ਲੁਧਿਆਣਾ: 'ਹਾਸ਼ਮ ਫਤਿਹ ਨਸੀਬ ਉਨ੍ਹਾਂ ਨੂੰ, ਜਿਨ੍ਹਾਂ ਹਿੰਮਤ ਯਾਰ ਬਣਾਈ...।' ਕਹਿਣ ਦਾ ਮਤਲਬ ਜਿਨ੍ਹਾਂ ਦੀ ਦੋਸਤੀ ਹਿੰਮਤ ਨਾਲ ਹੁੰਦੀ ਹੈ, ਉਨ੍ਹਾਂ ਨੂੰ ਹੀ ਜਿੱਤ ਮਿਲਦੀ ਹੈ। ਗੱਲ ਕਰੀਏ ਲੁਧਿਆਣਾ ਦੇ ਸ਼ੁੱਭਮ ਦੀ ਤਾਂ ਇਸ ਨੌਜਵਾਨ ਦੀ ਹਿੰਮਤ ਨੂੰ ਵੀ ਦਾਦ ਦੇਣੀ ਬਣਦੀ ਹੈ। ਜੋ ਕਮਾਲ ਇਸ ਮੁੰਡੇ ਨੇ ਟੇਬਲ ਟੈਨਿਸ ਦੀ ਖੇਡ ਵਿੱਚ ਕੀਤਾ ਹੈ, ਉਹ ਕਾਬਿਲੇਤਾਰੀਫ਼ ਹੈ।
ਬਿਮਾਰੀ ਨੇ ਝੰਭਿਆ ਸਰੀਰ:ਲੁਧਿਆਣਾ ਦਾ ਰਹਿਣ ਵਾਲਾ ਸ਼ੁੱਭਮ ਵਧਵਾ ਉਨ੍ਹਾਂ ਨੌਜਵਾਨਾਂ ਲਈ ਮਿਸਾਲ ਹੈ ਜੋ ਜ਼ਿੰਦਗੀ ਦੀ ਜੰਗ ਹਾਰ ਕੇ ਮੌਤ ਨੂੰ ਗਲ ਲਾਉਣਾ ਬਿਹਤਰ ਸਮਝਦੇ ਨੇ। ਸ਼ੁਭਮ ਦੀ 2016 ਵਿੱਚ ਇੱਕ ਸੜਕ ਹਾਦਸੇ ਦੌਰਾਨ ਸਪਾਇਨ ਇੰਜਰੀ ਹੋਣ ਕਰਕੇ ਛਾਤੀ ਤੱਕ ਪੂਰਾ ਸਰੀਰ ਨਕਾਰਾ ਹੋ ਚੁੱਕਾ ਹੈ ਪਰ ਇਸ ਦੇ ਬਾਵਜੂਦ ਉਸਨੇ ਟੇਬਲ ਟੈਨਿਸ ਦੇ ਆਪਣੇ ਜਨੂੰਨ ਨੂੰ ਜਾਰੀ ਰੱਖਿਆ ਅਤੇ ਹੁਣ ਉਹ ਭਾਰਤ ਦਾ ਚੈਂਪੀਅਨ ਬਣ ਚੁੱਕਾ ਹੈ। ਕਿਸੇ ਵੀ ਸੂਬੇ ਦਾ ਅਜਿਹਾ ਕੋਈ ਪੈਰਾ ਟੇਬਲ ਟੈਨਿਸ ਖਿਡਾਰੀ ਨਹੀਂ ਜਿਸ ਨੂੰ ਉਸ ਨੇ ਨਾ ਹਰਾਇਆ ਹੋਵੇ। ਉਸ ਦਾ ਹੌਸਲਾ ਅਤੇ ਜਜ਼ਬਾ ਵੇਖਦਿਆਂ ਹੀ ਬਣਦਾ ਹੈ।
ਕਿਹੜੇ ਖਿਤਾਬ ਕੀਤੇ ਹਾਸਿਲ:ਸ਼ੁੱਭਮ ਨੇ 2019 ਦੇ ਵਿੱਚ ਟੇਬਲ ਟੈਨਿਸ ਖੇਡਣ ਦੀ ਸ਼ੁਰੂਆਤ ਕੀਤੀ ਸੀ, ਜਿਸ ਤੋਂ ਬਾਅਦ ਜ਼ਿਲ੍ਹਾ ਪੱਧਰੀ ਫੇਰ ਸੂਬਾ ਪੱਧਰੀ ਅਤੇ ਹੁਣ ਕੌਮੀ ਪੱਧਰ ਉੱਤੇ ਉਹ ਚੈਂਪੀਅਨ ਬਣ ਚੁੱਕਾ ਹੈ। ਪੰਜਾਬ ਦਾ ਪੈਰਾ ਟੇਬਲ ਟੈਨਿਸ ਦਾ ਉਹ ਇਕਲੌਤਾ ਖਿਡਾਰੀ ਹੈ, ਜਿਸਨੇ ਕੌਮੀ ਪੱਧਰ ਉੱਤੇ ਗੋਲਡ ਮੈਡਲ ਜਿੱਤਿਆ ਹੋਵੇਗਾ ਅਤੇ ਹੁਣ ਉਹ ਇਟਲੀ ਅਤੇ ਸਪੇਨ ਵਿੱਚ ਖੇਡਣ ਜਾ ਰਿਹਾ ਹੈ।
6 ਤੋਂ 8 ਜਨਵਰੀ ਗੋਆ ਵਿੱਚ ਹੋਈਆਂ ਕੌਮੀ ਪੱਧਰ ਦੀਆਂ ਖੇਡਾਂ ਵਿੱਚ ਉਸ ਨੇ ਪੈਰਾ ਟੇਬਲ ਟੈਨਿਸ ਦੇ ਗੋਲਡ ਮੈਡਲ ਹਾਸਲ ਕੀਤਾ ਅਤੇ ਉਸ ਨੂੰ ਗੋਆ ਦੇ ਮੁੱਖ ਮੰਤਰੀ ਵੱਲੋਂ ਸਨਮਾਨਿਤ ਵੀ ਕੀਤਾ ਗਿਆ ਹੈ। ਸ਼ੁੱਭਮ ਨੇ ਦੱਸਿਆ ਕਿ ਜਿੱਥੇ ਵੀ ਖੇਡਣ ਜਾਂਦਾ ਹੈ ਆਪਣੇ ਖਰਚੇ ਉੱਤੇ ਜਾਂਦਾ ਹੈ। ਲੁਧਿਆਣਾ ਦੀ ਟੇਬਲ ਟੈਨਿਸ ਫੈਡਰੇਸ਼ਨ ਉਸਦੀ ਮਦਦ ਕਰਦੀ ਹੈ ਅੱਜ ਤੱਕ ਕਿਸੇ ਵੀ ਸਰਕਾਰ ਦੇ ਕਿਸੇ ਵੀ ਮੰਤਰੀ ਜਾਂ ਵਿਧਾਇਕ ਉਸ ਤੱਕ ਪਹੁੰਚ ਨਹੀਂ ਕੀਤੀ ਅਤੇ ਨਾ ਹੀ ਉਸ ਦੀ ਸਾਰ ਲਈ ਹੈ।