ਲੁਧਿਆਣਾ: ਲੋਕ ਇਨਸਾਫ਼ ਪਾਰਟੀ ਦੇ ਲੁਧਿਆਣਾ ਤੋਂ ਉਮੀਦਵਾਰ ਸਿਮਰਜੀਤ ਸਿੰਘ ਬੈਂਸ ਵੱਲੋਂ ਲਗਾਤਾਰ ਆਪਣੇ ਹੱਕ 'ਚ ਪ੍ਰਚਾਰ ਕੀਤਾ ਜਾ ਰਿਹਾ ਹੈ। ਸਿਮਰਜੀਤ ਸਿੰਘ ਬੈਂਸ ਦਿਹਾਤੀ ਇਲਾਕਿਆਂ ਦੇ ਵਿੱਚ ਵਿਚਰ ਰਹੇ ਹਨ। ਇਸ ਦੌਰਾਨ ਉਨ੍ਹਾਂ ਜਗਮੀਤ ਬਰਾੜ, ਕਾਂਗਰਸ ਅਤੇ ਅਕਾਲੀ ਦਲ ਦੀ ਮਿਲੀਭੁਗਤ, ਕਾਂਗਰਸ 'ਚ ਵੱਧ ਰਹੀ ਬਗਾਵਤ ਅਤੇ ਕਿਸਾਨ ਯੂਨੀਅਨਾਂ ਵੱਲੋਂ ਭਾਜਪਾ ਨੂੰ ਸਮਰਥਨ ਨਾ ਦੇਣ ਦੇ ਫ਼ੈਸਲੇ 'ਤੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ।
ਬੈਂਸ ਨੇ ਕਿਹਾ ਕਿ ਹੁਣ ਜਗਮੀਤ ਬਰਾੜ ਅਕਾਲੀ ਦਲ ਵਿੱਚ ਸ਼ਾਮਲ ਤਾਂ ਹੋ ਗਏ ਹਨ ਪਰ ਸਿਆਸੀ ਵਜੂਦ ਉਹ ਪਹਿਲਾਂ ਹੀ ਛੱਡ ਚੁੱਕੇ ਹਨ। ਇਸ ਕਰਕੇ ਉਹ ਅਕਾਲੀ ਦਲ ਵਿੱਚ ਸ਼ਾਮਲ ਹੋਏ ਹਨ। ਉਨ੍ਹਾਂ ਕਿਹਾ ਕਿ ਅਕਾਲੀ ਦਲ ਹੁਣ ਪੰਜਾਬ ਵਿੱਚ ਖ਼ਤਮ ਹੋਣ ਜਾ ਰਹੀ ਹੈ।ਸਊਦੀ ਅਰਬ ਵਿੱਚ ਦੋ ਨੌਜਵਾਨਾਂ ਦਾ ਸਰ ਕਲਮ ਕਰੇ ਜਾਣ ਨੂੰ ਲੈ ਕੇ ਵੀ ਉਨ੍ਹਾਂ ਨੇ ਸਰਕਾਰ ਦੀ ਤਿੱਖੀ ਨਿੰਦਿਆ ਕੀਤੀ ਹੈ। ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਅੱਜ ਤੱਕ ਨਸ਼ਿਆਂ 'ਤੇ ਕਾਬੂ ਨਹੀਂ ਕਰ ਸਕੀ ਜਿਸ ਕਰਕੇ ਨੌਜਵਾਨ ਖੁਦਕੁਸ਼ੀਆਂ ਕਰ ਰਹੇ ਹਨ। ਬੈਂਸ ਨੇ ਬਠਿੰਡਾ ਵਿੱਚ ਹਾਈਪ੍ਰੋਫਾਈਲ ਸੀਟਾਂ ਦੇ ਮਾਮਲੇ ਨੂੰ ਲੈ ਕੇ ਕਿਹਾ ਹੈ ਕਿ ਅਕਾਲੀ ਦਲ ਅਤੇ ਕਾਂਗਰਸ ਦੋਵੇਂ ਫਰੈਂਡਲੀ ਮੈਚ ਖੇਡ ਰਹੀਆਂ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਵਿੱਚ ਟਿਕਟਾਂ ਨੂੰ ਲੈ ਕੇ ਹੋੜ ਮਚੀ ਹੋਈ ਸੀ ਜਿਸ ਕਰਕੇ ਕਾਂਗਰਸ ਪੰਜਾਬ ਦੇ ਵਿੱਚ ਵੰਡੀ ਹੋਈ ਨਜ਼ਰ ਆ ਰਹੀ ਹੈ। ਉੱਥੇ ਉਨ੍ਹਾਂ ਕਿਹਾ ਕਿ ਭਾਰਤੀ ਕਿਸਾਨ ਯੂਨੀਅਨ ਨੇ ਭਾਜਪਾ ਨੂੰ ਛੱਡ ਕੇ ਹੋਰ ਕਿਸੇ ਵੀ ਪਾਰਟੀ ਨੂੰ ਸਮਰਥਨ ਕਰਨ ਦਾ ਐਲਾਨ ਕੀਤਾ ਹੈ ਜਿਸ ਤੋਂ ਜ਼ਾਹਰ ਹੈ ਕਿ ਕਿਸਾਨ ਭਾਜਪਾ ਤੋਂ ਕਿੰਨੇ ਦੁਖੀ ਹਨ।