ਲੁਧਿਆਣਾ:ਪੰਜਾਬ ਸਰਕਾਰ ਵੱਲੋਂ ਬੀਤੇ ਕੁੱਝ ਮਹੀਨਿਆਂ ਦੇ ਦੌਰਾਨ ਵੱਖ-ਵੱਖ ਬੈਚ ਵਿੱਚ ਸਰਕਾਰੀ ਸਕੂਲ ਦੇ ਪ੍ਰਿੰਸੀਪਲ ਨੂੰ ਸਿੰਗਾਪੁਰ ਵਿਖੇ ਸਿੱਖਿਆ ਮਾਡਲ ਹਾਸਿਲ ਕਰਨ ਲਈ ਭੇਜਿਆ ਜਾ ਰਿਹਾ ਹੈ। ਇਸੇ ਦੇ ਤਹਿਤ ਲੁਧਿਆਣਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਿੱਚ ਚੱਲ ਰਹੇ ਲੁਧਿਆਣਾ ਦੇ ਸਭ ਤੋਂ ਵੱਡੇ ਸੀਨੀਅਰ ਸੈਕੈਂਡਰੀ ਸਰਕਾਰੀ ਸਕੂਲ ਦੀ ਪ੍ਰਿੰਸੀਪਲ ਬਲਵਿੰਦਰ ਕੌਰ ਵੱਲੋਂ ਸਿੰਘਾਪੁਰ ਵਿਖੇ ਵੇਖੇ ਗਏ ਬੋਟਨੀਕਲ ਗਾਰਡਨ (Botanical Garden) ਦਾ ਮਾਡਲ ਆਪਣੇ ਸਕੂਲ ਦੇ ਵਿੱਚ ਵੀ ਅਪਲਾਈ ਕੀਤਾ ਜਾ ਰਿਹਾ ਹੈ, ਉਹਨਾਂ ਵੱਲੋਂ ਸਕੂਲ ਦੇ ਬੱਚਿਆਂ ਨੂੰ ਬਾਗਬਾਨੀ ਸਿਖਾਈ ਜਾ ਰਹੀ ਹੈ ਅਤੇ ਸਕੂਲ ਦੇ ਵਿਦਿਆਰਥੀਆਂ ਵੱਲੋਂ ਬਹੁਤ ਹੀ ਸੋਹਣੀ ਬਗੀਚੀ ਵੀ ਬਣਾਈ ਗਈ ਹੈ।
ਵਿਦਿਆਰਥੀ ਸਿੱਖ ਰਹੇ ਬਾਗਬਾਨੀ: ਰੰਗ-ਬਿਰੰਗੇ ਫੁੱਲਾਂ ਦੇ ਬੂਟੇ ਖੁਦ ਬੱਚੇ ਲਾਉਂਦੇ ਹਨ ਅਤੇ ਉਹਨਾਂ ਦੀ ਦੇਖਭਾਲ ਵੀ ਕਰਦੇ ਹਨ। ਜਿਸ ਨਾਲ ਆਪਣੇ ਵਾਤਾਵਰਣ ਨੂੰ ਬਚਾਉਣ ਅਤੇ ਵੱਧ ਤੋਂ ਵੱਧ ਬੂਟੇ ਲਾਉਣ ਦਾ ਵੀ ਇੱਕ ਚੰਗਾ ਸੁਨੇਹਾ ਵਿਦਿਆਰਥੀਆਂ ਦੇ ਵਿੱਚ ਜਾਂਦਾ ਹੈ, ਜਿਸ ਤੋਂ ਵਿਦਿਆਰਥੀ ਕਾਫੀ ਪ੍ਰਭਾਵਿਤ ਹੋ ਰਹੇ ਨੇ ਇਸ ਦੇ ਨਾਲ ਹੀ ਸਕੂਲ ਦਾ ਵਾਤਾਵਰਣ ਵੀ ਬਦਲ ਰਿਹਾ ਹੈ ਸਕੂਲ ਦੀ ਦਿੱਖ ਦੇ ਵਿੱਚ ਵੀ ਵੱਡੇ ਬਦਲਾਅ ਵੇਖਣ ਨੂੰ ਮਿਲ ਰਹੇ ਹਨ। ਸਕੂਲ ਦੇ ਵਿਦਿਆਰਥੀਆਂ ਨੇ ਕਿਹਾ ਕਿ ਉਹਨਾਂ ਦਾ ਵਿਸ਼ੇਸ਼ ਤੌਰ ਉੱਤੇ ਬੋਟਨੀ ਦਾ ਇੱਕ ਪਿਰਡ ਵੀ ਹੁੰਦਾ ਹੈ। ਜਿਸ ਵਿੱਚ ਉਹਨਾਂ ਨੂੰ ਬਾਗਬਾਨੀ ਬਾਰੇ ਬੂਟਿਆਂ ਦੀ ਫੁੱਲਾਂ ਦੀ ਵੱਖ-ਵੱਖ ਕਿਸਮਾਂ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ।
ਸਕੂਲ ਦੀ ਪ੍ਰਿੰਸੀਪਲ ਨੇ ਕਿਹਾ ਹੈ ਸਕੂਲ ਦੀ ਦਿੱਖ ਬਦਲਣ ਦੇ ਨਾਲ ਇਸ ਨਾਲ ਵਿਦਿਆਰਥੀਆਂ ਦੇ ਵਿੱਚ ਵੱਧ ਤੋਂ ਵੱਧ ਬੂਟੇ ਲਾਉਣ ਅਤੇ ਆਪਣਾ ਆਲਾ ਦੁਆਲਾ ਹਰਿਆ ਭਰਿਆ ਰੱਖਣ ਦੇ ਲਈ ਵੀ ਚੰਗਾ ਸੁਨੇਹਾ ਜਾਂਦਾ ਹੈ। ਉਹਨਾਂ ਕਿਹਾ ਕਿ ਸਾਡੇ ਬੱਚੇ ਹੀ ਸਾਡਾ ਭਵਿੱਖ ਹਨ ਅਤੇ ਇਹਨਾਂ ਨੂੰ ਹਰਿਆਲੀ ਦੇ ਨਾਲ ਆਪਣੇ ਵਾਤਾਵਰਣ ਚੌਗਿਰਦੇ ਦੇ ਨਾਲ ਮੋਹ ਹੋਣਾ ਬੇਹਦ ਜਰੂਰੀ ਹੈ ਕਿਉਂਕਿ ਇਹਨਾਂ ਦੇ ਨਾਲ ਹੀ ਸਾਡੇ ਆਉਣ ਵਾਲੇ ਸਮੇਂ ਦੇ ਵਿੱਚ ਪ੍ਰਦੂਸ਼ਣ ਤੋਂ ਮੁਕਤੀ ਮਿਲੇਗੀ। ਉਹਨਾਂ ਕਿਹਾ ਕਿ ਬੱਚੇ ਇੱਕ ਦੂਜੇ ਨੂੰ ਵੇਖ ਕੇ ਕਾਫੀ ਪ੍ਰਭਾਵਿਤ ਹੁੰਦੇ ਹਨ। ਫਿਲਹਾਲ ਸਕੂਲ ਵਿੱਚ ਇਹ ਗਾਰਡਨ ਤਿਆਰ ਕੀਤਾ ਗਿਆ ਹੈ, ਜਿਸ ਵਿੱਚ ਸਕੂਲ ਦੇ ਅਧਿਆਪਕਾਂ ਅਤੇ ਬਾਕੀ ਸਟਾਫ ਮੈਂਬਰਾਂ ਦੇ ਨਾਲ ਵਿਦਿਆਰਥੀਆਂ ਦਾ ਵੀ ਅਹਿਮ ਰੋਲ ਰਿਹਾ ਹੈ, ਜਿਨਾਂ ਨੇ ਖੁਦ ਆਪਣੇ ਹੱਥਾਂ ਦੇ ਨਾਲ ਇਹ ਬੂਟੇ ਲਗਾਏ ਹਨ ਅਤੇ ਇਹ ਪੂਰਾ ਗਾਰਡਨ ਤਿਆਰ ਕੀਤਾ ਹੈ।
