ਲੁਧਿਆਣਾ: ਰਾਸ਼ਨ ਘੁਟਾਲਾ ਮਾਮਲੇ ਅਤੇ ਬਾਹਰਲੇ ਸੂਬਿਆਂ ਤੋਂ ਝੋਨਾਂ ਪੰਜਾਬ 'ਚ ਲਿਆ ਕੇ ਵੇਚਣ ਦੇ ਮਾਮਲੇ 'ਚ ਅਕਾਲੀ ਦਲ ਵੱਲੋਂ ਅੱਜ ਕੈਬਿਨੇਟ ਮੰਤਰੀ ਭਾਰਤ ਭੂਸ਼ਨ ਆਸ਼ੂ ਦੇ ਖਿਲਾਫ ਉਨ੍ਹਾਂ ਦੀ ਰਿਹਾਇਸ਼ ਦੇ ਬਾਹਰ ਧਰਨਾ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਅਕਾਲੀ ਦਲ ਦੀ ਲੁਧਿਆਣਾ ਦੀ ਲੀਡਰਸ਼ਿਪ ਵੀ ਮੌਜੂਦ ਰਹੀ।
ਮਜੀਠੀਆ ਸਮੇਤ ਸੀਨੀਅਰ ਅਕਾਲੀ ਆਗੂ ਲਏ ਹਿਰਾਸਤ 'ਚ ਇਸ ਦੌਰਾਨ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਅਤੇ ਪੁਲਿਸ ਵਿਚਕਾਰ ਧੱਕਾ-ਮੁਕੀ ਹੋਈ ਹੈ। ਧਰਨੇ ਤੋਂ ਬਾਅਦ ਬਿਕਰਮ ਮਜੀਠੀਆ, ਮਹੇਸ਼ ਇੰਦਰ ਗਰੇਵਾਲ, ਸ਼ਰਨਜੀਤ ਢਿੱਲੋਂ ਨੂੰ ਪੁਲਿਸ ਨੇ ਹਿਰਾਸਤ 'ਚ ਲੈ ਲਿਆ। ਮਜੀਠੀਆ ਨੇ ਕਿਹਾ ਕਿ ਭਾਰਤ ਭੂਸ਼ਣ ਆਸ਼ੂ ਆਪਣੇ ਆਕਾਵਾਂ ਨੂੰ ਖੁਸ਼ ਕਰਨ ਲਈ ਲੁੱਟ ਮਚਾ ਰਹੇ ਨੇ ਅਤੇ ਪੈਸੇ ਰਾਹੁਲ ਗਾਂਧੀ ਤੱਕ ਪਹੁੰਚਾ ਰਹੇ ਨੇ।
ਇਸ ਦੌਰਾਨ ਸੀਨੀਅਰ ਅਕਾਲੀ ਆਗੂ ਮਜੀਠੀਆ ਨੇ ਮੰਤਰੀ ਨੂੰ ਸਸਪੈਂਡ ਕਰਨ ਦੀ ਮੰਗ ਕੀਤੀ। ਬਿਕਰਮ ਮਜੀਠੀਆ ਨੇ ਕਿਹਾ ਕਿ ਮੰਤਰੀ ਭਾਰਤ ਭੂਸ਼ਣ ਘਪਲੇਬਾਜ਼ੀ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਜਿਸ ਅਫਸਰ ਨੂੰ ਮੰਤਰੀ ਆਸ਼ੂ ਵੱਲੋਂ ਬਰਖ਼ਾਸਤ ਕੀਤਾ ਗਿਆ ਹੈ ਅਕਾਲੀ ਦਲ ਦੀ ਸਰਕਾਰ ਆਉਣ 'ਤੇ ਉਸ ਨੂੰ ਵਾਪਸ ਅਫ਼ਸਰ ਬਣਾਉਣਗੇ ਤਾਂ ਜੋ ਇਨ੍ਹਾਂ ਕਾਂਗਰਸੀਆਂ ਵੱਲੋਂ ਕੀਤੇ ਗਏ ਘਪਲਿਆਂ ਨੂੰ ਉਜਾਗਰ ਕਰ ਸਕਣ। ਉਨ੍ਹਾਂ ਇਹ ਵੀ ਕਿਹਾ ਕਿ ਉਹ ਬੰਬ ਧਮਾਕੇ ਮਾਮਲੇ ਵਿੱਚ ਮੰਤਰੀ ਆਸ਼ੂ ਦਾ ਸਿੱਧਾ ਨਾਮ ਆ ਰਿਹਾ ਹੈ ਤੇ ਮੰਤਰੀ 'ਤੇ ਕਾਰਵਾਈ ਹੋਣੀ ਚਾਹੀਦੀ ਹੈ।
ਕਾਂਗਰਸੀਆਂ ਵੱਲੋਂ ਦਿੱਲੀ ਵਿਖੇ ਧਰਨਾ ਲਾਉਣ ਨੂੰ ਲੈ ਕੇ ਵੀ ਮਜੀਠੀਆ ਨੇ ਮੁੱਖ ਮੰਤਰੀ ਕੈਪਟਨ ਦਾ ਡਰਾਮਾ ਕਰਾਰ ਦਿੱਤਾ ਤੇ ਕਿਹਾ ਕਿ ਉਹ ਪਿਕਨਿਕ ਮਨਾਉਣ ਗਏ ਨੇ, ਉਨ੍ਹਾਂ ਕਿਹਾ ਕਿ ਇਨ੍ਹਾਂ ਦੇ ਮੰਤਰੀ ਆਪਣੇ ਖਜ਼ਾਨੇ ਭਰਨ ਲੱਗੇ ਹੋਏ ਹਨ। ਉਨ੍ਹਾਂ ਕਿਹਾ ਸ਼ੈਲਰ ਮਾਲਕਾਂ ਨਾਲ ਮਿਲ ਕੇ ਕਿਸਾਨਾਂ ਦਾ ਹੱਕ ਮਾਰ ਰਹੇ ਹਨ।
ਨਵੇਂ ਖੇਤੀ ਕਾਨੂਨਾਂ 'ਤੇ ਮਜੀਠੀਆ ਨੇ ਕਿਹਾ ਕਿ ਕਾਂਗਰਸ ਨੇ ਖੁਦ ਇਹ ਕਿਹਾ ਹੈ ਕਿ ਉਹ ਕੇਂਦਰ ਵੱਲੋਂ ਬਣਾਏ ਗਏ ਬਿੱਲ ਦੇ ਵਿੱਚ ਸੋਧ ਕਰਨਗੇ ਅਤੇ ਇਸ ਦਾ ਮਤਲਬ ਸਾਫ਼ ਹੈ ਕਿ ਕਾਂਗਰਸ ਇਹ ਖੇਤੀ ਬਿੱਲ ਮੰਨਣ ਨੂੰ ਤਿਆਰ ਹੈ।