ਲੁਧਿਆਣਾ :ਸਿਮਰਜੀਤ ਬੈਂਸ ਵੱਲੋਂ ਬਰਨਾਲਾ ਜੇਲ੍ਹ ਤੋਂ ਰਿਹਾਅ ਹੋਣ ਤੋਂ ਬਾਅਦ ਲੁਧਿਆਣਾ ਪਹੁੰਚਣ ਉਤੇ ਆਪਣੇ ਹੀ ਅੰਦਾਜ਼ ਵਿੱਚ ਪ੍ਰੈੱਸ ਕਾਨਫਰੰਸ ਕੀਤੀ ਗਈ। ਇਸ ਤੋਂ ਪਹਿਲਾਂ ਸਿਮਰਜੀਤ ਬੈਂਸ ਦੇ ਲੁਧਿਆਣਾ ਪਹੁੰਚਣ ਉਤੇ ਉਨ੍ਹਾਂ ਦੇ ਸਮਰਥਕਾਂ ਵੱਲੋਂ ਜ਼ੋਰਦਾਰ ਸਵਾਗਤ ਕੀਤਾ ਗਿਆ। ਇਸ ਦੌਰਾਨ ਆਤਿਸ਼ਬਾਜੀ ਕੀਤੀ ਗਈ ਅਤੇ ਥਾਂ-ਥਾਂ ਉਤੇ ਸਿਮਰਜੀਤ ਬੈਂਸ ਦੇ ਕਾਫ਼ਲੇ ਨੂੰ ਰੋਕ ਕੇ ਉਨ੍ਹਾਂ ਦੇ ਹੁਕਮ ਵਿੱਚ ਸਿਰੋਪਾਓ ਪਾ ਕੇ ਉਨ੍ਹਾਂ ਦਾ ਸਵਾਗਤ ਕੀਤਾ ਗਿਆ। ਜੈਕਾਰਿਆਂ ਦੀ ਗੂੰਜ 'ਚ ਸਿਮਰਜੀਤ ਬੈਂਸ ਨੇ ਆਪਣੇ ਪੁਰਾਣੇ ਅੰਦਾਜ਼ ਵਿੱਚ ਪ੍ਰੈਸ ਕਾਨਫਰੰਸ ਕੀਤੀ। ਇਸ ਮੌਕੇ ਉਨ੍ਹਾਂ ਨੇ ਪੰਜਾਬ ਦੇ ਮੁੱਦੇ ਨਾਲ ਵੀ ਲੋਕ ਸਭਾ ਚੋਣਾਂ ਅਤੇ ਕਾਰਪੋਰੇਸ਼ਨ ਚੋਣਾਂ ਵਿਚ ਜ਼ੋਰਾਂ-ਸ਼ੋਰਾਂ ਨਾਲ ਹਿੱਸਾ ਲੈਣ ਦੀ ਗੱਲ ਕਹੀ। ਇਸ ਦੌਰਾਨ ਉਨ੍ਹਾਂ ਲੋੜ ਪੈਣ ਉਤੇ ਕਿਸੇ ਹੋਰ ਪਾਰਟੀ ਦੇ ਨਾਲ ਗੱਠਜੋੜ ਹੋਣ ਦੀ ਵੀ ਸੰਭਾਵਨਾ ਵੱਲ ਇਸ਼ਾਰਾ ਕੀਤਾ।
ਪੰਜਾਬ ਦੇ ਮੌਜੂਦਾ ਮੁੱਦੇ : ਜੇਲ੍ਹ ਤੋਂ ਰਿਹਾਅ ਹੋਣ ਤੋਂ ਬਾਅਦ ਸਿਮਰਜੀਤ ਬੈਂਸ ਨੇ ਪੰਜਾਬ ਦੇ ਮੌਜੂਦਾ ਮੁੱਦਿਆਂ ਉਤੇ ਵਿਚਾਰ-ਚਰਚਾ ਕੀਤੀ। ਉਨ੍ਹਾਂ ਸਭ ਤੋਂ ਪਹਿਲਾਂ ਕਿਹਾ ਕਿ ਇਸ ਸਮੇਂ ਪੰਜਾਬ ਦਾ ਸਭ ਤੋਂ ਵੱਡਾ ਮੁੱਦਾ ਉਨ੍ਹਾਂ ਬੰਦੀ ਸਿੰਘਾਂ ਨੂੰ ਰਿਹਾਅ ਕਰਵਾਉਣਾ ਹੈ, ਜਿਨ੍ਹਾਂ ਨੂੰ ਸਜ਼ਾਵਾਂ ਪੂਰੀਆਂ ਹੋਣ ਦੇ ਬਾਵਜੂਦ ਜੇਲ੍ਹ ਵਿਚ ਰੱਖਿਆ ਹੋਇਆ ਹੈ। ਨਾਲ ਉਨ੍ਹਾਂ ਇਹ ਵੀ ਕਿਹਾ ਕਿ ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣਾ ਵੀ ਮੁੱਖ ਮੁੱਦਾ ਹੈ। ਉਨ੍ਹਾਂ ਪੰਜਾਬ ਵਿੱਚ ਭ੍ਰਿਸ਼ਟਾਚਾਰ ਦੇ ਮਸਲੇ ਦੀ ਗੱਲ ਕਹੀ ਅਤੇ ਨਾਲ ਹੀ ਕਿਹਾ ਕਿ ਪੰਜਾਬ 'ਚ ਕਨੂੰਨ ਵਿਵਸਥਾ ਪੂਰੀ ਤਰ੍ਹਾਂ ਵਿਗੜ ਚੁੱਕੀ ਹੈ।
ਪੰਜਾਬ ਸਰਕਾਰ ਉਤੇ ਵਰ੍ਹੇ ਬੈਂਸ : ਸਿਮਰਜੀਤ ਬੈਂਸ ਨੇ ਇਸ ਦੌਰਾਨ ਪੰਜਾਬ ਸਰਕਾਰ ਵਿਰੁੱਧ ਆਪਣੀ ਭੜਾਸ ਕੱਢੀ। ਬੈਂਸ ਨੇ ਕਿਹਾ ਕਿ ਭਗਵੰਤ ਮਾਨ ਕਹਿੰਦੇ ਸੀ ਕਿ ਚੁਟਕੀ ਵਜਾ ਕੇ ਉਹ ਬੇਅਦਬੀ ਦੇ ਦੋਸ਼ੀਆਂ ਨੂੰ ਫੜ ਲੈਣਗੇ ਅਤੇ ਨਾਲ ਹੀ ਪੰਜਾਬ ਦੇ ਲੋਕਾਂ ਦੀ ਭਲਾਈ ਕਰਨਗੇ, ਪਰ ਕੁਝ ਨਹੀਂ ਹੋਇਆ। ਉਨ੍ਹਾਂ ਦੱਸਿਆ ਕਿ ਆਮ ਆਦਮੀ ਪਾਰਟੀ ਨੂੰ ਵੋਟਾਂ ਪਾ ਕੇ ਲੋਕ ਪਛਤਾ ਰਹੇ ਹਨ।
ਇਹ ਵੀ ਪੜ੍ਹੋ :Supporter of Simarjit Bains: ਸਿਮਰਜੀਤ ਬੈਂਸ ਦੇ ਸਵਾਗਤ ਦੇ ਚੱਕਰ ਵਿੱਚ ਵਰਕਰ ਭੁੱਲ ਗਏ ਨਿਯਮ, ਕੁੰਡੀ ਲਾ ਕੇ ਚਲਾਏ ਸਪੀਕਰ