ਲੁਧਿਆਣਾ 'ਚ 6 ਸਾਲ ਬਾਅਦ ਲੱਗੇਗਾ ਸਾਰਸ ਮੇਲਾ, ਜਾਣੋ ਕੀ ਕੁਝ ਰਹੇਗਾ ਖਾਸ ਲੁਧਿਆਣਾ:ਇਕ ਵਾਰ ਫਿਰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮੇਲਾ ਗਰਾਉਂਡ ਵਿੱਚ ਸਾਰਸ ਮੇਲਾ ਲੱਗਣ ਜਾ ਰਿਹਾ ਹੈ। 27 ਅਕਤੂਬਰ ਤੋਂ ਲੈ ਕੇ 5 ਨਵੰਬਰ ਤੱਕ ਇਹ ਮੇਲਾ ਸਵੇਰੇ 10 ਵਜੇ ਤੋਂ ਲੈ ਕੇ ਰਾਤ 10 ਵਜੇ ਤੱਕ ਚੱਲੇਗਾ। ਇਸ ਮੇਲੇ ਦੇ ਵਿੱਚ ਰਣਜੀਤ ਬਾਵਾ, ਸੁਖਵਿੰਦਰ ਸੁੱਖੀ ਸਣੇ ਕਈ ਨਾਮੀ ਗਾਇਕ (Saras Mela 2023) ਵੀ ਪਰਫਾਰਮੈਂਸ ਦੇਣਗੇ। ਮੇਲੇ ਦੀ ਥੀਮ 'ਅਜੀਵਿਕਾ' ਉੱਤੇ ਆਧਾਰਿਤ ਹੋਵੇਗੀ।
ਸਾਰਸ ਮੇਲੇ ਦੀ ਐਂਟਰੀ ਫੀਸ: ਇਸ ਮੇਲੇ ਵਿੱਚ ਪ੍ਰਸ਼ਾਸਨ ਵੱਲੋਂ ਐਂਟਰੀ ਦੀ ਫੀਸ 10 ਰੁਪਏ ਰੱਖੀ ਗਈ ਹੈ, ਜਦਕਿ ਗਾਇਕ ਨੂੰ ਸੁਣਨ ਲਈ 100 ਰੁਪਏ ਫੀਸ ਰੱਖੀ ਗਈ ਹੈ। ਇਸ ਤੋਂ ਇਲਾਵਾ ਪਾਰਕਿੰਗ ਦੇ ਲਈ 10 ਰੁਪਏ ਮੋਟਸਾਈਕਲਾਂ ਅਤੇ 25 ਰੁਪਏ ਕਾਰ ਦੀ ਪਾਰਕਿੰਗ ਨਿਰਧਾਰਿਤ ਕੀਤੀ ਗਈ ਹੈ। ਲੁਧਿਆਣਾ ਦੇ ਬਚਤ ਭਵਨ ਵਿਖੇ ਅੱਜ ਏਡੀਸੀ ਲੁਧਿਆਣਾ ਵੱਲੋਂ ਇਸ ਸਬੰਧੀ ਪ੍ਰੈਸ ਕਾਨਫਰੰਸ ਕਰਕੇ ਮੀਡੀਆ ਨਾਲ ਜਾਣਕਾਰੀ ਸਾਂਝੀ ਕੀਤੀ ਗਈ ਹੈ ਅਤੇ ਮੇਲੇ ਵਿੱਚ ਵੱਧ ਤੋਂ ਵੱਧ ਲੁਧਿਆਣਾ ਵਾਸੀਆਂ ਨੂੰ ਪੁੱਜਣ ਦੀ ਅਪੀਲ ਕੀਤੀ ਗਈ ਹੈ।
ਵੱਖ-ਵੱਖ ਤਰ੍ਹਾਂ ਦੇ ਸਟਾਲ ਲੱਗਣਗੇ: ਏਡੀਸੀ ਰੁਪਿੰਦਰ ਪਾਲ ਸਿੰਘ ਨੇ ਦੱਸਿਆ ਹੈ ਕਿ ਸੁਰੱਖਿਆ ਨੂੰ ਲੈ ਕੇ ਵੀ ਪੂਰੇ ਬੰਦੋਬਸਤ ਕੀਤੇ ਗਏ ਹਨ। ਇਸ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸਟਾਲ ਵੀ ਲੱਗਣਗੇ 10 ਸੂਬਿਆਂ ਦੇ ਵੱਖ-ਵੱਖ ਵਿਅੰਜਨ ਵੀ ਇਸ ਮੇਲੇ ਦੇ ਵਿੱਚ ਪਰੋਸੇ ਜਾਣਗੇ। ਮੇਲੇ ਵਿੱਚ ਪਿੰਡਾਂ ਤੋਂ ਕਾਰੀਗਰ ਆ ਕੇ ਸਮਾਨ ਦੀ ਪ੍ਰਦਰਸ਼ਨੀ ਲਾਉਣਗੇ। ਉਨ੍ਹਾਂ ਤੋਂ ਇਲਾਵਾ ਕਮਰਸ਼ੀਆਲ ਸਟਾਲ ਵੀ ਲਗਾਏ ਜਾਣਗੇ। ਏਡੀਸੀ ਨੇ ਦੱਸਿਆ ਕਿ ਮੇਲੇ ਦੀ ਸੁਰੱਖਿਆ ਦੇ ਲਈ ਵੀ ਨਿੱਜੀ ਸੁਰਖਿਆ ਮੁਲਾਜ਼ਮਾਂ ਦੇ ਨਾਲ ਲੁਧਿਆਣਾ ਪੁਲਿਸ ਦੀ ਮਦਦ ਵੀ ਲਈ ਜਾਵੇਗੀ। ਉਨ੍ਹਾਂ ਦੱਸਿਆ ਕਿ ਇਹ ਮੇਲਾ ਲੋਕਾਂ ਦੇ ਮਨੋਰੰਜਨ ਲਈ ਲਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਮੇਲੇ ਵਿੱਚ ਲੋਕਾਂ ਦੀ ਸਹੂਲਤ ਦਾ ਧਿਆਨ ਰੱਖਿਆ ਜਾਵੇਗਾ।
ਪਲਾਸਟਿਕ ਮੁਕਤ ਹੋਵੇਗਾ ਮੇਲਾ:ਏਡੀਸੀ ਰੁਪਿੰਦਰ ਨੇ ਦੱਸਿਆ ਕਿ ਲੁਧਿਆਣਾ ਵਿੱਚ ਮੇਲਾ ਕਾਫੀ ਸਾਲ ਬਾਅਦ ਲੱਗ ਰਿਹਾ ਹੈ। ਉਨ੍ਹਾਂ ਕਿਹਾ ਕਿ ਮੇਲੇ ਨੂੰ ਪੂਰੀ ਤਰ੍ਹਾਂ ਪਲਾਸਟਿਕ ਮੁਕਤ ਰੱਖਿਆ ਜਾਵੇਗਾ। ਇਸ ਤੋਂ ਇਲਾਵਾ ਮੇਲੇ ਵਿੱਚ ਪ੍ਰਦੂਸ਼ਣ ਮੁਕਤ ਥੈਲੇ ਹੀ ਇਸਤੇਮਾਲ ਕੀਤੇ ਜਾਣਗੇ। ਉਨ੍ਹਾ ਲੋਕਾਂ ਨੂੰ ਇਸ ਮੇਲੇ ਵਿੱਚ ਵੱਧ ਤੋਂ ਵੱਧ ਪੁੱਜਣ ਦੀ ਅਪੀਲ ਕੀਤੀ ਹੈ।