ਵਿਸ਼ੇਸ਼ ਧਿਆਨ:ਸਕੂਲ ਦੇ ਵਿਦਿਆਰਥੀਆਂ ਨੇ ਵੀ ਕਿਹਾ ਕਿ ਉਹਨਾਂ ਵੱਲੋਂ ਸਕੂਲ ਦੇ ਵਿੱਚ ਬਾਗਬਾਨੀ ਕਰਨ ਦੇ ਵਿੱਚ ਕਾਫੀ ਉਤਸ਼ਾਹ ਮਿਲਦਾ ਹੈ। ਉਹਨਾਂ ਕਿਹਾ ਕਿ ਉਹ ਪੀਏਯੂ ਤੋਂ ਵੱਖ-ਵੱਖ ਫੁੱਲਾਂ ਦੇ ਬੂਟੇ ਨਰਸਰੀ ਵਿੱਚੋਂ ਲੈ ਕੇ ਆਉਂਦੇ ਹਨ ਅਤੇ ਇੱਥੇ ਲਿਆ ਕੇ ਲਾਉਂਦੇ ਹਨ, ਫਿਰ ਉਹਨਾਂ ਦੀ ਦੇਖਭਾਲ ਵੀ ਕਰਦੇ ਹਨ। ਉਹਨਾਂ ਵੱਲੋਂ ਬੂਟਿਆਂ ਦੇ ਵੱਖ-ਵੱਖ ਨਾਂ ਵੀ ਰੱਖੇ ਗਏ ਹਨ, ਕਈ ਕਿਸਮਾਂ ਦੇ ਫੁੱਲ ਉਹਨਾਂ ਵੱਲੋਂ ਲਗਾਏ ਗਏ ਹਨ, ਜਿਨਾਂ ਵਿੱਚ ਕੁਝ ਮੌਸਮੀ ਵੀ ਹਨ,ਕਈਆਂ ਦਾ ਵਿਸ਼ੇਸ਼ ਧਿਆਨ ਵੀ ਰੱਖਣਾ ਪੈਂਦਾ ਹੈ। ਉਹਨਾਂ ਕਿਹਾ ਹੈ ਕਿ ਤਰ੍ਹਾਂ ਪ੍ਰਦੂਸ਼ਣ ਦਾ ਪੱਧਰ ਲਗਾਤਾਰ ਵੱਧ ਰਿਹਾ ਹੈ। ਅਜਿਹੇ ਦੇ ਵਿੱਚ ਵਾਤਾਵਰਨ ਨੂੰ ਵੱਧ ਤੋਂ ਵੱਧ ਸਾਫ ਸੁਥਰਾ ਰੱਖਣ ਲਈ ਬੂਟੇ ਅਤੇ ਦਰੱਖਤ ਅਹਿਮ ਯੋਗਦਾਨ ਪਾਉਂਦੇ ਹਨ। ਉਹਨਾਂ ਕਿਹਾ ਕਿ ਸਾਡੇ ਸਕੂਲ ਦੇ ਵਿੱਚ ਹਜ਼ਾਰਾਂ ਵਿਦਿਆਰਥੀ ਪੜ੍ਹਦੇ ਹਨ ਜੇਕਰ ਇੱਕ-ਇੱਕ ਬੱਚਾ ਇੱਕ ਇੱਕ ਬੂਟਾ ਵੀ ਲਾਉਂਦਾ ਹੈ ਤਾਂ ਉਸ ਨਾਲ ਹਜ਼ਾਰਾਂ ਬੂਟੇ ਲੱਗ ਜਾਣਗੇ।