ਲੁਧਿਆਣਾ:ਲੋਕ ਇਨਸਾਫ਼ ਪਾਰਟੀ ਦੇ ਮੁਖੀ ਸਿਮਰਜੀਤ ਬੈਂਸ ਨੇ ਪੰਜਾਬ ਕੈਬਿਨੇਟ ਵੱਲੋਂ ਪਾਸ ਕੀਤੇ ਗਏ ਆਰਡੀਨੈਂਸ ਲੈਂਡ ਬੈਂਕਾਂ ਨੂੰ ਲੈ ਕੇ ਨਿਸ਼ਾਨੇ ਸਾਧੇ ਗਏ, ਸਿਮਰਜੀਤ ਬੈਂਸ ਨੇ ਕਿਹਾ ਕਿ ਲੈਂਡ ਮਾਫੀਆ ਨੂੰ ਕਿਸੇ ਵੀ ਸੂਰਤ 'ਚ ਕਾਮਯਾਬ ਨਹੀਂ ਹੋਣ ਦਿੱਤਾ ਜਾਵੇਗਾ ਅਤੇ ਪੰਜਾਬ ਸਰਕਾਰ ਜੋ ਇਸ ਮਾਫੀਆ ਦੇ ਲਈ ਰਾਹ ਖੋਲ੍ਹ ਰਹੀ ਹੈ ਉਨ੍ਹਾਂ ਨੂੰ ਵੀ ਕਾਮਯਾਬ ਨਹੀਂ ਹੋਣ ਦਿੱਤਾ ਜਾਵੇਗਾ।
ਸਿਮਰਜੀਤ ਬੈਂਸ ਨੇ ਕਿਹਾ ਕਿ ਪੰਚਾਇਤੀ ਜ਼ਮੀਨ ਕਿਸੇ ਦੇ ਬਾਪ ਦੀ ਨਹੀਂ ਹੈ ਉਨ੍ਹਾਂ ਕਿਹਾ ਕਿ ਜਿਨ੍ਹਾਂ ਸਰਕਾਰੀ ਜ਼ਮੀਨਾਂ 'ਤੇ ਸਰਕਾਰੀ ਅਫਸਰਾਂ ਅਤੇ ਸਿਆਸਤਦਾਨਾਂ ਵੱਲੋਂ ਆਪਣੇ ਮਹਿਲ ਖੜ੍ਹੇ ਕੀਤੇ ਗਏ ਹਨ, ਉਨ੍ਹਾਂ ਨੂੰ ਵੀ ਲੋਕ ਇਨਸਾਫ਼ ਪਾਰਟੀ ਦੀ ਸਰਕਾਰ ਆਉਣ 'ਤੇ ਸਰਕਾਰੀ ਦਫਤਰਾਂ ਅਤੇ ਸਰਕਟ ਹਾਊਸ 'ਚ ਤਬਦੀਲ ਕੀਤਾ ਜਾਵੇਗਾ।
ਬੈਂਸ ਨੇ ਕਿਹਾ ਹੈ ਕਿ ਪੰਚਾਇਤੀ ਜ਼ਮੀਨਾਂ ਨੂੰ ਬਚਾਉਣ ਲਈ ਸੂਬੇ ਭਰ 'ਚ ਵੱਡਾ ਅੰਦੋਲਨ ਕੀਤਾ ਜਾਵੇਗਾ, ਜਿਸ ਦੀ ਸ਼ੁਰੂਆਤ 4 ਜਨਵਰੀ 2020 ਨੂੰ ਖੰਨਾ ਤੋਂ ਸ਼ੁਰੂ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਇਹ ਅੰਦੋਲਨ ਵੱਖ-ਵੱਖ ਪੜਾਵਾਂ 'ਚ ਹੋਵੇਗਾ ਜਿਸ ਦੇ ਤਹਿਤ ਪੰਜਾਬ ਦੇ ਹਰੇਕ ਪਿੰਡ ਜਾ ਕੇ ਲੋਕਾਂ ਨੂੰ ਜਾਗਰੂਕ ਕੀਤਾ ਜਾਵੇਗਾ। ਇਸ ਮੌਕੇ ਉਨ੍ਹਾਂ ਸਸਤੀਆਂ ਜ਼ਮੀਨਾਂ ਲੈਣ ਦੇ ਸੁਪਨੇ ਦੇਖ ਰਹੇ ਲੈਂਡ ਮਾਫ਼ੀਆ ਨੂੰ ਸੁਚੇਤ ਕਰਦਿਆਂ ਕਿਹਾ ਕਿ ਲੋਕ ਇਨਸਾਫ਼ ਪਾਰਟੀ ਕਿਸੇ ਵੀ ਕੀਮਤ 'ਤੇ ਇਨ੍ਹਾਂ ਜ਼ਮੀਨਾਂ 'ਤੇ ਕਬਜ਼ੇ ਨਹੀਂ ਹੋਣ ਦੇਵੇਗੀ।