ਗੁੱਗੁੂ ਗਿੱਲ ਨੇ ਸੁਰਿੰਦਰ ਸ਼ਿੰਦਾ ਨੂੰ ਯਾਦ ਕਰਦਿਆ ਕਿਹਾ- ਅੱਜ ਦੇ ਦਿਨ ਹੀ 1983 ਵਿੱਚ ਸਾਡੀ ਫਿਲਮ ਪੁੱਤ ਜੱਟਾਂ ਦੇ ਰਿਲੀਜ਼ ਹੋਈ ਸੀ
ਲੁਧਿਆਣਾ: ਬੀਤੇ ਦਿਨੀ ਬਿਮਾਰੀ ਨਾਲ ਜੂਝਦੇ ਹੋਏ ਪੰਜਾਬ ਦੇ ਸ਼੍ਰੋਮਣੀ ਗਾਇਕ ਸੁਰਿੰਦਰ ਸ਼ਿੰਦਾ ਨੇ ਲੁਧਿਆਣਾ ਦੇ ਡੀਐੱਮਸੀ ਹਪਸਤਾਲ ਵਿੱਚ ਦਮ ਤੋੜ ਦਿੱਤਾ ਸੀ। ਇਸ ਤੋਂ ਬਾਅਦ ਅੰਤਿਮ ਸਸਕਾਰ ਅਤੇ ਰਸਮਾਂ ਲਈ ਪਰਿਵਾਰ ਨੇ 29 ਜੁਲਾਈ ਦਾ ਸਮਾਂ ਚੁਣਿਆ ਸੀ ਅਤੇ ਅੱਜ ਫੁੱਲਾਂ ਨਾਲ ਸਜੇ ਟਰੱਕ ਵਿੱਚ ਉਨ੍ਹਾਂ ਦੀ ਆਖਰੀ ਯਾਤਰਾ ਕੱਢੀ ਗਈ। ਸ਼ਿੰਦਾ ਨੂੰ ਵੇਖਣ ਲਈ ਉਨ੍ਹਾਂ ਦੇ ਸਮਰਥਕ ਵੱਡੀ ਗਿਣਤੀ ਵਿੱਚ ਪਰਿਵਾਰਕ ਮੈਂਬਰਾ ਦੇ ਨਾਲ ਮੌਜੂਦ ਰਹੇ। ਦੱਸ ਦਈਏ ਰੱਕ ਦੇ ਅੱਗੇ ਸ਼ਿੰਦਾ ਦੀ ਤਸਵੀਰ ਵੀ ਲਗਾਈ ਗਈ ਹੈ। ਸ਼ਿੰਦਾ ਦੇ ਸਮਰਥਕ ਉਨ੍ਹਾਂ ਨੂੰ ਆਖਰੀ ਵਾਰ ਅੱਜ ਦੇਖ ਸਕਣ।
ਸੰਸਾਰਕ ਯਾਤਰਾ ਕੀਤੀ ਪੂਰੀ: ਦੱਸ ਦਈਏ ਸੁਰੀਲੀ ਆਵਾਜ਼ ਦੇ ਮਾਲਕ ਅਤੇ ਮਸ਼ਹੂਰ ਪੰਜਾਬੀ ਗਾਇਕ ਸੁਰਿੰਦਰ ਸ਼ਿੰਦਾ ਦਾ ਬੀਤੇ ਬੁੱਧਵਾਰ ਸਵੇਰੇ ਲੱਗਭਗ 6.30 ਵਜੇ ਲੁਧਿਆਣਾ ਦੇ ਡੀਐੱਮਸੀ ਵਿੱਚ ਦੇਹਾਂਤ ਹੋ ਗਿਆ ਸੀ। ਇਹ ਜਾਣਕਾਰੀ ਉਨ੍ਹਾਂ ਦੇ ਸਪੁੱਤਰ ਮਨਿੰਦਰ ਸ਼ਿੰਦਾ ਨੇ ਦਿੱਤੀ ਸੀ। ਜ਼ਿਕਰਯੋਗ ਹੈ ਕਿ ਮਰਹੂਮ ਸ਼ਿੰਦਾ ਪਿਛਲੇ ਕਈ ਦਿਨਾਂ ਤੋਂ ਬਿਮਾਰ ਸਨ। ਪਹਿਲਾਂ ਉਨ੍ਹਾਂ ਨੂੰ ਦੀਪ ਹਸਪਤਾਲ ਲੁਧਿਆਣਾ ਵਿਖੇ ਦਾਖਲ ਕਰਵਾਇਆ ਗਿਆ ਸੀ ਅਤੇ ਉਸ ਤੋਂ ਬਾਅਦ ਕੁਝ ਦਿਨ ਪਹਿਲਾਂ ਉਨ੍ਹਾਂ ਨੂੰ ਡੀਐੱਮਸੀ ਦਾਖਲ ਕਰਵਾਇਆ ਗਿਆ ਸੀ। ਉਹ ਕਾਫੀ ਲੰਬੇ ਸਮੇਂ ਤੋਂ ਬਿਮਾਰ ਚੱਲ ਰਹੇ ਸਨ, ਪਹਿਲਾਂ ਉਹਨਾਂ ਦਾ ਇੱਕ ਨਿੱਜੀ ਹਸਪਤਾਲ ਦੇ ਵਿੱਚ ਇਲਾਜ ਹੋਇਆ ਜਿਸ ਤੋਂ ਬਾਅਦ ਦੀਪ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਸੀ। ਇਸ ਤੋਂ ਮਗਰੋਂ ਲੁਧਿਆਣਾ ਦੇ ਡੀ.ਐੱਮ.ਸੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਲੁਧਿਆਣਾ ਦੇ ਡੀਐਮਸੀ ਹਸਪਤਾਲ ਵਿੱਚ ਉਹਨਾਂ ਨੇ ਆਖਰੀ ਸਾਹ ਲਏ।
ਪੰਜਾਬੀ ਅਦਾਕਾਰ ਹੌਬੀ ਧਾਲੀਵਾਲ ਨੇ ਕਿਹਾ ਕਿ ਉਨ੍ਹਾਂ ਦੀ ਥਾਂ ਪੰਜਾਬੀ ਇੰਡਸਟਰੀ ਵਿੱਚ ਕੋਈ ਨਹੀਂ ਲੈ ਸਕਦਾ
ਪੰਜਾਬੀ ਅਦਾਕਾਰ ਗੁੱਗੂ ਗਿੱਲ ਨੇ ਕਿਹਾ ਕਿ ਸਾਡੇ ਨਾਲ ਭਰਾਵਾਂ ਵਾਲਾ ਰਿਸ਼ਤਾ ਸੀ। ਅੱਜ ਦੇ ਦਿਨ ਹੀ 1983 ਵਿੱਚ ਸਾਡੀ ਫਿਲਮ ਪੁੱਤ ਜੱਟਾਂ ਦੇ ਰਿਲੀਜ਼ ਹੋਈ ਸੀ। ਗੁੱਗੂ ਗਿੱਲ ਨੇ ਕਿਹਾ ਕਿ ਸੁਰਿੰਦਰ ਸ਼ਿੰਦਾ ਦਾ ਜਾਣਾ, ਨਾ ਪੂਰਾ ਹੋਣ ਵਾਲਾ ਘਾਟਾ ਹੈ। ਉਨ੍ਹਾਂ ਕਿਹਾ ਇਸ ਤਰ੍ਹਾਂ ਅਚਾਨਕ ਜਾਣਾ ਬਹੁਤ ਹੈਰਾਨ ਅਤੇ ਦੁੱਖ ਦੇਣ ਵਾਲਾ ਹੈ। ਉਨ੍ਹਾਂ ਕਿਹਾ ਮੇਰੀ ਆਖਰੀ ਮੁਲਾਕਾਤ ਜਲੰਧਰ ਵਿੱਚ ਜੱਟ ਜਿਊਣਾ ਮੌੜ ਓਟੀਟੀ ਵਿੱਚ ਰਿਲੀਜ਼ ਕਰਨ ਮੌਕੇ ਹੋਈ ਸੀ। ਉਨ੍ਹਾਂ ਦਾ ਸੁਭਾਅ ਹਾਸਾ-ਮਜ਼ਾਕ ਕਰਨ ਵਾਲਾ ਸੀ। ਗੁੱਗੂ ਗਿੱਲ ਨੇ ਕਿਹਾ ਕਿ ਉਨ੍ਹਾਂ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ।
