ਲੁਧਿਆਣਾ: ਪੰਜਾਬ ਫ਼ਿਲਮਾਂ ਦੇ ਉੱਘੇ ਅਦਾਕਾਰ ਸਤੀਸ਼ ਕੌਲ ਇਸ ਫ਼ਾਨੀ ਦੁਨੀਆਂ ਨੂੰ ਅਲਵਿੱਦਾ ਆਖ ਗਏ। ਗੌਰਤਲੱਬ ਹੈ ਕਿ ਕੁਝ ਦਿਨ ਪਹਿਲਾਂ ਉਨ੍ਹਾਂ ਦੀ ਕੋਰੋਨਾ ਰਿਪੋਰਟ ਪੌਜ਼ੀਟਿਵ ਆਈ ਸੀ। ਸਤੀਸ਼ ਕੌਲ ਨੇ ਕਈ ਪੰਜਾਬੀ ਫਿਲਮਾਂ ’ਚ ਕੰਮ ਕੀਤਾ ਸੀ, ਪਰ ਕਾਫ਼ੀ ਸਾਲਾਂ ਤੋਂ ਉਹ ਗੁਮਨਾਮੀ ਦਾ ਜੀਵਨ ਬਸਰ ਕਰ ਰਹੇ ਸਨ। ਕੌਲ ਬਾਲੀਵੁੱਡ ਅਦਾਕਾਰ ਅਮਿਤਾਬ ਬੱਚਨ ਨਾਲ ਵੀ ਕੰਮ ਕਰ ਚੁੱਕੇ ਹਨ। ਸਤੀਸ਼ ਕੌਲ ਮਹਾਂਭਾਰਤ ਦੀ ਲੋਕਪ੍ਰਿਅਤਾ ਤੋਂ ਬਾਅਦ ਸੁਰਖੀਆਂ ’ਚ ਆਏ ਸਨ, ਮਹਾਂਭਾਰਤ ਸੀਰੀਅਲ ’ਚ ਉਨ੍ਹਾਂ ਨੇ ਇੰਦਰ ਦੇਵ ਦਾ ਰੋਲ ਨਿਭਾਇਆ ਸੀ। ਸਤੀਸ਼ ਕੌਲ 74 ਸਾਲਾਂ ਦੇ ਸੀ ਅਤੇ ਉਹ ਕਰੀਬ 300 ਪੰਜਾਬੀ ਅਤੇ ਹਿੰਦੀ ਫਿਲਮਾਂ ਵਿੱਚ ਕੰਮ ਕਰਨ ਤੋਂ ਇਲਾਵਾ ਉਨ੍ਹਾਂ ਕਈ ਟੀਵੀ ਪ੍ਰੋਗਰਾਮਾਂ ਵਿੱਚ ਵੀ ਕੰਮ ਕੀਤਾ ਸੀ।
ਉਨ੍ਹਾਂ ਦੀ ਭੈਣ ਸੱਤਿਆ ਦੇਵੀ ਨੇ ਦੱਸਿਆ ਕਿ, 'ਉਨ੍ਹਾ ਨੂੰ ਪਿਛਲੇ ਪੰਜ-ਛੇ ਦਿਨਾਂ ਤੋਂ ਲਗਾਤਾਰ ਬੁਖ਼ਾਰ ਸੀ, ਜੋ ਠੀਕ ਨਹੀਂ ਸੀ ਹੋ ਰਿਹਾ। ਉਨ੍ਹਾਂ ਦੀ ਨਾਸਾਜ਼ ਹਾਲਤ ਨੂੰ ਵੇਖਦਿਆਂ ਉਨ੍ਹਾਂ ਨੂੰ ਸ਼੍ਰੀ ਰਾਮ ਚੈਰੀਟੇਬਲ ਹਸਪਤਾਲ ਲੁਧਿਆਣਾ ਵਿਖੇ ਦਾਖ਼ਲ ਕਰਵਾਇਆ ਗਿਆ, ਜਿੱਥੇ ਜਾਂਚ ਦੌਰਾਨ ਉਨ੍ਹਾਂ ਦੀ ਕੋਰੋਨਾ ਰਿਪੋਰਟ ਪੌਜ਼ੀਟਿਵ ਆਈ। ਉਨ੍ਹਾਂ ਜਾਣਕਾਰੀ ਦਿੰਦਿਆ ਦੱਸਿਆ ਕਿ ਐਤਵਾਰ ਨੂੰ ਸਤੀਸ਼ ਕੌਲ ਦਾ ਅੰਤਿਮ ਸਸਕਾਰ ਕੀਤਾ ਜਾਵੇਗਾ।