ਲੁਧਿਆਣਾ :ਅੱਜ ਲੁਧਿਆਣਾ ਦੇ ਜਗਰਾਓਂ ਵਿੱਚ ਸਥਿਤ ਪਿੰਡ ਚੌਂਕੀਮਾਨ ਵਿਖੇ ਦੀਪ ਸਿੱਧੂ ਦੀ ਪਹਿਲੀ ਬਰਸੀ ਮਨਾਈ ਗਈ। ਇਸ ਮੌਕੇ ਕਈ ਧਾਰਮਿਕ ਅਤੇ ਸਿਆਸੀ ਸਖ਼ਸ਼ੀਅਤਾਂ ਵੱਲੋਂ ਬਰਸੀ ਸਮਾਗਮ ਵਿੱਚ ਸ਼ਾਮਲ ਹੋਏ। ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਵੀ ਇਸ ਸਮਾਗਮ ਵਿੱਚ ਵਿਸ਼ੇਸ਼ ਤੌਰ ਉਤੇ ਪਹੁੰਚੇ। ਇਸ ਤੋਂ ਇਲਾਵਾ ਵਾਰਿਸ ਪੰਜਾਬ ਜਥੇਬੰਦੀ ਦੇ ਕਈ ਆਗੂ ਅਤੇ ਨਾਲ ਲੁਧਿਆਣਾ ਮੁਲਾਂਪੁਰ ਦਾਖਾ ਤੋਂ ਅਕਾਲੀ ਦਲ ਦੇ ਵਿਧਾਇਕ ਮਨਪ੍ਰੀਤ ਇਯਾਲੀ ਵੀ ਪਹੁੰਚੇ। ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਅਤੇ ਸਾਰੇ ਹੀ ਬੁਲਾਰਿਆਂ ਵੱਲੋਂ ਦੀ ਦੀਪ ਸਿੱਧੀ ਨੂੰ ਯਾਦ ਕਰਦਿਆਂ ਕੌਮ ਲਈ ਕੀਤੇ ਗਏ ਕੰਮਾਂ ਦਾ ਜ਼ਿਕਰ ਕੀਤਾ ਗਿਆ।
ਮਨਪ੍ਰੀਤ ਸਿੰਘ ਇਆਲੀ ਨੂੰ ਸਵਾਲ :ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਧਾਰਮਿਕ ਆਗੂਆਂ ਨੇ ਮਨਪ੍ਰੀਤ ਇਆਲੀ ਨੂੰ ਕਿਹਾ ਕਿ ਅਕਾਲੀ ਦਲ ਦੇ ਵਿਚ ਇਹ ਪਹਿਲੀ ਵਾਰ ਹੋਇਆ ਹੈ ਕਿ 70 ਸਾਲ ਬਾਅਦ ਕੋਈ ਪ੍ਰਧਾਨ ਹੀ ਆਪਣੀ ਸੀਟ ਤੋਂ ਹਾਰ ਗਿਆ ਹੋਵੇ। ਉਨ੍ਹਾਂ ਕਿਹਾ ਕਿ ਅਕਾਲੀ ਸ਼ਬਦ ਦੀ ਪਵਿੱਤਰਤਾ ਨੂੰ ਅਸੀਂ ਖਰਾਬ ਨਹੀਂ ਕਰਨਾ ਚਾਹੁੰਦੇ ਕਿਉਂਕਿ ਬਾਦਲ ਕੁਨਬਾ ਖਰਾਬ ਹੋ ਸਕਦਾ ਹੈ ਪਰ ਅਕਾਲੀ ਸ਼ਬਦ ਮਾੜਾ ਨਹੀਂ ਹੈ। ਇਸ ਮੌਕੇ ਉਨ੍ਹਾਂ ਮਨਪ੍ਰੀਤ ਇਆਲੀ ਨੂੰ ਵੀ ਅਪੀਲ ਕੀਤੀ ਕਿ ਜਿਸ ਤਰ੍ਹਾਂ ਉਹ ਪਾਰਟੀ ਦੇ ਵਿਚ ਰਹਿ ਕੇ ਅਵਾਜ਼ ਚੁੱਕ ਰਹੇ ਹਨ, ਆਉਣ ਵਾਲੇ ਸਮੇਂ ਵਿਚ ਵੀ ਇਸੇ ਤਰ੍ਹਾਂ ਹੀ ਅਵਾਜ਼ ਚੁੱਕਦੇ ਰਹਿਣ। ਇਸ ਮੌਕੇ ਉਹਨਾਂ ਬੇਅਦਬੀ ਅਤੇ ਹੋਰ ਕਈ ਸਿੱਖ ਕੌਮ ਦੇ ਮਸਲਿਆਂ ਨੂੰ ਲੈ ਕੇ ਮਨਪ੍ਰੀਤ ਇਆਲੀ ਨੂੰ ਕਿਹਾ ਕਿ ਉਹ ਇਨ੍ਹਾਂ ਮੁੱਦਿਆਂ ਦਾ ਹੱਲ ਕਿਉਂ ਨਹੀਂ ਕਰ ਸਕੇ, ਜਦੋਂ ਉਨ੍ਹਾਂ ਦੀ ਸਰਕਾਰ ਸੀ।