ਉੱਥੇ ਹੀ, ਮਰਹੂਮ ਸੁਰਿੰਦਰ ਸ਼ਿੰਦਾ ਦੇ ਅੰਤਿਮ ਸਸਕਾਰ ਮੌਕੇ ਪਹੁੰਚੇ ਪੰਜਾਬੀ ਅਦਾਕਾਰ ਹੌਬੀ ਧਾਲੀਵਾਲ ਨੇ ਕਿਹਾ ਕਿ ਸ਼ਿੰਦਾ ਨਾਲ ਮੇਰੀ ਮਾਰਚ ਵਿੱਚ ਆਖਰੀ ਮੁਲਾਕਾਤ ਹੋਈ। ਮੈ ਉਸ ਸਮੇਂ ਸ਼ੂਟਿੰਗ ਲਈ ਇੱਥੇ ਸੀ। ਉਨ੍ਹਾਂ ਕਿਹਾ ਮੈ ਉਨ੍ਹਾਂ ਦੀ ਗਾਇਕੀ ਤੋਂ ਬਹੁਤ ਪ੍ਰਭਾਵਿਤ ਸੀ ਤੇ ਅੱਗੇ ਵੀ ਰਹਾਂਗਾ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਜਾਣਾ ਇੱਕ ਨਾ ਪੂਰਾ ਹੋਣ ਵਾਲਾ ਘਾਟਾ ਹੈ, ਰੱਬ ਅਗੇ ਕਿਸੇ ਦੀ ਪੇਸ਼ ਨਹੀਂ ਚੱਲਦੀ। ਰੱਬ ਉਨ੍ਹਾਂ ਨੂੰ ਅਪਣੇ ਚਰਨਾਂ ਵਿੱਚ ਨਿਵਾਸ ਬਖ਼ਸ਼ੇ।
ਸ਼੍ਰੋਮਣੀ ਗਾਇਕ ਸੁਰਿੰਦਰ ਸ਼ਿੰਦਾ ਦੇ ਚਾਹੁਣ ਵਾਲਿਆਂ ਦੀਆਂ ਅੱਖਾਂ ਨਮ ਭੰਗੜੇ ਦਾ ਬਾਦਸ਼ਾਹ: ਸੁਰਿੰਦਰ ਸ਼ਿੰਦਾ, ਜਿਸਨੂੰ "ਭੰਗੜੇ ਦਾ ਬਾਦਸ਼ਾਹ" ਵੀ ਕਿਹਾ ਜਾਂਦਾ ਹੈ। ਜੋ ਕਿ ਇੱਕ ਮਸ਼ਹੂਰ ਪੰਜਾਬੀ ਗਾਇਕ, ਗੀਤਕਾਰ ਅਤੇ ਅਦਾਕਾਰ ਸੀ। ਆਪਣੀ ਦਮਦਾਰ ਆਵਾਜ਼ ਅਤੇ ਦਮਦਾਰ ਪ੍ਰਦਰਸ਼ਨ ਨਾਲ ਸੁਰਿੰਦਰ ਸ਼ਿੰਦਾ ਪੰਜਾਬੀ ਮਿਊਜ਼ਿਕ ਇੰਡਸਟਰੀ ਵਿੱਚ ਇੱਕ ਪ੍ਰਮੁੱਖ ਹਸਤੀ ਬਣ ਗਏ ਹਨ। ਉਨ੍ਹਾਂ ਨੇ ਆਪਣੇ ਸੰਗੀਤਕ ਜੀਵਨ ਦੀ ਸ਼ੁਰੂਆਤ ਸਾਲ 1970 'ਚ ਕੀਤੀ ਸੀ ਅਤੇ ਆਪਣੀ ਵਿਲੱਖਣ ਗਾਇਕੀ ਸ਼ੈਲੀ ਲਈ ਜਲਦ ਹੀ ਮਾਨਤਾ ਪ੍ਰਾਪਤ ਕਰ ਲਈ।