲਈ ਇਹ ਰਕਮ ਦਿੱਤੀ ਗਈ ਸੀ। ਇਹ ਲੈਣ ਦੇਣ ਪਿੱਛੇ ਹੋਰ ਕੀ ਕਾਰਨ ਹਨ। ਇਸ ਸਬੰਧੀ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਕੋਟ ਦੇ ਵਿੱਚ ਪੇਸ਼ ਹੋਣ ਦੇ ਦੌਰਾਨ ਜਸਨੀਤ ਨੇ ਜ਼ਿਆਦਾ ਗੱਲਬਾਤ ਨਹੀਂ ਕੀਤੀ ਪਰ ਇੰਨਾ ਜ਼ਰੂਰ ਕਿਹਾ ਕਿ ਉਹ ਬੇਕਸੂਰ ਹੈ ਉਸ ਨੂੰ ਫਸਾਇਆ ਜਾ ਰਿਹਾ ਹੈ।
ਹੁਣ ਤੱਕ ਕੀ ਆਇਆ ਸਾਹਮਣੇ:ਵਕੀਲ ਨੇ ਦੱਸਿਆ ਕਿ ਜੋ ਹੁਣ ਤੱਕ ਸਾਹਮਣੇ ਆਇਆ ਹੈ ਕਿ ਜਸਨੀਤ ਕੌਰ ਲੜਕੀ ਦਾ ਅਸਲ ਨਾਮ ਰਾਜਵੀਰ ਕੌਰ ਹੈ। ਇਸ ਉਤੇ ਸਿਟੀ ਖਰੜ ਥਾਣੇ ਵਿੱਚ ਵੀ ਕੇਸ ਦਰਜ ਹਨ। ਜਿਸ ਕੇਸ ਵਿੱਚ ਉਹ ਜੇਲ੍ਹ ਜਾ ਕੇ ਆਈ ਹੈ ਅਤੇ ਉਹ ਜਮਾਨਤ ਉਤੇ ਬਾਹਰ ਹੈ। ਵਕੀਲ ਨੇ ਦੱਸਿਆ ਕਿ ਜਸਨੀਤ ਕੌਰ ਆਪਣੇ ਸਾਥੀਆਂ ਨਾਲ ਮਿਲ ਕੇ ਲੋਕਾਂ ਨੂੰ ਬਲੈਕਮੇਲ ਕਰਦੀ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿੱਚ ਗੈਂਗਸਟਰ ਆਦਿ ਦੇ ਨਾਂ ਵੀ ਸਾਹਮਣੇ ਆ ਸਕਦੇ ਹਨ ਜਿਸ ਦੀ ਜਾਂਚ ਕੀਤੀ ਜਾ ਰਹੀ ਹੈ ਜਿਸ ਤੋਂ ਬਾਅਦ ਹੋਰ ਵੀ ਖੁਲਾਸੇ ਹੋਣ ਦੀ ਉਮੀਦ ਹੈ। ਵਕੀਲ ਨੇ ਦੱਸਿਆ ਕਿ ਜਸਨੀਤ ਕੌਰ ਦਾ ਇਕ ਐਫੀਡੇਵਿਟ ਸਾਹਮਣੇ ਆਇਆ ਹੈ ਜਿਸ ਵਿੱਚ ਕਿਹਾ ਗਿਆ ਹੈ ਕਿ ਜਸਨੀਤ ਕੌਰ ਹੌਬੀ ਧਾਲੀਵਾਲ ਤੋਂ ਇਹ 5 ਲੱਖ ਰੁਪਏ ਲੈ ਚੁੱਕੀ ਹੈ ਇਹ ਕਿਸ ਗੱਲ ਦੇ ਪੈਸੇ ਲਏ ਹਨ। ਇਹ ਜਾਂਚ ਦਾ ਵਿਸ਼ਾ ਹੈ।