ਰਾਏਕੋਟ ਦੇ ਪਿੰਡ ਬੱਸੀਆਂ ਦੀ ਵਿਦਿਆਰਥਣ ਸਮਰਪ੍ਰੀਤ ਕੌਰ ਨੇ ਚਮਕਾਇਆ ਮਾਪਿਆਂ ਦਾ ਨਾਂ; ਸੂਬੇ ’ਚੋਂ ਮਾਰੀ ਬਾਜ਼ੀ ਲੁਧਿਆਣਾ : ਰਾਏਕੋਟ ਦੇ ਪਿੰਡ ਬੱਸੀਆਂ ਦੇ ਸਰਪੰਚ ਜਗਦੇਵ ਸਿੰਘ ਦੀ ਪੁੱਤਰੀ ਸਿਮਰਪ੍ਰੀਤ ਕੌਰ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ 8ਵੀਂ ਜਮਾਤ ਦੇ ਨਤੀਜਿਆਂ ਵਿੱਚ 99.67 ਫੀਸਦੀ ਅੰਕ ਹਾਸਲ ਕਰ ਸੂਬੇ ਵਿਚੋਂ ਤੀਜਾ ਸਥਾਨ ਹਾਸਲ ਕੀਤਾ ਹੈ। ਇਸ ਪ੍ਰਾਪਤੀ ਨਾਲ ਸਿਮਰਪ੍ਰੀਤ ਨੇ ਆਪਣੇ ਮਾਪਿਆਂ, ਇਲਾਕੇ ਤੇ ਆਪਣੇ ਗੁਰੂ ਨਾਨਕ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦਾ ਨਾਂ ਚਮਕਾਇਆ ਹੈ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਿਮਰਪ੍ਰੀਤ ਨੇ ਕਿਹਾ ਕਿ ਉਹ ਡਾਕਟਰ ਬਣ ਕੇ ਲੋਕਾਂ ਦੀ ਸੇਵਾ ਕਰਨੀ ਚਾਹੁੰਦੀ ਹੈ।
ਬਿਨਾਂ ਕਿਸੇ ਕੋਚਿੰਗ ਦੇ ਹਾਸਲ ਕੀਤੀ ਪ੍ਰਾਪਤੀ :ਉਸ ਨੇ ਕਿਹਾ ਕਿ ਇਨ੍ਹਾਂ ਨਤੀਜਿਆਂ ਦੀ ਪ੍ਰਾਪਤੀ ਵਿਚ ਜਿਥੇ ਸਕੂਲ ਸਟਾਫ ਤੇ ਪ੍ਰਬੰਧਕਾਂ ਸਮੇਤ ਮਾਪਿਆਂ ਦਾ ਵੱਡਮੁੱਲਾ ਯੋਗਦਾਨ ਹੈ। ਉਥੇ ਹੀ ਇਸ ਬੱਚੀ ਦੇ ਮਾਪਿਆਂ ਨੇ ਦੱਸਿਆ ਕਿ ਉਨ੍ਹਾਂ ਦੀ ਬੱਚੀ ਨੇ ਪੜ੍ਹਾਈ ਕਰਨ ਸਮੇਂ ਕਦੇ ਘੜੀ ਦੀਆਂ ਸੂਈਆਂ ਵੱਲ ਨਹੀਂ ਤੱਕਿਆ, ਜਿਸ ਦੇ ਚਲਦੇ ਉਸ ਨੇ ਕਦੇ ਵੀ ਟਿਊਸ਼ਨਾਂ ਦਾ ਸਹਾਰਾ ਨਹੀਂ ਲਿਆ ਅਤੇ ਹਮੇਸ਼ਾ ਸੈਲਫ਼ ਸਟੱਡੀ ਦੇ ਮੰਤਰ ਨੂੰ ਅਪਣਾਇਆ ਹੈ। ਉਸ ਨੇ ਦ੍ਰਿੜ ਨਿਸ਼ਚੇ ਨਾਲ ਕਿਹਾ ਕਿ ਉਹ ਅਗਲੀਆਂ ਜਮਾਤਾਂ ਵਿਚ ਵੀ ਇਸੇ ਤਰ੍ਹਾਂ ਸਖਤ ਮਿਹਨਤ ਕਰਦੇ ਹੋਏ ਪੜ੍ਹਾਈ ਕਰੇਗੀ ਅਤੇ ਚੰਗੇ ਅੰਕਾਂ ਨਾਲ ਪੁਜ਼ੀਸ਼ਨ ਹਾਸਲ ਕਰੇਗੀ।
