ਲੁਧਿਆਣਾ: ਨਾਗਰਿਕਤਾ ਕਾਨੂੰਨ ਦੇ ਖ਼ਿਲਾਫ਼ ਦਿੱਲੀ ਦੇ ਸ਼ਾਹੀਨ ਬਾਗ ਦੀ ਤਰਜ 'ਤੇ ਲੁਧਿਆਣਾ ਦੀ ਦਾਣਾ ਮੰਡੀ ਵਿੱਚ ਜਾਮਾ ਮਸਜਿਦ ਦੀ ਅਗਵਾਈ 'ਚ ਲਾਇਆ ਗਿਆ ਧਰਨਾ ਦੂਜੇ ਦਿਨ ਵੀ ਜਾਰੀ ਰਿਹਾ। ਇਸ ਧਰਨੇ ਵਿੱਚ ਪ੍ਰਦਰਸ਼ਕਾਰੀਆਂ ਦੀ ਤਾਦਾਦ ਵਿੱਚ ਇਜ਼ਾਫ਼ਾ ਹੋ ਰਿਹਾ ਹੈ ਅਤੇ ਮਹਿਲਾਵਾਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ। ਮਹਿਲਾਵਾਂ ਨੇ ਕਿਹਾ ਕਿ ਜਦੋਂ ਤੱਕ ਜਾਨ ਹੈ ਉਹ ਇਸੇ ਤਰ੍ਹਾਂ ਧਰਨੇ 'ਤੇ ਡਟੀਆਂ ਰਹਿਣਗੀਆਂ।
ਧਰਨੇ 'ਤੇ ਬੈਠੀਆਂ ਮਹਿਲਾਵਾਂ ਨੇ ਕਿਹਾ ਕਿ ਦਿੱਲੀ ਦੇ ਸ਼ਾਹੀਨ ਬਾਗ ਦੀ ਤਰਜ਼ 'ਤੇ ਉਨ੍ਹਾਂ ਵੱਲੋਂ ਇਹ ਪੱਕਾ ਧਰਨਾ ਲਾਇਆ ਗਿਆ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਧਰਮ ਦੇ ਨਾਂਅ 'ਤੇ ਦੇਸ਼ ਨੂੰ ਵੰਡਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਮੁਸਲਿਮ ਭਾਈਚਾਰੇ ਨੂੰ ਨਾਗਰਿਕਤਾ ਸੋਧ ਕਾਨੂੰਨ ਤੋਂ ਬਾਹਰ ਰੱਖਿਆ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਦੇ ਖ਼ਿਲਾਫ਼ ਉਹ ਉਦੋਂ ਤੱਕ ਡਟੇ ਰਹਿਣਗੇ ਜਦੋਂ ਤੱਕ ਸਰਕਾਰ ਕਾਨੂੰਨ ਨਹੀਂ ਬਦਲਦੀ।
ਉਧਰ ਲੁਧਿਆਣਾ ਜਾਮਾ ਮਸਜਿਦ ਦੇ ਨਾਇਬ ਸ਼ਾਹੀ ਇਮਾਮ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਜੋ ਧਰਮ ਦੇ ਨਾਂਅ 'ਤੇ ਨਾਗਰਿਕਤਾ ਸੋਧ ਕਾਨੂੰਨ ਬਣਾਇਆ ਹੈ, ਉਸ ਦੇ ਤਹਿਤ ਲੋਕਾਂ ਨੂੰ ਵੰਡਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸਾਰੇ ਧਰਮਾਂ ਦੇ ਲੋਕ ਉਨ੍ਹਾਂ ਨੂੰ ਸਮਰਥਨ ਦੇ ਰਹੇ ਹਨ ਅਤੇ ਦਿੱਲੀ ਦੇ ਸ਼ਾਹੀਨ ਬਾਗ ਦੀ ਤਰਜ਼ 'ਤੇ ਉਨ੍ਹਾਂ ਵੱਲੋਂ ਇਹ ਧਰਨੇ ਸ਼ੁਰੂ ਕੀਤੇ ਗਏ ਹਨ।