ਲੁਧਿਆਣਾ: ਮਾਰਚ ਮਹੀਨੇ ਵਿੱਚ ਮੁੰਬਈ ਵਿਖੇ ਇੱਕ ਪ੍ਰੋਡਿਊਸਰ ਕੋਲ ਡਰਾਈਵਰ ਵਜੋਂ ਨੌਕਰੀ ਕਰਦੇ ਰਾਏਕੋਟ ਦੇ ਵਸਨੀਕ ਦਲੇਰ ਨੌਜਵਾਨ ਰਾਜਦੀਪ ਸਿੰਘ ਖਾਲਸਾ ਵੱਲੋਂ ਕਿਸਾਨੀ ਸੰਘਰਸ਼ ਦੇ ਸਮਰਥਨ ਦੇ ਚੱਲਦਿਆਂ ਆਪਣੀ ਜ਼ਮੀਰ ਦੀ ਆਵਾਜ਼ ਨੂੰ ਸੁਣਦੇ ਹੋਏ ਦਿੱਗਜ ਫਿਲਮੀ ਕਲਾਕਾਰ ਅਜੇ ਦੇਵਗਨ ਦੀ ਗੱਡੀ ਨੂੰ ਘੇਰਿਆ ਗਿਆ ਸੀ। ਇਸ ਦੌਰਾਨ ਨੌਜਵਾਨ ਦੇ ਵੱਲੋਂ ਅਜੇ ਦੇਵਗਨ ਦੇ ਨਕਲੀ ਸਰਦਾਰ ਹੋਣ ਨੂੰ ਲੈਕੇ ਫਟਕਾਰ ਲਗਾਈ ਗਈ ਸੀ।
ਮੁੰਬਈ ਵਿੱਚ ਕਿਸਾਨੀ ਸੰਘਰਸ਼ ਦੇ ਸਮਰਥਨ ਵਿਚ ਆਵਾਜ਼ ਉਠਾਉਣ ਵਾਲੇ ਇਸ ਦਲੇਰ ਨੌਜਵਾਨ ਦੀ ਅੱਜ ਤੱਕ ਨਾ ਤਾਂ ਸੰਯੁਕਤ ਕਿਸਾਨ ਮੋਰਚਾ ਅਤੇ ਨਾ ਹੀ ਕਿਸੇ ਕਿਸਾਨ ਜਾਂ ਧਾਰਮਿਕ ਜਥੇਬੰਦੀ ਵੱਲੋਂ ਸਾਰ ਲਈ ਗਈ ਹੈ, ਸਗੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਇਸ ਗੁਰਸਿੱਖ ਨੌਜਵਾਨ ਦੀ ਬਾਂਹ ਫੜਨਾ ਵੀ ਜ਼ਰੂਰੀ ਨਹੀਂ ਸਮਝਿਆ।
ਦਰਅਸਲ ਮੁੰਬਈ ਵਿੱਚ ਦਿੱਗਜ ਫਿਲਮ ਕਲਾਕਾਰ ਨਾਲ ਟੱਕਰ ਲੈਣ ਤੇ ਬੌਲੀਵੁੱਡ ਦੇ ਲੋਕਾਂ ਵੱਲੋਂ ਦਬਾਅ ਪਾਏ ਜਾਣ ‘ਤੇ ਮਾਲਕ ਨੇ ਨੌਕਰੀ ਤੋਂ ਜਵਾਬ ਦੇ ਦਿੱਤਾ ਸੀ, ਜਦਕਿ ਉਕਤ ਲੋਕਾਂ ਨੇ ਪੰਜਾਬ ਵਿੱਚ ਵੀ ਕੁਝ ਥਾਵਾਂ ਤੋਂ ਨੌਕਰੀ ਛੁਡਵਾ ਦਿੱਤੀ। ਇਸ ਤੋਂ ਬਾਅਦ ਰਾਏਕੋਟ ਵਿਖੇ ਕਿਰਾਏ ਦੇ ਘਰ ਵਿਚ ਆਪਣੀ ਪਰਿਵਾਰ ਨਾਲ ਰਹਿ ਰਹੇ ਗ਼ਰੀਬ ਦਲਿਤ ਮਜ਼ਦੂਰ ਪਰਿਵਾਰ ਨਾਲ ਸਬੰਧਿਤ ਇਸ ਨੌਜਵਾਨ ਨੇ ਹੌਸਲਾ ਨਾ ਹਾਰਦਿਆਂ ਰਾਏਕੋਟ ਦੇ ਈਦਗਾਹ ਰੋਡ ਉੱਪਰ ਜੂਸ ਦੀ ਰੇਹੜੀ ਲਗਾ ਕੇ ਆਪਣੀ ਜੀਵਨ ਨਿਰਵਾਹ ਕਰਨਾ ਸ਼ੁਰੂ ਕਰ ਦਿੱਤਾ ਹੈ।