ਲੁਧਿਆਣਾ: ਜ਼ਿਲ੍ਹੇ ਵਿੱਚ ਜਿੱਥੇ ਭਾਜਪਾ ਦੀ ਕੋਰ ਕਮੇਟੀ ਦੀ ਬੈਠਕ ਹੋਈ ਉੱਥੇ ਹੀ ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਵੀ ਮੁਸਲਿਮ ਭਾਈਚਾਰੇ ਦੇ ਨਾਲ ਬੈਠਕ ਕਰਨ ਲਈ ਪਹੁੰਚੇ ਹੋਏ ਸਨ। ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਿਮਰਨਜੀਤ ਸਿੰਘ ਮਾਨ ਨੇ ਖ਼ਾਲਿਸਤਾਨ ਦੀ ਮੁੜ ਤੋਂ ਹਮਾਇਤ ਕਰਦਿਆਂ ਕਿਹਾ ਕਿ ਜੇਕਰ ਹਿਮਾਚਲ ਦੇ ਵਿੱਚ ਖਾਲਿਸਤਾਨ ਦੇ ਝੰਡੇ ਲੱਗੇ ਹਨ ਤਾਂ ਇਸ ਵਿੱਚ ਗ਼ਲਤ ਕੀ ਹੈ।
ਉਨ੍ਹਾਂ ਕਿਹਾ ਜਦੋਂ ਹਿੰਦੂ ਭਾਈਚਾਰਾ ਆਪਣੇ ਝੰਡੇ ਲਗਾ ਸਕਦਾ ਹੈ ਅਤੇ ਮੁਸਲਿਮ ਆਪਣੇ ਲਗਾ ਸਕਦੇ ਹਨ ਤਾਂ ਸਿੱਖ ਖ਼ਾਲਿਸਤਾਨ ਦੇ ਝੰਡੇ ਕਿਉਂ ਨਹੀਂ ਲਗਾ ਸਕਦੇ। ਉਨ੍ਹਾਂ ਕਿਹਾ ਅਸੀਂ ਕਦੇ ਕਿਸੇ ਦੇ ਝੰਡੇ ਦਾ ਵਿਰੋਧ ਨਹੀਂ ਕਰਦੇ ਅਸੀਂ ਤਿਰੰਗੇ ਅੱਗੇ ਵੀ ਸਿਰ ਝਕਾਉਂਦੇ ਹਾਂ ਤਾਂ ਜਦੋਂ ਖ਼ਾਲਿਸਤਾਨ ਦੇ ਝੰਡੇ ਦੀ ਗੱਲ ਆਉਂਦੀ ਹੈ ਤਾਂ ਸਾਰਿਆਂ ਨੂੰ ਤਕਲੀਫ਼ ਕਿਉਂ ਹੁੰਦੀ ਹੈ।
ਸਿਮਰਨਜੀਤ ਮਾਨ ਨੇ ਕਿਹਾ ਕਿ ਹਿਮਾਚਲ ਅਫਗਾਨਿਸਤਾਨ ਤੱਕ ਸਿੱਖ ਰਾਜ ਰਿਹਾ ਹੈ ਅਜਿਹੇ ’ਚ ਜੇਕਰ ਹਿਮਾਚਲ ਦੇ ਅੰਦਰ ਖਾਲਿਸਤਾਨ ਦਾ ਝੰਡਾ ਲੱਗ ਗਿਆ ਤਾਂ ਕੋਈ ਵੱਡੀ ਗੱਲ ਨਹੀਂ ਹੈ। ਸਿਮਰਨਜੀਤ ਸਿੰਘ ਮਾਨ ਨੇ ਆਮ ਆਦਮੀ ਪਾਰਟੀ ’ਤੇ ਵੀ ਸਵਾਲ ਖੜ੍ਹੇ ਕੀਤੇ ਅਤੇ ਕਿਹਾ ਕਿ ਆਮ ਆਦਮੀ ਪਾਰਟੀ ਭਾਜਪਾ ਅਤੇ ਆਰਐੱਸਐੱਸ ਦੀ ਬੀ ਟੀਮ ਹੈ ਇਸ ਕਰਕੇ ਅਜਿਹੀਆਂ ਵਾਰਦਾਤਾਂ ਪੰਜਾਬ ਵਿੱਚ ਹੋ ਰਹੀਆਂ ਹਨ।
ਹਿਮਾਚਲ ’ਚ ਲੱਗੇ ਖਾਲਿਸਤਾਨ ਦੇ ਝੰਡੇ ਨੂੰ ਲੈਕੇ ਪੰਜਾਬ ਦੀ ਸਿਆਸਤ ਭਖੀ ਓਧਰ ਦੂਜੇ ਪਾਸੇ ਸਿਮਰਨਜੀਤ ਸਿੰਘ ਮਾਨ ਵੱਲੋਂ ਦਿੱਤੇ ਗਏ ਬਿਆਨ ਨੂੰ ਲੈ ਕੇ ਭਾਜਪਾ ਦੇ ਸਾਬਕਾ ਪ੍ਰਧਾਨ ਸ਼ਵੇਤ ਮਲਿਕ ਨੇ ਆਪਣੀ ਤਿੱਖੀ ਪ੍ਰਤੀਕਿਰਿਆ ਦਿੰਦਿਆਂ ਹੋਇਆ ਕਿਹਾ ਕਿ ਸਿਮਰਨਜੀਤ ਸਿੰਘ ਮਾਨ ਇੱਕ ਨਕਾਰੇ ਹੋਏ ਲੀਡਰ ਹਨ। ਭਾਜਪਾ ਆਗੂ ਨੇ ਕਿਹਾ ਕਿ ਉਨ੍ਹਾਂ ਨੂੰ ਨਾ ਤਾਂ ਕੋਈ ਵੋਟ ਪਾਉਂਦਾ ਹੈ ਅਤੇ ਨਾ ਹੀ ਕੋਈ ਪਸੰਦ ਕਰਦਾ ਹੈ। ਉੱਥੇ ਹੀ ਤਿਰੰਗੇ ਬਾਰੇ ਦਿੱਤੇ ਬਿਆਨ ’ਤੇ ਉਨ੍ਹਾਂ ਕਿਹਾ ਕਿ ਸਿਮਰਨਜੀਤ ਸਿੰਘ ਮਾਨ ਦਾ ਦਿਮਾਗੀ ਸੰਤੁਲਨ ਖ਼ਰਾਬ ਹੋ ਚੁੱਕਾ ਹੈ ਇਸ ਕਰਕੇ ਉਹ ਕੁਝ ਵੀ ਬੋਲਦੇ ਹਨ।
ਇਹ ਵੀ ਪੜ੍ਹੋ:ਧਰਮਸ਼ਾਲਾ ਦੇ ਹਿਮਾਚਲ ਅਸੈਂਬਲੀ ਗੇਟ 'ਤੇ ਲੱਗੇ ਖਾਲਿਸਤਾਨੀ ਝੰਡੇ