ਸਖਤ ਮਿਹਨਤ ਤੇ ਲਗਨ ਨੂੰ ਹੀ ਆਪਣਾ ਮੂਲ-ਮੰਤਰ ਬਣਾਇਆ :ਇਸ ਮੌਕੇ ਗੱਲਬਾਤ ਕਰਦਿਆਂ ਸਿਮਰਪ੍ਰੀਤ ਕੌਰ ਦੇ ਪਿਤਾ ਜਗਦੇਵ ਸਿੰਘ ਅਤੇ ਮਾਤਾ ਮਨਪ੍ਰੀਤ ਕੌਰ ਆਖਿਆ ਕਿ ਉਨ੍ਹਾਂ ਦੀਆਂ ਦੋ ਬੇਟੀਆਂ ਹੀ ਹਨ ਅਤੇ ਸਿਮਰਪ੍ਰੀਤ ਕੌਰ ਨੇ ਅੱਠਵੀਂ ਜਮਾਤ ਵਿਚ ਹੀ ਸਿੱਖਿਆ ਬੋਰਡ ਦੀ ਮੈਰਿਟ ਵਿਚ ਆ ਕੇ ਉਨ੍ਹਾਂ ਦਾ ਸਿਰ ਫ਼ਖਰ ਨਾਲ ਉੱਚਾ ਚੁੱਕ ਦਿੱਤਾ। ਉਨ੍ਹਾਂ ਕਿਹਾ ਕਿ ਅੱਜ ਦੇ ਦੌਰ ਵਿੱਚ ਲੜਕੀਆਂ ਵੀ ਲੜਕਿਆਂ ਦੇ ਬਰਾਬਰ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਬੇਟੀ ਨੇ ਕਾਫ਼ੀ ਮਿਹਨਤ ਕੀਤੀ ਹੈ, ਸਗੋਂ ਉਹ ਰਾਤ ਨੂੰ ਦੋ ਵਜੇ ਤੱਕ ਪੜ੍ਹਦੀ ਰਹੀ ਹੈ, ਬਲਕਿ ਉਸ ਨੇ ਸਖਤ ਮਿਹਨਤ ਤੇ ਲਗਨ ਨੂੰ ਹੀ ਆਪਣਾ ਮੂਲ-ਮੰਤਰ ਬਣਾ ਲਿਆ ਸੀ। ਇਸ ਮੌਕੇ ਸਿਮਰਪ੍ਰੀਤ ਕੌਰ ਦੀ ਇਸ ਪ੍ਰਾਪਤੀ ’ਤੇ ਉਨ੍ਹਾਂ ਦੇ ਘਰ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗਿਆ ਹੋਇਆ ਸੀ।
ਇਹ ਵੀ ਪੜ੍ਹੋ :ਮੁਖਤਾਰ ਅੰਸਾਰੀ ਨੂੰ ਵੱਡਾ ਝਟਕਾ, ਕੋਰਟ ਨੇ ਦੋਸ਼ੀ ਕਰਾਰ ਦਿੰਦੇ ਹੋਏ ਸੁਣਾਈ 10 ਸਾਲ ਦੀ ਸਜ਼ਾ, 5 ਲੱਖ ਰੁਪਏ ਜੁਰਮਾਨਾ
ਇਸ ਮੌਕੇ ਵਿਦਿਆਰਥਣ ਦੇ ਗੁਰੂ ਨਾਨਕ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਬੱਸੀਆਂ ਦੇ ਡਾਇਰੈਕਟਰ ਮਹਿੰਦਰ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਅੱਠਵੀਂ ਜਮਾਤ ਦੇ ਇਨ੍ਹਾਂ ਨਤੀਜਿਆਂ ’ਚ ਉਨ੍ਹਾਂ ਦੇ ਸਕੂਲ ਦੇ 7 ਬੱਚੇ ਬੋਰਡ ਦੀ ਮੈਰਿਟ ਵਿਚ ਆਏ ਹਨ, ਜਦਕਿ ਵਿਦਿਆਰਥਣਾਂ ਸਿਮਰਪ੍ਰੀਤ ਕੌਰ ਨੇ ਮੈਰਿਟ ਵਿਚੋਂ ਤੀਜਾ ਸਥਾਨ ਹਾਸਲ ਕੀਤਾ ਹੈ।